ਲੋਕਾਂ ਦੇ ਵਿਰੋਧ ਦੇ ਬਾਵਜੂਦ ਵਿਵਾਦਿਤ ਕਬਰਿਸਤਾਨ ਜ਼ਮੀਨ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ

ਮੁਹਾਲੀ ਪ੍ਰਸ਼ਾਸਨ ਅਤੇ ਪੁਲੀਸ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਗੱਲੀਂ-ਬਾਤੀਂ ਸਮਝਾ ਕੇ ਕੀਤਾ ਸ਼ਾਂਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਇੱਥੋਂ ਦੇ ਫੇਜ਼-9 ਦੇ ਕਵਾਟਰਾਂ ਵਿਚਾਲੇ ਵਿਵਾਦਿਤ ਕਬਰਿਸਤਾਨ ਵਾਲੀ ਜ਼ਮੀਨ ਦੀ ਚਾਰਦੀਵਾਰੀ ਦੀ ਉਸਾਰੀ ਨੂੰ ਲੈ ਕੇ ਸਥਿਤੀ ਤਣਾਅ ਪੂਰਨ ਹੋ ਗਈੇ ਮੁਸਲਿਮ ਭਾਈਚਾਰੇ ਵੱਲੋਂ ਅੱਜ ਜਿਵੇਂ ਹੀ ਕੰਧ ਦੀ ਉਸਾਰੀ ਸ਼ੁਰੂ ਕੀਤੀ ਉੱਥੇ ਸਥਾਨਕ ਵਸਨੀਕ ਪਹੁੰਚ ਗਏ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਇੱਕ ਵਾਰ ਸਥਿਤੀ ਤਣਾਓਪੂਰਨ ਹੋ ਗਈ ਪ੍ਰੰਤੂ ਮੁਹਾਲੀ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਨੇ ਨਿੱਜੀ ਦਖ਼ਲ ਦੇ ਕੇ ਲੋਕਾਂ ਨੂੰ ਗੱਲੀਬਾਤੀਂ ਸਮਝਾ ਕੇ ਮਾਮਲਾ ਸ਼ਾਂਤ ਕੀਤਾ ਅਤੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇੱਥੇ ਮੁਰਦਾ ਦਫ਼ਨਾਉਣ ਨੂੰ ਲੈ ਕੇ ਅਕਸਰ ਝਗੜੇ ਹੁੰਦੇ ਰਹੇ ਹਨ।
ਮੁਸਲਿਮ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਵਕਫ਼ ਬੋਰਡ ਦੇ ਮੈਂਬਰ ਸਿਤਾਰ ਮੁਹੰਮਦ ਲਿਬੜਾ ਨੇ ਕਿਹਾ ਕਿ ਵਕਫ਼ ਬੋਰਡ ਦੀ ਇਹ ਜ਼ਮੀਨ ਕੁੰਭੜਾ ਦੇ ਮੁਸਲਿਮ ਭਾਈਚਾਰੇ ਦੇ ਕਬਰਸਤਾਨ ਲਈ ਰਾਖਵੀਂ ਹੈ। ਪਹਿਲਾਂ ਵੀ ਇੱਥੇ ਚਾਰਦੀਵਾਰੀ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਪ੍ਰੰਤੂ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਮਾਹੌਲ ਤਣਾਓ ਪੂਰਨ ਹੋ ਗਿਆ ਸੀ। ਜਿਸ ਕਰਕੇ ਕੰਮ ਬੰਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਏਡੀਸੀ ਨੂੰ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਚਾਰਦੀਵਾਰੀ ਕਰਨ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਅੱਜ ਪ੍ਰਸ਼ਾਸਨ ਦੀ ਤਰਫ਼ੋਂ ਤਹਿਸੀਲਦਾਰ ਰਵਿੰਦਰ ਬਾਂਸਲ ਅਤੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਅਤੇ ਪੁਲੀਸ ਦੀ ਹਾਜ਼ਰੀ ਵਿੱਚ ਇਹ ਕੰਮ ਸ਼ੁਰੂ ਕਰਵਾਇਆ ਗਿਆ।

ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬਨੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਕਬਰਸਿਤਾਨ ਦੀ ਇਹ ਜ਼ਮੀਨ ਵਕਫ ਬੋਰਡ ਦੇ ਅਧੀਨ ਸੀ। ਜਿਸ ‘ਤੇ ਚਾਰਦੀਵਾਰੀ ਬਣਾਉਣ ਦਾ ਵਿਰੋਧ ਕਰ ਰਹੇ ਸਥਾਨਕ ਲੋਕਾਂ ਨੂੰ ਸਮਝਾ ਕੇ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਜ਼ਮੀਨ ‘ਤੇ ਲਾਇਬ੍ਰੇਰੀ ਜਾਂ ਡਿਸਪੈਂਸਰੀ ਬਣਾਈ ਜਾਵੇਗੀ ਕਿਉਂਕਿ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਲਈ ਬਲੌਂਗੀ ਨੇੜੇ ਜ਼ਮੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸਾਰੀ ਤੋਂ ਬਾਅਦ ਸਫ਼ਾਈ ਕਰਵਾ ਕੇ ਇੱਥੇ 100 ਤੋਂ ਵੱਧ ਫੁੱਲ ਬੂਟੇ ਲਗਾਏ ਜਾਣਗੇ।
ਇਸ ਮੌਕੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸੰਜੂ, ਮੁਹੰਮਦ ਸਦੀਕ, ਅਮਰ ਮੁਸਤਫ਼ਾ ਪ੍ਰਧਾਨ ਮੁਸਲਿਮ ਮਹਾਂਸਭਾ ਮੁਹਾਲੀ, ਦਿਲਬਰ ਖਾਨ ਮਟੌਰ, ਸੁਦਾਗਰ ਖਾਨ, ਸ਼ੇਰ ਅਲੀ ਮੁਹੰਮਦ ਗੋਬਿੰਦਗੜ੍ਹ, ਅਸਲਮ ਖਾਨ, ਬਹਾਦਰ ਖਾਨ, ਵਕੀਲ ਅਬਦੁਲ ਅਜੀਜ, ਸਿਕੰਦਰ ਖਾਨ, ਚੰਨੀ ਮਟੌਰ, ਪਿੰਡ ਕੁੰਭੜਾ, ਸੈਕਟਰ-68 ਅਤੇ ਫੇਜ਼-9 ਦੇ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…