ਬਲਬੀਰ ਸਿੱਧੂ ਨੇ ਦੋ ਅਹਿਮ ਸੜਕਾਂ ਨੂੰ ਚੌੜਾ ਕਰਨ ਤੇ ਚਾਰ ਸੜਕਾਂ ਦੀ ਨਵੀਂ ਉਸਾਰੀ ਦੇ ਨੀਂਹ ਪੱਥਰ ਰੱਖੇ

ਸਿੱਧੂ ਨੇ ਵਿਕਾਸ ਪੱਖੋਂ ਮੁਹਾਲੀ ਨੂੰ ਪੰਜਾਬ ਭਰ ’ਚੋਂ ਅੱਵਲ ਹਲਕਾ ਦੱਸਿਆ

ਸਾਢੇ 8 ਕਰੋੜਾਂ ਦੀ ਲਾਗਤ ਨਾਲ 17 ਕਿੱਲੋਮੀਟਰ ਲੰਮੀਆਂ ਸੜਕਾਂ ਨੂੰ 10 ਤੋਂ 18 ਫੁੱਟ ਤੱਕ ਕੀਤਾ ਜਾਵੇਗਾ ਚੌੜਾ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਦੋ ਅਹਿਮ ਸੜਕਾਂ ਨੂੰ ਚੌੜਾ ਕਰਨ ਅਤੇ ਚਾਰ ਸੜਕਾਂ ਦੀ ਨਵੀਂ ਉਸਾਰੀ ਦੇ ਨੀਂਹ ਪੱਥਰ ਰੱਖੇ ਗਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਲਾਕੇ ਦੀਆਂ ਲਿੰਕ ਸੜਕਾਂ ਦੇ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇਣ ਉਪਰੰਤ ਲੋੜੀਂਦੇ ਫੰਡ ਵੀ ਰਿਲੀਜ਼ ਕਰ ਦਿੱਤੇ ਗਏ ਹਨ। ਸ੍ਰੀ ਸਿੱਧੂ ਨੇ ਅੱਜ ਲਾਂਡਰਾਂ-ਬਨੂੜ ਮਾਰਗ ’ਤੇ ਪੈਂਦੇ ਪਿੰਡ ਤੰਗੋਰੀ ਤੋਂ ਕੁਰੜਾ ਤੱਕ ਅਤੇ ਮੁੱਖ ਮਾਰਗ ਤੋਂ ਪਹੁੰਚ ਸੜਕ ਪਿੰਡ ਮੋਟੇਮਾਜਰਾ ਨੂੰ ਚੌੜਾ ਕਰਨ, ਪਿੰਡ ਮੋਟੇਮਾਜਰਾ ਤੋਂ ਕਲੋਲੀ ਅਪਟੂ ਬਰਿੱਜ, ਪਿੰਡ ਕੁਰੜਾ-ਕੁਰੜੀ ਤੋਂ ਲਾਲਾਂ ਵਾਲਾ ਪੀਰ ਤੱਕ ਸੜਕ, ਪਿੰਡ ਮੋਟੇ ਮਾਜਰਾ ਤੋਂ ਬਨੂੜ ਤੱਕ ਦੀਆਂ ਸੜਕਾਂ ਦੀ ਨਵੀਂ ਉਸਾਰੀ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ।
ਇਸ ਤੋਂ ਇਲਾਵਾ ਪਿੰਡ ਬਾਕਰਪੁਰ ਦੀ ਫਿਰਨੀ ਦੀ ਉਸਾਰੀ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਤੰਗੋਰੀ ਤੋਂ ਕੁਰੜਾ ਤੱਕ 2.23 ਕਿੱਲੋਮੀਟਰ ਲੰਮੀ ਸੜਕ ’ਤੇ ਲਗਪਗ 1 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ 10 ਫੁੱਟੀ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ। ਇੰਜ ਹੀ ਮੁੱਖ ਮਾਰਗ ਤੋਂ ਪਹੁੰਚ 1 ਕਿੱਲੋਮੀਟਰ ਸੜਕ ਪਿੰਡ ਮੋਟੇਮਾਜਰਾ ਨੂੰ ਵੀ 18 ਫੁੱਟ ਚੌੜਾ ਕੀਤਾ ਜਾਣਾ ਹੈ। ਇਸ ਉੱਤੇ 27 ਲੱਖ ਦਾ ਖ਼ਰਚਾ ਆਉਣਾ ਹੈ। ਪਿੰਡ ਮੋਟੇਮਾਜਰਾ ਤੋਂ ਬਨੂੜ ਸੜਕ ਦੀ ਨਵੀਂ ਬਣਾਈ ਜਾਣੀ ਹੈ। ਇਸ 1.85 ਕਿੱਲੋਮੀਟਰ ਲੰਮੀ ਸੜਕ ’ਤੇ 48.52 ਲੱਖ ਰੁਪਏ ਖ਼ਰਚੇ ਜਾਣਗੇ।
ਇਸੇ ਤਰ੍ਹਾਂ ਮੋਟੇਮਾਜਰਾ ਤੋਂ ਕਲੋਲੀ ਤੱਕ ਨਵੀਂ ਸੜਕ ਉਸਾਰੀ ਜਾਣੀ ਹੈ, ਇਕ ਕਿੱਲੋਮੀਟਰ ਲੰਮੀ ਇਸ ਸੜਕ ’ਤੇ 26.17 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਬਾਕਰਪੁਰ ਦੀ 0.45 ਕਿੱਲੋਮੀਟਰ ਲੰਮੀ ਫਿਰਨੀ ’ਤੇ 11.43 ਲੱਖ ਰੁਪਏ ਦੀ ਲਾਗਤ ਆਵੇਗੀ। ਪਿੰਡ ਕੁਰੜਾ-ਕੁਰੜੀ ਤੋਂ ਲਾਲਾਂ ਵਾਲਾ ਪੀਰ ਤੱਕ 0.185 ਕਿੱਲੋਮੀਟਰ ਲੰਮੀ ਸੜਕ ’ਤੇ 4.87 ਲੱਖ ਦੀ ਖ਼ਰਚੇ ਜਾਣਗੇ।
ਸ੍ਰੀ ਸਿੱਧੂ ਨੇ ਦੱਸਿਆ ਮੁਹਾਲੀ ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਜਿਨ੍ਹਾਂ ਵਾਸਤੇ ਕਰੋੜਾਂ ਰੁਪਏ ਦੀਆਂ ਗਰਾਂਟਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਮੁਹਾਲੀ ਸਾਰੇ ਪੰਜਾਬ ’ਚੋਂ ਅੱਵਲ ਹਲਕਾ ਹੈ। ਵਿਕਾਸ ਲਈ ਨਾ ਤਾਂ ਪਹਿਲਾਂ ਫੰਡਾਂ ਦੀ ਕੋਈ ਕਮੀ ਰਹਿਣ ਦਿੱਤੀ ਗਈ ਅਤੇ ਨਾ ਹੀ ਭਵਿੱਖ ਵਿੱਚ ਰਹਿਣ ਦਿੱਤੀ ਜਾਵੇਗੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਲਗਪਗ 17 ਕਿੱਲੋਮੀਟਰ ਲੰਮੀਆਂ ਸੜਕਾਂ ਨੂੰ ਚੌੜਾ ਕਰਨ ਦੇ ਕੰਮ ’ਤੇ ਲਗਭਗ 6 ਕਰੋੜ ਰੁਪਏ ਦੀ ਲਾਗਤ ਆਉਣੀ ਹੈ, ਜਿਸ ਨਾਲ ਸਬੰਧਤ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਬਾਕੀ ਸੜਕਾਂ ਦੇ ਨੀਂਹ ਪੱਥਰ ਬਲਬੀਰ ਸਿੰਘ ਸਿੱਧੂ ਆਪਣੇ ਕਰ ਕਮਲਾਂ ਨਾਲ 25 ਅਤੇ 27 ਨਵੰਬਰ ਨੂੰ ਰੱਖਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਚੌੜਾ ਹੋਣ ਅਤੇ ਨਵੀਂ ਸੜਕਾਂ ਦੀ ਉਸਾਰੀ ਨਾਲ ਆਲੇ ਦੁਆਲੇ ਦੇ ਪਿੰਡ ਵਾਸੀਆਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਕਿਉਂਕਿ ਇਨ੍ਹਾਂ ਅਹਿਮ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਕਈ ਦਹਾਕਿਆਂ ਤੋਂ ਲਟਕਿਆ ਹੋਇਆ ਸੀ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਕੰਵਰਬੀਰ ਸਿੰਘ ਰੂਬੀ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਜਸਵਿੰਦਰ ਕੌਰ ਸਰਪੰਚ ਮੋਟੇ ਮਾਜਰਾ, ਹਰਬੰਸ ਸਿੰਘ ਮੋਟੇਮਾਜਰਾ, ਦਵਿੰਦਰ ਸਿੰਘ ਸਰਪੰਚ ਕੁਰੜਾ, ਗੁਲਜ਼ਾਰ ਸਿੰਘ ਕੁਰੜਾ, ਗਿਆਨੀ ਨਿਰਮਲ ਸਿੰਘ, ਸੁਰਜਨ ਸਿੰਘ, ਦਰਸ਼ਨ ਕੌਰ, ਭੁਪਿੰਦਰ ਕੌਰ, ਹਰਬੰਸ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਚਰਨਜੀਤ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਹਰੀ ਸਿੰਘ ਬਾਕਰਪੁਰ, ਜ਼ੈਲਦਾਰ ਜੋਗਿੰਦਰ ਸਿੰਘ, ਰਣਜੀਤ ਸਿੰਘ ਬੱਲੂ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਚਰਨ ਸਿੰਘ, ਸਤਿਨਾਮ ਸਿੰਘ, ਬੀਡੀਪੀਓ ਹਿਤੇਨ ਕਪਿਲਾ, ਐਕਸੀਅਨ ਮਹੇਸ਼ਵਰ ਸ਼ਾਰਦਾ, ਐਸਡੀਓ ਕਰਨੈਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਨਗਰ ਨਿਵਾਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…