ਕਾਂਗਰਸ ਹਾਈ ਕਮਾਂਡ ਦੀ ਟਿੱਪਣੀ ਤੋਂ ਬਾਅਦ ਮਾਲਵਿੰਦਰ ਮਾਲੀ ਦੇ ਅਸਤੀਫ਼ੇ ਨੇ ਛੇੜੀ ਨਵੀਂ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਪੰਜਾਬ ਕਾਂਗਰਸ ਵਿੱਚ ਸੀਨੀਅਰ ਆਗੂਆਂ ਦੇ ਆਪਸੀ ਮਤਭੇਦਾਂ ਅਤੇ ਵਿਚਾਰਾਂ ਨੂੰ ਲੈ ਕੇ ਪੈਦਾ ਹੋਇਆ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਹਾਈ ਕਮਾਂਡ ਅਤੇ ਸੀਨੀਅਰ ਲੀਡਰਸ਼ਿਪ ਦੀਆਂ ਟਿੱਪਣੀ ਤੋਂ ਬਾਅਦ ਅੱਜ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਅਸਤੀਫ਼ੇ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਮਾਲੀ ਮੁਹਾਲੀ ਦੇ ਸੈਕਟਰ-91 ਵਿੱਚ ਰਹਿੰਦੇ ਹਨ।
ਮਾਲਵਿੰਦਰ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਜਾਣਕਾਰੀ ਆਪਣੇ ਸ਼ੋਸਲ ਮੀਡੀਆ ’ਤੇ ਬਣੇ ਅਕਾਊਂਟ ਵਿੱਚ ਅਪਲੋਡ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਮੈਂ ਨਵਜੋਤ ਸਿੰਘ ਸਿੱਧੂ ਨੂੰ ਸਲਾਹਕਾਰ ਬਣਨ ਲਈ ਦਿੱਤੀ ਸਹਿਮਤੀ ਵਾਪਸ ਲੈਦਾ ਹਾਂ’। ਇੱਥੇ ਇਹ ਦੱਸਣਯੋਗ ਪਿਛਲੇ ਦਿਨੀਂ ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖ਼ਾਸਤ ਕਰਨ ਲਈ ਕਿਹਾ ਸੀ ਅਤੇ ਅੱਜ ਅਚਾਨਕ ਮਾਲੀ ਨੇ ਖ਼ੁਦ ਹੀ ਅਸਤੀਫ਼ਾ ਦੇਣ ਦਿੱਤਾ। ਹਾਲਾਂਕਿ ਇਸ ਸਬੰਧੀ ਮਾਲਵਿੰਦਰ ਮਾਲੀ ਨੇ ਅਜੇ ਤਾਈਂ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਪ੍ਰੰਤੂ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਉਂਟ ’ਤੇ ਫੋਟੋ ਸਮੇਤ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਹਾਈ ਕਮਾਂਡ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜਾਂ ਲਈ ਪੰਜਾਬ ਤਾਂ ਸੋਨੇ ਦੀ ਖਾਣ ਬਣਿਆ ਹੋਇਆ ਹੈ ਅਤੇ ਇਹ ਅਕਸਰ ਬੱਚੇ ਖਾਣੀ ਸੱਪਣੀ ਵਰਗਾ ਰੋਲ ਨਿਭਾਉਂਦੀਆਂ ਆ ਰਹੀਆਂ ਹਨ। ਪੰਜਾਬ ਅੰਦਰ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀਂ ਰਹੀ, ਜਿਹੜੇ ਦਿੱਲੀ ਦੇ ਪੰਜਾਬ ਵਿਰੋਧੀ ਕੁਹਾੜੇ ਦਾ ਦਸਤਾ ਬਣਨ ਲਈ ਇਕ ਦੂਜੇ ਤੋਂ ਮੋਹਰੀ ਹੋਣ ਦੀ ਕਾਹਲ ਵਿੱਚ ਰਹੇ ਹਨ ਪਰ ਪੰਜਾਬ ਆਪਣੇ ਸੱਚੇ ਸਪੂਤ ਦੀ ਭਾਲ ਵਿੱਚ ਅੱਜ ਵੀ ਦੁੱਭਧਾ ਅਤੇ ਭਟਕਣ ਦਾ ਸ਼ਿਕਾਰ ਹੈ। ਆਮ ਆਦਮੀ ਪਾਰਟੀ ਦਾ ਤਜਰਬਾ ਤਾਂ ਤੁਹਾਡੇ ਸਾਹਮਣੇ ਹੀ ਹੈ ਅਤੇ ਕਾਂਗਰਸ ਬਾਰੇ ਅਜਿਹੇ ਦਿਲ ਰੌਂਗਟੇ ਖੜੇ ਕਰਨ ਵਾਲੇ ਤੱਥ ਜੱਗ ਜ਼ਾਹਰ ਹਨ ਅਤੇ ਕਈਆਂ ਦਾ ਮੈਂ ਸੁਲਤਾਨੀ ਗਵਾਹ ਹਾਂ, ਜੋ ਆਉਣ ਵਾਲੇ ਦਿਨਾਂ ਵਿੱਚ ਮੈਂ ਨਸ਼ਰ ਕਰਦਾ ਰਹਾਂਗਾ
ਇਸ ਦੇ ਨਾਲ ਹੀ ਮਾਲਵਿੰਦਰ ਮਾਲੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ’ਤੇ ਦੋਸ਼ ਲਾਇਆ ਹੈ। ਮਾਲੀ ਨੇ ਅੱਜ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ ਲੰਮੇ ਸਮੇਂ ਤੋਂ ਪੰਜਾਬ ਧਾਰਮਿਕ ਘੱਟ ਗਿਣਤੀਆਂ, ਦੱਬੇ-ਕੁੱਚਲੇ ਲੋਕਾਂ, ਮਨੁੱਖੀ ਹੱਕਾਂ, ਜਮਹੂਰੀਅਤ ਤੇ ਸੰਘੀ ਢਾਂਚੇ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਿਆਸਤ ਬੌਧਿਕ ਕੰਗਾਲੀ ਦੀ ਸ਼ਿਕਾਰ ਹੈ ਜਿਹੜੀ ਸਥਾਪਤੀ ਦੇ ਵਿਰੁੱਧ ਪੰਜਾਬ ਦੇ ਭਲੇ ਲਈ ਕਿਸੇ ਵੀ ਵੱਡੀ ਤੇ ਪ੍ਰਭਾਵਸ਼ਾਲੀ ਤਬਦੀਲੀ ਨੂੰ ਬਰਦਾਸ਼ਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਉਹ ਲੋਟੂ ਤੇ ਸੌੜੇ ਸਵਾਰਥਾਂ ਵਾਲੀ ਸਿਆਸਤ ਦੇ ਵਿਰੁੱਧ ਹਮਖ਼ਿਆਲੀ ਸਾਥੀਆਂ ਤੇ ਤਾਕਤਾਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖੇਗਾ। ਫੇਸਬੁੱਕ ’ਤੇ ਪਾਈ ਪੋਸਟ ਪੜ੍ਹਨ ਲਈ ਦਿੱਤੇ ਲਿੰਕ ’ਤੇ ਕਲਿੱਕ ਕਰੋ…
ਮਾਲੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਉਸ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ, ਵਿਜੈ ਇੰਦਰ ਸਿੰਗਲਾ, ਮੁਨੀਸ਼ ਤਿਵਾੜੀ, ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ, ਭਾਜਪਾ ਸਕੱਤਰ ਸੁਭਾਸ਼ ਸ਼ਰਮਾ, ‘ਆਪ’ ਆਗੂ ਜਰਨੈਲ ਸਿੰਘ ਤੇ ਰਾਘਵ ਚੱਢਾ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…