ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਮੁਹਾਲੀ ਤੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ

ਆਪ ਸਮੇਤ ਕਈ ਹੋਰਨਾਂ ਨਾਲ ਹਮਖ਼ਿਆਲੀ ਪਾਰਟੀਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ

ਆਜ਼ਾਦ ਗਰੁੱਪ ਦੇ ਮੈਂਬਰਾਂ ਤੇ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੂੰ ਸਰਗਰਮੀਆਂ ਤੇਜ਼ ਕਰਨ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਆਜ਼ਾਦ ਗਰੁੱਪ ਦੇ ਸੰਸਥਾਪਕ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਾਰੀਆਂ ਕਿਆਸਰਾਈਆਂ ਨੂੰ ਵਿਰਾਮ ਦਿੰਦੇ ਹੋਏ ਮੁਹਾਲੀ ਤੋਂ ਵਿਧਾਨ ਸਭਾ ਦੀ ਚੋਣ ਲੜਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੋਂ ਦੇ ਸੈਕਟਰ-79 ਸਥਿਤ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ ਵਿੱਚ ਆਪਣੇ ਸਮਰਥਕਾਂ, ਆਜ਼ਾਦ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਆਜ਼ਾਦ ਗਰੁੱਪ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ।
ਸਾਬਕਾ ਮੇਅਰ ਨੇ ਕਿਹਾ ਕਿ ਮੁਹਾਲੀ ਵਿੱਚ ਗੈਰ ਸਿਆਸੀ ਆਜ਼ਾਦ ਗਰੁੱਪ ਇਕ ਸ਼ਕਤੀਸ਼ਾਲੀ ਸੰਸਥਾ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਆਪੋ-ਆਪਣੇ ਵਾਰਡਾਂ ਵਿੱਚ ਹੁਣੇ ਤੋਂ ਚੋਣਾਂ ਦੀ ਤਿਆਰੀ ਲਈ ਡਟ ਜਾਣਾ ਚਾਹੀਦਾ ਹੈ ਅਤੇ ਬੂਥ ਪੱਧਰੀ ਕਮੇਟੀਆਂ ਦਾ ਗਠਨ ਕਰਕੇ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਣ ਲਈ ਡਿਊਟੀਆਂ ਲਾਈਆਂ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਮੁਹਾਲੀ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿੱਚ ਆਜ਼ਾਦ ਗਰੁੱਪ ਅਤੇ ਹੋਰ ਹਮਖ਼ਿਆਲੀ ਆਜ਼ਾਦ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਬਹੁ ਗਿਣਤੀ ਉਮੀਦਵਾਰ ਬਹੁਤ ਹੀ ਘੱਟ ਵੋਟਾਂ ਦੇ ਫਰਕ ਨਾਲ ਚੋਣ ਹਾਰੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਜ਼ਾਦ ਗਰੁੱਪ ਅਤੇ ਆਜ਼ਾਦ ਉਮੀਦਵਾਰਾਂ ਅਤੇ ਕਾਂਗਰਸ ਨੂੰ ਪਈਆਂ ਵੋਟਾਂ ’ਤੇ ਝਾਤ ਮਾਰ ਕੇ ਦੇਖੀ ਜਾਵੇ ਤਾਂ ਬਹੁਤ ਥੋੜਾ ਅੰਤਰ ਹੈ। ਚੋਣਾਂ ਸਬੰਧੀ ਆਮ ਆਦਮੀ ਪਾਰਟੀ ਸਮੇਤ ਹੋਰ ਹਮਖ਼ਿਆਲੀ ਪਾਰਟੀਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਅਤੇ ਮੁਹਾਲੀ ਦੀ ਤਰੱਕੀ ਅਤੇ ਸਰਬਪੱਖੀ ਨੂੰ ਲੈ ਕੇ ਹੀ ਸਿਆਸੀ ਪਾਰਟੀ ਬਾਰੇ ਕੋਈ ਅੰਤਿਮ ਫੈਸਲਾ ਲਿਆ ਜਾਵੇਗਾ ਪਰ ਇੱਥੋਂ ਹਰ ਹਾਲ ਵਿੱਚ ਚੋਣ ਲੜਨਾ ਤੈਅ ਹੈ।
ਸਾਬਕਾ ਮੇਅਰ ਨੇ ਕਿਹਾ ਕਿ ਕਾਂਗਰਸ ਦੀ ਆਪਸੀ ਲੜਾਈ ਅਤੇ ਮੰਤਰੀਆਂ ’ਤੇ ਪੰਚਾਇਤੀ ਜ਼ਮੀਨਾਂ ਹੜੱਪਣ ਦੇ ਲੱਗ ਰਹੇ ਦੋਸ਼ਾਂ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਨਸਾਫ਼ ਲੈਣ ਲਈ ਲੋਕਾਂ ਨੂੰ ਅਦਾਲਤਾਂ ਦੇ ਬੂਹੇ ਖੜਕਾਉਣੇ ਪੈ ਰਹੇ ਹਨ। ਮੀਟਿੰਗ ਵਿੱਚ ਮਤਾ ਪਾਸ ਕਰਕੇ ਮੁਹਾਲੀ ਨੇੜਲੇ ਪਿੰਡ ਨਗਾਰੀਂ, ਗੀਗੇਮਾਜਰਾ, ਗੁਡਾਣਾ, ਢੇਲਪੁਰ, ਗੋਬਿੰਦਗੜ੍ਹ ਤੇ ਗਿੱਦੜਪੁਰ ਦੇ ਕਿਸਾਨਾਂ ਵੱਲੋਂ ਘੱਟ ਮੁਆਵਜ਼ੇ ਖ਼ਿਲਾਫ਼ ਲੜੇ ਜਾ ਰਹੇ ਸੰਘਰਸ਼ਸ਼ੀਲ ਲੋਕਾਂ ਅਤੇ ਕਿਸਾਨੀ ਸੰਘਰਸ਼ ਦੀ ਡਟਕੇ ਹਮਾਇਤ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਸਮਾਣਾ, ਰਮਨਪ੍ਰੀਤ ਕੌਰ ਕੁੰਭੜਾ, ਗੁਰਮੀਤ ਕੌਰ ਸੈਣੀ, ਰਾਜਵੀਰ ਕੌਰ ਗਿੱਲ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਫੂਲਰਾਜ ਸਿੰਘ, ਸੁਖਵਿੰਦਰ ਸਿੰਘ ਬਰਨਾਲਾ, ਆਰਪੀ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ, ਰਜਨੀ ਗੋਇਲ, ਕਰਮਜੀਤ ਕੌਰ, ਜਸਵੀਰ ਕੌਰ ਅੱਤਲੀ, ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਬਲਰਾਜ ਸਿੰਘ ਗਿੱਲ, ਅਕਵਿੰਦਰ ਸਿੰਘ ਗੋਸਲ, ਰਾਜੀਵ ਵਸ਼ਿਸ਼ਟ, ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ, ਜਸਪਾਲ ਸਿੰਘ ਬਿੱਲਾ ਮਟੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…