ਟੈਂਕੀਆਂ ਉੱਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਦੀ ‘ਆਪ’ ਵਿਧਾਇਕਾਂ ਨੇ ਲਈ ਸਾਰ

ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਾ ਪਰਗਟ ਸਿੰਘ ਲਾਪਤਾ ਹੋਏ: ਪ੍ਰਿੰਸੀਪਲ ਬੁੱਧ ਰਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ ਅਤੇ ਬਲਜਿੰਦਰ ਕੌਰ ਨੇ ਅੱਜ ਇੱਥੋਂ ਦੇ ਸੈਕਟਰ-77 (ਸੋਹਾਣਾ) ਅਤੇ ਪਿੰਡ ਦੇਸੂਮਾਜਰਾ ਵਿਖੇ ਪਾਣੀ ਦੀਆਂ ਬੇਆਬਾਦ ਟੈਂਕੀਆਂ ਉੱਤੇ ਚੜ੍ਹੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਅਤੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਮੁਹਾਲੀ ਵਿੱਚ ਬੇਰੁਜ਼ਗਾਰ ਮਹਿਲਾ ਅਧਿਆਪਕਾ ਸਿੱਪੀ ਸ਼ਰਮਾ ਮਾਨਸਾ, ਇਕਬਾਲ ਸਿੰਘ ਮਾਨਸਾ ਅਤੇ ਰਜਿੰਦਰ ਸਿੰਘ ਮਘਾਣੀਆਂ ਪਾਣੀ ਦੀ ਟੈਂਕੀ ’ਤੇ ਚੜੇ ਹੋਏ ਹਨ ਜਦੋਂਕਿ ਬਾਕੀ ਸਾਥੀ ਟੈਂਕੀ ਦੇ ਥੱਲੇ ਲੜੀਵਾਰ ਧਰਨੇ ’ਤੇ ਬੈਠੇ ਹਨ।
ਅੱਜ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਮੱਸਿਆਵਾਂ ਸੁਣਨ ਪਹੁੰਚੇ ਆਪ ਆਗੂ ਪ੍ਰਿੰਸੀਪਲ ਬੁੱਧ ਰਾਮ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ 646 ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੂੰ ਨਿਯਮਾਂ ਤਹਿਤ ਨੌਕਰੀਆਂ ਦੇਣ ਦੀ ਮੰਗ ਕੀਤੀ। ਬੇਰੁਜ਼ਗਾਰ ਨੌਜਵਾਨਾਂ ਨੇ ਦੱਸਿਆ ਕਿ ਉਹ ਪਿਛਲੇ 25 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪ੍ਰੰਤੂ ਹੁਣ ਤੱਕ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਸਰਕਾਰ ਦੀ ਬੇਧਿਆਨੀ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਪਰਗਟ ਸਿੰਘ ਉਚੇਰੀ ਸਿੱਖਿਆ ਮੰਤਰੀ ਬਣਨ ਤੋਂ ਬਾਅਦ ਲਾਪਤਾ ਹੋ ਗਏ ਹਨ ਜਦੋਂਕਿ ਇਸ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਟੈਂਕੀ ਉੱਤੇ ਚੜ੍ਹੇ ਬੇਰੁਜ਼ਗਾਰਾਂ ਨੂੰ ਪੁਰਾਣੇ ਇਸ਼ਤਿਹਾਰ ਮੁਤਾਬਕ ਭਰਤੀ ਕਰਨ ਦੀ ਗੱਲ ਕਹੀ ਸੀ ਲੇਕਿਨ ਹੁਣ ਸਿੱਖਿਆ ਮੰਤਰੀ ਨੇ ਚੁੱਪ ਵੱਟ ਲਈ ਹੈ ਅਤੇ ਬੇਰੁਜ਼ਗਾਰ ਅਤੇ ਹੋਰ ਸੰਘਰਸ਼ਸ਼ੀਲ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਮੰਗ ਕੀਤੀ ਕਿ ਇਸ਼ਤਿਹਾਰ ਮੁਤਾਬਕ ਮੈਰਿਟ ਦੇ ਅਧਾਰ ’ਤੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਜਾਂ ਉਹ ਮੁੱਖ ਮੰਤਰੀ ਨੂੰ ਲਿਖਿਆ ਆਪਣਾ ਪੱਤਰ ਵਾਪਸ ਲੈ ਕੇ ਮੀਡੀਆ ਰਾਹੀਂ ਆਪਣਾ ਸਪੱਸ਼ਟੀਕਰਨ ਦੇਣ। ਇਸ ਤੋਂ ਇਲਾਵਾ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਟੈਂਕੀ ਤੋਂ ਥੱਲੇ ਲਾਹ ਕੇ ਸੰਘਰਸ਼ ਖ਼ਤਮ ਕਰਵਾਇਆ ਜਾਵੇ। ਇਸ ਮੌਕੇ ‘ਆਪ’ ਦੇ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਅਤੇ ਜਰਨੈਲ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਗੁਰਲਾਭ ਸਿੰਘ ਭੋਲਾ, ਕ੍ਰਿਸ਼ਨ ਸਿੰਘ ਨਾਭਾ, ਮੋਨੂ ਪਟਿਆਲਾ, ਸੰਦੀਪ ਸਿੰਘ ਬੰਗਾ ਅਤੇ ਕਮਲ ਘੁਰਕਣੀ ਨੇ ਕਿਹਾ ਕਿ ਉਹ ਸਾਲ 2011 ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਹਨ ਅਤੇ ਹੁਣ ਪਿਛਲੇ 25 ਦਿਨ ਤੋਂ ਪਾਣੀ ਦੀ ਟੈਂਕੀ ਉੱਤੇ ਅਤੇ ਥੱਲੇ ਧਰਨੇ ’ਤੇ ਡਟੇ ਹੋਏ ਹਨ ਪ੍ਰੰਤੂ ਹੁਕਮਰਾਨ ਜਾਂ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਇਸ ਟੈਂਕੀ ਦੀ ਹਾਲਤ ਤਰਸਯੋਗ ਹੈ, ਜਿਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਗਹਿਣੇ ਵੇਚ ਕੇ ਵਕੀਲਾਂ ਨੂੰ ਫੀਸਾਂ ਦਿੱਤੀਆਂ ਜਾ ਰਹੀਆਂ ਹਨ। ਕਰਜ਼ਾ ਅਤੇ ਉਧਾਰ ਪੈਸੇ ਲੈ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨੌਕਰੀ ਲਈ ਅਪਲਾਈ ਕਰਨ ਵਾਲੇ ਵੱਡੀ ਗਿਣਤੀ ਵਿੱਚ ਉਮੀਦਵਾਰ ਉਮਰ ਹੱਦ ਪਾਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਜਾਂ ਸਿੱਖਿਆ ਸਕੱਤਰ ਚਾਹੁਣ ਤਾਂ ਅਦਾਲਤ ਵਿੱਚ ਪੁਰਾਣੇ ਇਸ਼ਤਿਹਾਰ ਮੁਤਾਬਕ ਭਰਤੀ ਕਰਨ ਬਾਰੇ ਹਲਫ਼ਨਾਮਾ ਦਾਇਰ ਕਰ ਕੇ ਸਿਰਫ਼ ਇੱਕ ਪੇਸ਼ੀ ਉੱਤੇ ਮਸਲਾ ਨਿਪਟਾਇਆ ਜਾ ਸਕਦਾ ਹੈ ਪ੍ਰੰਤੂ ਸਰਕਾਰ ਆਪਣੀ ਨਵੀਂ ਨੀਤੀ ਤਹਿਤ ਭਰਤੀ ਕਰਨ ਦੀ ਜ਼ਿੱਦ ’ਤੇ ਅੜੀ ਹੋਈ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…