Share on Facebook Share on Twitter Share on Google+ Share on Pinterest Share on Linkedin ਐਮਐਸਪੀ ਕਾਨੂੰਨ ਸਮੇਤ ਕਿਸਾਨ ਮੋਰਚੇ ਦੀਆਂ ਬਾਕੀ ਮੰਗਾਂ ਵੀ ਤੁਰੰਤ ਪ੍ਰਵਾਨ ਕਰੇ ਕੇਂਦਰ ਸਰਕਾਰ: ਰਾਜਵਿੰਦਰ ਕੌਰ ਰਾਜੂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਮੂਹ ਕਿਸਾਨਾਂ ਦੇ ਵਾਰਿਸਾਂ ਨੂੰ ਕੇਂਦਰ ਮੁਆਵਜ਼ਾ ਦੇਵੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਤੇ ਦਰਜ ਸਾਰੇ ਕੇਸ ਤੇ ਅਦਾਲਤੀ ਮੁਕੱਦਮੇ ਵਾਪਸ ਲਏ ਜਾਣ ਨਬਜ਼-ਏ-ਪੰਜਾਬ ਬਿਊਰੋ, ਜਲੰਧਰ 19 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਵੱਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਨੂੰ ਕਿਰਤੀਆਂ ਦੀ ਜਿੱਤ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮਹਿਲਾ ਵਿੰਗ ਦੀ ਸਲਾਹਕਾਰ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਸਮੂਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸਮੇਤ ਕਿਸਾਨ ਅੰਦੋਲਨ ਨਾਲ ਜੁੜੇ ਹਰ ਵਿਅਕਤੀ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਠਾਈਆਂ ਬਾਕੀ ਹੱਕੀ ਮੰਗਾਂ ਵੀ ਤੁਰੰਤ ਪ੍ਰਵਾਨ ਕਰੇ। ਅੱਜ ਇੱਥੇ ਇਕ ਪ੍ਰੈੱਸ ਬਿਆਨ ਵਿੱਚ ਕਿਸਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਇਸ ਸ਼ਾਤਮਈ ਅੰਦੋਲਨ ਦੌਰਾਨ ਕਿਰਤੀਆਂ ਦੀ ਜਿੱਤ ਹੋਈ ਅਤੇ ਲੋਟੂ ਪੂੰਜੀਪਤੀਆਂ ਦੀ ਸ਼ਹਿ ਉੱਤੇ ਅੰਨਦਾਤਾ ਨਾਲ ਧੱਕੇਸ਼ਾਹੀ ਤੇ ਬੇਇਨਸਾਫ਼ੀ ਕਰਨ ਵਾਲਿਆਂ ਨੂੰ ਆਖਰਕਾਰ ਮੂੰਹ ਦੀ ਖਾਣੀ ਪਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇੱਕਜੁਟਤਾ ਅੱਗੇ ਨਿਰਾਸ਼ ਅਤੇ ਮਜਬੂਰ ਹੋਏ ਦੇਸ਼ ਦੇ ਅੜੀਅਲ ਮੁਖੀ ਨੂੰ ਆਖਰਕਾਰ ਮੁਆਫ਼ੀ ਮੰਗ ਕੇ ਕਿਰਤੀਆਂ ਤੋਂ ਖਹਿੜਾ ਛੁਡਾਉਣਾ ਪੈ ਰਿਹਾ ਹੈ। ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਕਿਸਾਨਾਂ ਨੂੰ ਦੇਸ਼ ਵਿਰੋਧੀ, ਅੰਦੋਲਨਜੀਵੀ, ਪਰਾਜੀਵੀ, ਖਾਲਿਸਤਾਨੀ, ਵਿਰੋਧੀ ਪਾਰਟੀਆਂ ਦੇ ਬੰਦੇ ਕਹਿਣ ਅਤੇ ਅੰਦੋਲਨਕਾਰੀਆਂ ਨੂੰ ਕਿਸਾਨ ਨਾ ਮੰਨਣ ਵਾਲੇ ਇਸ ਜ਼ਿੱਦੀ ਭਾਜਪਾਈ ਨੇਤਾ ਨੂੰ ਆਖਰਕਾਰ ਆਪਣੀ ਜਨਤਕ ਅਪੀਲ ਵਿਚ ਮੰਨਣਾ ਪਿਆ ਹੈ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ ਅਤੇ ਹੁਣ ਕਿਸਾਨ ਘਰਾਂ ਨੂੰ ਵਾਪਸ ਪਰਤ ਜਾਣ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਦੀ ਕਿਸਾਨਾਂ ਨੇ ਕਦੇ ਵੀ ਮੰਗ ਨਹੀਂ ਸੀ ਕੀਤੀ ਜਿਨ੍ਹਾਂ ਨੂੰ ਹੁਣ ਵਾਪਸ ਲੈਣ ਮੌਕੇ ਗੋਦੀ ਮੀਡੀਆ, ਭਾਜਪਾਈ ਅਤੇ ਉਨ੍ਹਾਂ ਦੇ ਹਮਾਇਤੀ ਇਸ ਐਲਾਨ ਨੂੰ ਕਿਸਾਨਾਂ ਲਈ ਇੱਕ ਤੋਹਫ਼ਾ ਕਰਾਰ ਦੇ ਰਹੇ ਹਨ। ਕਿਸਾਨ ਬੀਬੀ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਹਾਲੇ ਅੰਦੋਲਨ ਨੂੰ ਵਾਪਸ ਲੈਣ ਦਾ ਕੋਈ ਫ਼ੈਸਲਾ ਨਹੀਂ ਕੀਤਾ ਕਿਉਂਕਿ ਹਾਲੇ ਐਲਾਨ ਹੀ ਹੋਇਆ ਹੈ ਕੈਬਨਿਟ ਅਤੇ ਸੰਸਦ ਵੱਲੋਂ ਇਹ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੋਏ। ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਮਐੱਸਪੀ ਕਾਨੂੰਨ ਬਣਾਉਣ ਦੀ ਮੰਗ, ਬਿਜਲੀ ਕਾਨੂੰਨ ਅਤੇ ਭੋਂਇ ਪ੍ਰਾਪਤੀ ਕਾਨੂੰਨ ਦੀਆਂ ਤਾਜ਼ਾ ਸੋਧਾਂ ਰੱਦ ਕਰਨ, ਪਰਾਲੀ ਬਾਰੇ ਐਨਜੀਟੀ ਦੀਆਂ ਸਿਫਾਰਸ਼ਾਂ ਮੰਨਣ, ਕਿਸਾਨੀ-ਕਿਰਤੀਆਂ ਦੇ ਕਰਜ਼ਿਆਂ ਉੱਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ ਜਿਨ੍ਹਾਂ ਦਾ ਕੇਂਦਰੀ ਸਰਕਾਰ ਤੇ ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਦਿਆਂ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ। ਉਨ੍ਹਾਂ ਕੇਂਦਰ ਸਰਕਾਰ ਇਹ ਮੰਗ ਵੀ ਕੀਤੀ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਸ਼ਹੀਦ ਹੋਏ ਸਾਰੇ 700 ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਹੇਠਾਂ ਦਰੜਨ ਦੇ ਸਹਿ-ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਵਜ਼ਾਰਤ ਚੋਂ ਬਾਹਰ ਕੱਢਿਆ ਜਾਵੇ। ਕਿਸਾਨ ਆਗੂ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਇਹ ਵੀ ਮੰਗ ਕੀਤੀ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਕਿਸਾਨਾਂ-ਮਜ਼ਦੂਰਾਂ ਖ਼ਿਲਾਫ਼ ਦਰਜ਼ ਹੋਏ ਕੇਸ ਅਤੇ ਅਦਾਲਤਾਂ ਵਿੱਚ ਚੱਲ ਰਹੇ ਸਾਰੇ ਮੁਕੱਦਮੇ ਵਾਪਸ ਲਏ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ