ਪੰਜਾਬ ਸਰਕਾਰ ਨਵ-ਜੰਮੇ ਬੱਚਿਆਂ ਦੀ ਸਿਹਤ ਤੇ ਸਮੁੱਚੇ ਵਿਕਾਸ ਲਈ ਵਚਨਬੱਧ: ਓਪੀ ਸੋਨੀ

ਪੰਜਾਬ ਵਿੱਚ ਬੱਚਿਆਂ ਦੀ ਮੌਤ ਦਰ ਦੇ ਅੰਕੜਿਆਂ ਵਿੱਚ ਕਮੀ ਆਈ

ਓਪੀ ਸੋਨੀ ਵੱਲੋਂ ਨਵ-ਜੰਮੇ ਬੱਚੇ ਦੀ ਦੇਖਭਾਲ ਸਬੰਧੀ ਰਸਮੀ ਸ਼ੁਰੂਆਤ

ਉਪ ਮੁੱਖ ਮੰਤਰੀ ਨੇ ਸਰਕਾਰੀ ਹਸਪਤਾਲ ਵਿੱਚ ਨਵ-ਜੰਮੇ ਬੱਚਿਆਂ ਤੇ ਮਾਵਾਂ ਦੀ ਖ਼ਬਰ-ਸਾਰ ਪੁੱਛੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਅੱਜ ਇੱਥੇ ਸਰਕਾਰੀ ਹਸਪਤਾਲ ਵਿੱਚ ਨਵ-ਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਹਫ਼ਤੇ ਦੀ ਰਸਮੀ ਸ਼ੁਰੂਆਤ ਕੀਤੀ। ਸਿਹਤ ਵਿਭਾਗ ਵੱਲੋਂ 21 ਨਵੰਬਰ ਤੱਕ ਵਿਸ਼ੇਸ਼ ਹਫ਼ਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਨਵਜੰਮੇ ਬੱਚਿਆਂ ਦੀ ਸਿਹਤ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਨਵ-ਜੰਮੇ ਬੱਚਿਆਂ ਦੀ ਦੇਖਭਾਲ, ਸਿਹਤ ਵਿਭਾਗ ਦਾ ਮੁੱਖ ਤਰਜੀਹੀ ਖੇਤਰ ਹੈ ਅਤੇ ਉੱਚ ਪੱਧਰ ’ਤੇ ਇਸ ਵਚਨਬੱਧਤਾ ਨੂੰ ਦੁਹਰਾਉਣਾ ਹੀ ਇਸ ਹਫ਼ਤੇ ਨੂੰ ਮਨਾਉਣ ਦਾ ਮੰਤਵ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਰਾਸ਼ਟਰੀ ਨਵ-ਜੰਮੇ ਹਫ਼ਤਾ ਦਾ ਥੀਮ ਹੈ ‘ਸੁਰੱਖਿਆ, ਗੁਣਵੱਤਾ ਅਤੇ ਪਾਲਣ ਪੋਸ਼ਣ ਦੇਖਭਾਲ’ ਹਰ ਸਿਹਤ ਸਹੂਲਤ ਅਤੇ ਹਰ ਥਾਂ ’ਤੇ ਨਵਜੰਮੇ ਦਾ ਜਨਮ ਅਧਿਕਾਰ’।
ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਓਪੀ ਸੋਨੀ ਨੇ ਕਿਹਾ ਕਿ ਪੰਜਾਬ ਦੀ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਪ੍ਰਤੀ 1000 ਜਨਮਾਂ ਪਿੱਛੇ 19 ਹੈ, ਜੋ ਕਿ ਰਾਸ਼ਟਰੀ ਦਰ ਨਾਲੋਂ ਕਾਫ਼ੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਬੱਚਿਆਂ ਦੀ ਮੌਤ ਦਰ ਦੇ ਅੰਕੜਿਆਂ ਵਿੱਚ ਕਾਫ਼ੀ ਕਮੀ ਆਈ ਹੈ ਪ੍ਰੰਤੂ ਹਾਲੇ ਵੀ ਠੋਸ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇੱਕ ਬੱਚੇ ਦੀ ਮੌਤ ਪੂਰੇ ਪਰਿਵਾਰ ਲਈ ਦੁਖਦਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਹਰ ਬੱਚਾ ਆਪਣਾ ਜੀਵਨ ਜੀਵੇ, ਵਧੇ-ਫੁੱਲੇ ਅਤੇ ਆਪਣੀ ਪੂਰੀ ਮਨੁੱਖੀ ਸਮਰੱਥਾ ਤੱਕ ਪਹੁੰਚੇ ਇਹ ਸਰਕਾਰ ਦਾ ਟੀਚਾ ਹੈ। ਸਰਕਾਰ ਸਾਰੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਵਚਨਬੱਧ ਹੈ।
ਓਪੀ ਸੋਨੀ ਨੇ ਸੁਣਨਸ਼ਕਤੀ ਦੀ ਕਮਜ਼ੋਰੀ ਲਈ ਨਵਜੰਮੇ ਬੱਚਿਆਂ ਨੂੰ ਸਕਰੀਨ ਕਰਨ ਲਈ ਸੋਹਮ ਮਸ਼ੀਨ ਲਾਂਚ ਕੀਤੀ ਜੋ ਕਿ ਖਾਸ ਤੌਰ ’ਤੇ ਨਵਜੰਮੇ ਬੱਚਿਆਂ ਦੀ ਸੁਣਨਸ਼ਕਤੀ ਪਰਖਣ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਹੈ। ਸਾਰੇ ਨਵਜੰਮੇ ਬੱਚਿਆਂ ਦੀ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਮਾਹਿਰ ਡਾਕਟਰ ਵੱਲੋਂ ਇਸ ਮਸ਼ੀਨ ਰਾਹੀਂ ਜਾਂਚ ਕੀਤੀ ਜਾਵੇਗੀ। ਨਵਜੰਮੇ ਬੱਚਿਆਂ ਵਿੱਚ ਨਮੂਨੀਆ ਦਾ ਪਤਾ ਲਗਾਉਣ ਲਈ ਮਲਟੀਮੋਡਲ ਪਲਸ ਆਕਸੀਮੀਟਰ ਵੀ ਲਾਂਚ ਕੀਤਾ ਗਿਆ ਸੀ ਕਿਉਂਕਿ ਡਾਇਰੀਆ ਤੋਂ ਬਾਅਦ ਨਵਜੰਮੇ ਬੱਚਿਆਂ ਵਿੱਚ ਮੌਤਾਂ ਦਾ ਦੂਜਾ ਵੱਡਾ ਕਾਰਨ ਨਿਮੂਨੀਆ ਹੈ। ਨਵਜੰਮੇ ਬੱਚਿਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਵਿੱਚ ਨਿਮੂਨੀਆ ਦੀ ਜਾਂਚ ਲਈ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਮਾਂ ਅਤੇ ਬੱਚੇ ਦੀ ਦੇਖਭਾਲ ਬਾਰੇ ਲੋਕਾਂ ਖਾਸ ਕਰਕੇ ਗਰਭਵਤੀ ਅੌਰਤਾਂ ਵਿੱਚ ਜਾਗਰੂਕਤਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਨਵਜੰਮੇ ਬੱਚਿਆਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ।

ਇਸ ਤੋਂ ਪਹਿਲਾਂ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਸਾਰੇ ਨਵਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਦੀਆਂ ਟੀਮਾਂ ਵੱਲੋਂ ਐਸਐਨਸੀਯੂ, (ਬਿਮਾਰ ਨਵਜਾਤ ਦੇਖਭਾਲ ਯੂਨਿਟ) ਅਤੇ ਐਨਬੀਐਸਯੂ (ਨਵਜਾਤ ਸਥਿਰਤਾ ਯੂਨਿਟ) ਦੀ ਵਿਜ਼ਟ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਕੰਗਾਰੂ ਮਦਰ ਕੇਅਰ ਅਧੀਨ ਕੇਐਮਸੀ ਦੀਆਂ ਚੇਅਰਾਂ ਵੀ ਮੁਹੱਈਆ ਕਰਵਾਏਗੀ। ਇਸ ਮੌਕੇ ਡਾਇਰੈਕਟਰ (ਪਰਿਵਾਰ ਭਲਾਈ) ਡਾ. ਓਪੀ ਗੋਜਰਾ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਪ੍ਰੋਗਰਾਮ ਅਫ਼ਸਰ ਡਾ. ਇੰਦਰਦੀਪ ਕੌਰ, ਪ੍ਰੋਗਰਾਮ ਅਫ਼ਸਰ ਡਾ. ਸੁਖਦੀਪ ਕੌਰ, ਸਟੇਟ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…