ਮਗਨਰੇਗਾ ਮੁਲਾਜ਼ਮਾਂ ਨੇ ਰੈਗੂਲਰ ਦੀ ਮੰਗ ਲੈ ਕੇ ਹੈੱਡ ਕੁਆਰਟਰ ’ਤੇ ਦਿੱਤਾ ਵਿਸ਼ਾਲ ਧਰਨਾ

ਮਗਨਰੇਗਾ ਮੁਲਾਜ਼ਮਾਂ ਵੱਲੋਂ ਵਿਕਾਸ ਭਵਨ ਮੁਹਾਲੀ ਤੋਂ ਚੰਡੀਗੜ੍ਹ ਪੰਚਾਇਤ ਮੰਤਰੀ ਦੀ ਕੋਠੀ ਵੱਲ ਮਾਰਚ

27 ਨਵੰਬਰ ਦਿਨ ਸ਼ਨੀਵਾਰ ਨੂੰ ਘੇਰਿਆ ਜਾਵੇਗਾ ਕਾਦੀਆ ਸਥਿਤ ਪੰਚਾਇਤ ਮੰਤਰੀ ਦਾ ਘਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਪਿਛਲੇ ਲਗਭਗ 12-13 ਸਾਲਾਂ ਤੋਂ ਕੱਚੀਆਂ ਅਸਾਮੀਆਂ ’ਤੇ ਡਿਊਟੀ ਕਰ ਰਹੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਪੰਚਾਇਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਿਕਾਸ ਭਵਨ ਮੁਹਾਲੀ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਘਰ-ਘਰ ਨੌਕਰੀ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਅਤੇ ਨਵੀਆਂ ਭਰਤੀਆਂ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਵੱਲੋਂ ਵਿਰੋਧੀ ਧਿਰਾਂ ਦੇ ਕਮਜ਼ੋਰ ਹੋਣ ਕਾਰਨ ਮੁੜ ਸੱਤਾ ਹਾਸਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਕੇ ਵੋਟ ਬਟੋਰਨ ਲਈ ਸਮੁੱਚੇ ਵਰਗਾਂ ਲਈ ਐਲਾਨ ਤੇ ਐਲਾਨ ਕੀਤਾ ਜਾ ਰਿਹਾ ਹੈ ਜਦੋਂਕਿ ਅਸਲੀਅਤ ਕੋਹਾਂ ਦੂਰ ਹੈ।
ਅੱਜ ਧਰਨੇ ਨੂੰ ਸੰਬੋਧਨ ਆਗੂਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ, ਸੂਬਾ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਵਿੱਤ ਸਕੱਤਰ ਮਨਸ਼ੇ ਖਾ, ਮੀਤ ਪ੍ਰਧਾਨ ਹਰਿੰਦਰਪਾਲ ਜੋਸ਼ਨ, ਮੀਤ ਪ੍ਰਧਾਨ ਹਰਪਿੰਦਰ ਸਿੰਘ, ਪ੍ਰਚਾਰ ਸਕੱਤਰ ਸੰਜੀਵ ਕਾਕੜਾ, ਜਗਤਾਰ ਸਿੰਘ ਬੱਬੂ, ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਸੂਬੇ ਅੰਦਰ ਹੋਈਆਂ ਜ਼ਿਮਨੀ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਛੇ ਵਾਰ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਪਰ ਹੁਣ ਪਿਛਲੀ ਅਕਾਲੀ-ਭਾਜਪਾ ਸਰਕਾਰ ਵਾਂਗ ਹੀ ਐਨ ਆਖ਼ਰੀ ਸਮੇਂ ਤੇ ਕਾਨੂੰਨ ਪਾਸ ਕੀਤਾ ਗਿਆ।
ਸਰਕਾਰ ਵੱਲੋਂ ਜਗ੍ਹਾ-ਜਗ੍ਹਾ ਹੋਰਡਿੰਗ ਲਗਾ ਕੇ, ਪ੍ਰਿੰਟ ਮੀਡੀਆ, ਸ਼ੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਸਰਕਾਰ ਇਹ ਦੱਸਣ ਵਿੱਚ ਨਾਕਾਮ ਰਹੀ ਹੈ ਕਿ ਕਿਹੜੇ ਵਿਭਾਗ ਦੇ ਕਿੰਨੇ ਤੇ ਕਿਹੜੇ-ਕਿਹੜੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਹਾਲਾਂਕਿ ਕਾਨੂੰਨ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਇਸ ਕਾਨੂੰਨ ਰਾਹੀਂ ਪੱਕਾ ਨਹੀਂ ਕੀਤਾ ਜਾ ਸਕਦਾ।

ਪਿਛਲੇ ਦਿਨੀਂ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਨਰੇਗਾ ਕਰਮਚਾਰੀ ਯੂਨੀਅਨ ਦੇ ਵਫ਼ਦ ਨੂੰ ਇਹ ਕਿਹਾ ਗਿਆ ਸੀ ਹੈ ਕਿ ਤੁਸੀਂ ਇਸ ਕਾਨੂੰਨ ਅੰਦਰ ਨਹੀਂ ਆਉਂਦੇ। ਜਦੋਂਕਿ ਪਿਛਲੇ ਪੰਜ ਸਾਲਾਂ ਤੋਂ ਮੰਤਰੀ ਸਾਹਿਬ ਵੱਲੋਂ ਇਹ ਲਾਰਾ ਲਾਇਆ ਜਾਂਦਾ ਰਿਹਾ ਹੈ ਕਿ ਸਾਡੀ ਸਰਕਾਰ ਤੁਹਾਡੀਆਂ ਸੇਵਾਵਾਂ ਰੈਗੂਲਰ ਕਰਨ ਲਈ ਨਵਾਂ ਕਾਨੂੰਨ ਬਣਾ ਰਹੀ ਹੈ। ਅੱਜ ਦੇ ਵਿਸ਼ਾਲ ਧਰਨੇ ਆਗੂਆ ਕਿਹਾ ਕਿ ਕਾਨੂੰਨ ਵਿੱਚ ਸ਼ਾਮਲ ਪ੍ਰਮੁੱਖ ਮੱਦਾਂ ਅਨੁਸਾਰ ਨਰੇਗਾ ਮੁਲਾਜ਼ਮ 10 ਸਾਲ ਦਾ ਸੇਵਾ ਸਮਾਂ ਪੂਰਾ ਕਰਦੇ ਹਨ, ਸਮੂਹ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਹੋਈ ਹੈ। ਸਾਡੀਆਂ ਤਨਖ਼ਾਹਾਂ ਦਾ ਇੱਕ ਵੀ ਪੈਸਾ ਸੂਬਾ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਪੈਂਦਾ ਸਗੋਂ ਤਿੰਨ ਸਾਲਾਂ ਦੇ ਰੱਖੇ ਪਰਖ਼ ਕਾਲ ਦੌਰਾਨ ਕਰੋੜਾਂ ਰੁਪਏ ਸਰਕਾਰ ਨੂੰ ਬੱਚਤ ਹੋਵੇਗੀ। ਅੱਜ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕਾਨੂੰਨ ਤੋਂ ਬਾਹਰ ਕਰਕੇ ਸਰਕਾਰ ਨੇ ਵੱਡਾ ਧੋਖਾ ਕੀਤਾ ਹੈ ਕਿਉਂਕਿ ਆਊਟਸੋਰਸਿੰਗ ਕੰਪਨੀਆਂ ਰਾਹੀਂ ਕਾਰਪੋਰੇਟਾਂ ਦੀਆਂ ਮੁਨਾਫ਼ੇ ਦੀ ਲੋੜਾਂ ਦੀ ਪੂਰਤੀ ਕੀਤੀ ਹੈ। ਅੱਜ ਹੈੱਡ ਕੁਆਰਟਰ ਮੁਹਾਲੀ ਧਰਨਾ ਦੇਣ ਤੋਂ ਬਾਅਦ ਮਗਨਰੇਗਾ ਮੁਲਾਜ਼ਮਾਂ ਵੱਲੋਂ ਵਿਕਾਸ ਭਵਨ ਮੁਹਾਲੀ ਤੋਂ ਚੰਡੀਗੜ੍ਹ ਪੰਚਾਇਤ ਮੰਤਰੀ ਦੀ ਕੋਠੀ ਵੱਲ ਮਾਰਚ ਕੱਢਿਆ ਗਿਆ ਤੇ ਰਸਤੇ ਵਿੱਚ ਮੌਕੇ ਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤ ਮੰਤਰੀ ਨਾਲ ਗੱਲ ਕਰਕੇ ਪੈਨਲ ਮੀਟਿੰਗ ਮਿਤੀ-01-12-2021 ਨੂੰ ਦਿੱਤੀ ਗਈ। ਪਰ ਮਗਨਰੇਗਾ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ। ਅੱਜ ਦੇ ਧਰਨੇ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਐਲਾਨ ਕੀਤਾ ਕਿ ਜੇ ਮਗਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ 27 ਨਵੰਬਰ ਨੂੰ ਦਿਨ ਸ਼ਨੀਵਾਰ ਨੂੰ ਪੰਚਾਇਤ ਮੰਤਰੀ ਦੇ ਕਾਦੀਆ ਸਥਿਤ ਘਰ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਅੰਮ੍ਰਿਤਸਰ, ਸੰਦੀਪ ਸਿੰਘ ਗੁਰਦਾਸਪੁਰ, ਪ੍ਰਿੰਸ ਬਰਨਾਲਾ, ਸੁਖਵੀਰ ਸਿੰਘ ਬਠਿੰਡਾ, ਮਨਦੀਪ ਸਿੰਘ ਫਤਿਹਗੜ੍ਹ, ਸੰਦੀਪ ਲੁਧਿਆਣਾ, ਗੁਰਪ੍ਰੀਤ ਸਿੰਘ ਮੁਹਾਲੀ, ਸੁਖਦੇਵ ਸਿੰਘ ਜੇਈ, ਵਿਕਰਮ ਫਾਜ਼ਿਲਕਾ, ਹਰਇੰਦਰ ਹੈਪੀ ਫਰੀਦਕੋਟ, ਜਗਦੀਸ਼ ਪਟਿਆਲਾ, ਨੀਤੇਸ਼ ਮਾਨਸਾ, ਹਰਵਿੰਦਰ ਸਿੰਘ ਮੁਕਤਸਰ, ਕੁਲਵਿੰਦਰ ਮੋਗਾ, ਸਤਨਾਮ ਸਿੰਘ ਜਲੰਧਰ, ਰਾਮਦਿੱਤ ਕਪੂਰਥਲਾ, ਕਮੇਟੀ ਮੈਂਬਰ ਰਮਨਦੀਪ ਲੁਧਿਆਣਾ, ਪਰਮਿੰਦਰ ਸਿੰਘ ਫਤਿਹਗੜ੍ਹ, ਸਤਨਾਮ ਜਲੰਧਰ, ਜਗਵੀਰ ਪਠਾਨਕੋਟ ਆਦਿ ਨੇ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…