ਪੰਜਾਬ ਦੀ ਪਿੱਠ ‘ਚ ਛੁਰਾ ਮਾਰਨ ਵਾਲਿਆਂ ਨੂੰ ਕਦੇ ਮੁਆਫ ਨਹੀਂ ਕਰਨਗੇ ਪੰਜਾਬੀ: ਭਗਵੰਤ ਮਾਨ

ਕੈਪਟਨ ਅਤੇ ਭਾਜਪਾ ਦੇ ਸੰਭਾਵੀਂ ਗੱਠਜੋੜ ਬਾਰੇ ਹਮਲਾਵਰ ਹੋਏ ਭਗਵੰਤ ਮਾਨ ਨੇ ਢੀਡਸਾ ਐਂਡ ਪਾਰਟੀ ਤੋਂ ਵੀ ਮੰਗਿਆਂ ਸਪੱਸਟੀਕਰਨ

ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਕੈਪਟਨ ਅਤੇ ਭਾਜਪਾ ਆਪਸ ਵਿਚ ਰਲ਼ੇ ਹੋਏ ਹਨ : ‘ਆਪ’

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 8 ਦਸੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਕੀਤੇ ਜਾ ਰਹੇ ਸੰਭਾਵੀ ਗੱਠਜੋੜ ਬਾਰੇ ਹਮਲਾਵਰ ਟਿੱਪਣੀ ਕਰਦਿਆਂ ਕਿਹਾ, ”ਪੰਜਾਬ ਲੋਕ ਕਾਂਗਰਸ ਪਾਰਟੀ ਬਣਾਕੇ ਭਾਰਤੀ ਜਨਤਾ ਪਾਰਟੀ ਨਾਲ ਉਜਾਗਰ ਹੋ ਕੇ ਨਵੀਂ ਸਿਆਸੀ ਪਾਰੀ ਖੇਡਣ ਜਾ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ, ਕਿਉਂਕਿ ਕੈਪਟਨ ਨੇ ਖੁਦ ਵੀ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਹੁਣ ਸਿਆਸੀ ਸਾਥ ਵੀ ਉਸ ਭਾਜਪਾ ਦਾ ਲੈ ਰਹੇ ਹਨ, ਜਿਸ ਨੇ ਪੰਜਾਬ ਤੇ ਪੰਜਾਬ ਦੇ ਅੰਨਦਾਤਾ ਨੂੰ ਮਿੱਟੀ ‘ਚ ਰੋਲਣ ਦੀ ਕੋਈ ਕਸਰ ਨਹੀਂ ਛੱਡੀ।”
ਬੁੱਧਵਾਰ ਨੂੰ ਪਾਰਟੀ ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਸਿਆਸੀ ਭਵਿੱਖ ਉੱਪਰ ਵਿਅੰਗ ਕੱਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੇਸੱਕ ਆਪਣੀ ਪਾਰਟੀ ਦਾ ਨਾਂ ਪੰਜਾਬ ਲੋਕ ਕਾਂਗਰਸ ਪਾਰਟੀ ਰੱਖਿਆ ਹੈ, ਪਰੰਤੂ ਕੈਪਟਨ ਦੇ ਨਾਲ ਇਨਾਂ ਵਿਚੋਂ ਕੁਝ ਵੀ ਨਹੀਂ ਹੈ। ਕੈਪਟਨ ਦੇ ਨਾਲ ਨਾ ਤਾਂ ਅੱਜ ਦਾ ਪੰਜਾਬ ਹੈ ਨਾ ਲੋਕ ਹਨ ਅਤੇ ਨਾ ਹੀ ਕਾਂਗਰਸ ਪਾਰਟੀ ਹੈ। ਹਾਲਾਂਕਿ ਇੱਕ ਵਕਤ ਕੈਪਟਨ ਅਮਰਿੰਦਰ ਸਿੰਘ ਕੋਲ ਸਭ ਕੁੱਝ ਸੀ, ਪਰੰਤੂ ਉਹ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਰਾਮ ਪ੍ਰਸਤੀ ਵਿੱਚ ਹੀ ਲੰਘਾ ਦਿੱਤਾ ਅਤੇ ਪੰਜਾਬ ਨੂੰ ਮੁਆਫੀ ਦੇ ਹਵਾਲੇ ਕਰੀ ਰੱਖਿਆ, ਜੇਕਰ ਕੈਪਟਨ ਆਪਣੇ ਉਸ ਸੁਨਹਿਰੀ ਸਮੇਂ ਪੰਜਾਬ ਤੇ ਪੰਜਾਬੀਆਂ ਦਾ ਕੁਝ ਵੀ ਨਹੀਂ ਸੰਵਾਰ ਸਕੇ, ਹੁਣ ਉਹ ਪੰਜਾਬ ਦਾ ਕੀ ਭਲਾ ਕਰਨਗੇ?
ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਤਾਂ ਭਾਰਤੀ ਜਨਤਾ ਪਾਰਟੀ ਨਫ਼ਰਤ ਕਰਦੇ ਹਨ। ਇਸ ਲਈ ਭਾਜਪਾ ਦੇ ਪੱਲੇ ਵੀ ਜ਼ੀਰੋ ਹੀ ਹੈ। ਕੈਪਟਨ ਦਾ ਭਾਜਪਾ ਦੀ ਜ਼ੀਰੋ ਜਾਂ ਹੋਰ ਮੌਕਾਪ੍ਰਸਤ ਸਿਆਸੀ ਜੀਰੋਆ ਨਾਲ ਗੱਠਜੋੜ ਹੋਣ ਦੇ ਬਾਵਜੂਦ ਨਤੀਜਾ ਜੀਰੋ ਹੀ ਰਹੇਗਾ।
ਭਗਵੰਤ ਮਾਨ ਨੇ ਕਿਹਾ, ”ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਸਿਆਸੀ ਗੱਠਜੋੜ ਦੇ ਨਾਲ ‘ਬਿੱਲੀ ਥੱਲਿਓਂ ਬਾਹਰ ਆ ਗਈ’ ਹੈ ਕਿ ਕੈਪਟਨ ਸੁਰੂ ਤੋਂ ਹੀ ਭਾਜਪਾ ਨਾਲ ਰਲੇ ਹੋਏ ਸਨ। ਮੁੱਖ ਮੰਤਰੀ ਹੁੰਦਿਆਂ ਭਾਜਪਾ ਦੀ ਇਹ ਟੀਮ ਵਜੋਂ ਕੈਪਟਨ ਨੇ ਕਿਸਾਨਾਂ-ਮਜਦੂਰਾਂ ਸਮੇਤ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਧੋਖ਼ਾ ਕੀਤਾ। ਇਹ ਸੱਚ ਅੱਜ ਸਭ ਦੇ ਸਾਹਮਣੇ ਹੈ ਜਦ ਕਿ ਅਸੀਂ (ਆਪ) ਸ਼ੁਰੂ ਤੋਂ ਕਹਿੰਦੇ ਆ ਰਹੇ ਸੀ ਕਿ ਕੈਪਟਨ ਅਤੇ ਭਾਜਪਾ ਆਪਸ ਰਲ਼ੇ ਹੋਏ ਹਨ। ਇਸ ਲਈ ਪੰਜਾਬ ਵਾਸੀਆਂ ਨੂੰ ਹੋਰ ਪਾਕ ਗਠਜੋੜ ਕੋਲੋਂ ਸੁਚੇਤ ਹੋਣ ਦੀ ਲੋੜ ਹੈ।”
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ‘ਚ ਰਹਿੰਦਿਆਂ 2017 ਦੀਆਂ ਚੋਣਾ ਵੇਲੇ ਪੰਜਾਬ ਵਾਸੀਆਂ ਨਾਲ ਕੀ ਵਾਅਦੇ ਕੀਤੇ ਸਨ ਅਤੇ ਮੁੱਖ ਮੰਤਰੀ ਬਣ ਕੇ ਕੈਪਟਨ ਨੇ ਕੀ ਕੀਤਾ ? ਇਹ ਸਭ ਪੰਜਾਬ ਵਾਸੀਆਂ ਅੱਗੇ ਸ਼ੀਸ਼ੇ ਵਾਂਗ ਸਾਫ਼ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਕੁਰਸੀ ‘ਤੇ ਬੈਠ ਕੇ ਲੋਕ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਚੋਣ ਵਾਅਦਾ ਪੂਰਾ ਕੀਤਾ। ਸਗੋਂ ਲੋਕਾਂ ਨੂੰ ਧੋਖ਼ਾ ਦਿੰਦਿਆਂ ਕੈਪਟਨ ਨੇ ਮੋਦੀ-ਅਮਿਤ ਸਾਹ ਦੇ ਨਿਰਦੇਸਾਂ ਮੁਤਾਬਕ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਬਾਦਲ ਪਰਿਵਾਰ ਦੀ ਸੁਰੱਖਿਆ ਹੀ ਕੀਤੀ। ਨਸ਼ੇ, ਰੇਤਾ, ਕੇਬਲ ਅਤੇ ਟਰਾਂਸਪੋਰਟ ਮਾਫੀਆ ਜਿਉਂ ਦਾ ਤਿਉਂ ਹੀ ਕਾਇਮ ਰੱਖਿਆ। ਐਨਾ ਹੀ ਨਹੀਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਨੂੰ ਕੈਪਟਨ ਨੇ ਖੇਤੀ ਬਿੱਲ ਰੱਦ ਕਰਨ ਦੇ ਨਾਂ ‘ਤੇ ਧੋਖ਼ਾ ਕੀਤਾ। ਇਸ ਲਈ ਪੰਜਾਬ ਵਾਸੀ ਹੁਣ ਹੋਰ ਕਿੰਨਾ ਕੈਪਟਨ ਨੂੰ ਬਰਦਾਸ਼ਤ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਪਤਾਨ ਸਾਹਿਬ ਅੱਜ ਸਾਰੀ ਕਾਂਗਰਸ ਵੀ ਤੁਹਾਡੇ ਸਿਰ ਤੇ ਨਕਾਮੀਆਂ ਦਾ ਠੀਕਰਾ ਭੰਨ ਰਹੀ ਹੈ, ਹਾਲਾਂ ਕਿ ਉਹ ਵੀ ਤੁਹਾਡੇ ਮਾਫੀਆ ਰਾਜ ਦਾ ਹਿੱਸਾ ਸਨ, ਇਸ ਲਈ ਪੰਜਾਬ ਦੇ ਲੋਕਾਂ ਨੂੰ ਸਪਸਟ ਕਰੋ ਹੈ ਕਾਂਗਰਸ ਦੇ ਕਿਹੜੇ ਕਿਹੜੇ ਵਿਧਾਇਕ ਅਤੇ ਵਜੀਰ ਕਿਹੜੇ ਕਿਹੜੇ ਮਾਫੀਆ ਦੀ ਸਰਪ੍ਰਸਤੀ ਕਰਦੇ ਸਨ ?
ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਅਤੇ ਸਮੁੱਚੀ ਕਾਂਗਰਸ ਨੂੰ ਕੋਸਦੇ ਹੋਏ ਕਿਹਾ ਕਿ ਚਾਰ ਸਾਲਾਂ ਦੀਆਂ ਨਕਾਮੀਆਂ ਲਈ ਕੈਪਟਨ ਅਮਰਿੰਦਰ ਸਿੰਘ ਇਕੱਲੇ ਜਿੰਮੇਵਾਰ ਨਹੀਂ ਹਨ ਪੂਰੀ ਪੰਜਾਬ ਕਾਂਗਰਸ ਅਤੇ ਕਾਂਗਰਸ ਹਾਈ ਕਮਾਂਡ ਵੀ ਬਰਾਬਰ ਜਿੰਮੇਵਾਰ ਹੈ। ਇਸ ਕਰਕੇ ਪੰਜਾਬ ਦੇ ਲੋਕ ਕੈਪਟਨ ਦੇ ਨਾਲ-ਨਾਲ ਕਾਂਗਰਸ ਪਾਰਟੀ ਕੋਲੋਂ ਵੀ ਹਿਸਾਬ ਮੰਗਦੇ ਹਨ।
ਮਾਨ ਨੇ ਕਿਹਾ ਕਿ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਨੀਤਿਕ ਗੱਠਜੋੜ ਬਾਰੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਨਾਲ ਹਨ ਜਾਂ ਕੁਰਸੀ ਲਈ ਪੰਜਾਬ ਦੇ ਦੋਖੀਆਂ ਨਾਲ ਸਿਆਸੀ ਗੱਠਜੋੜ ਕਰਨਗੇ ? ਭਗਵੰਤ ਮਾਨ ਨੇ ਸ੍ਰੋਮਣੀ ਅਕਾਲੀ ਦਲ ਸੰਯੁਕਤ (ਸੁਖਦੇਵ ਸਿੰਘ ਢੀਂਡਸਾ) ਵੱਲੋਂ ਭਾਜਪਾ ਨਾਲ ਸਰਤਾਂ ਤਹਿਤ ਗਠਜੋੜ ਕੀਤੇ ਜਾਣ ਵਾਲੇ ਬਿਆਨਾਂ ਉੱਪਰ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਸਰਦਾਰ ਢੀਂਡਸਾ ਅਤੇ ਬਾਕੀ ਟਕਸਾਲੀ ਆਗੂਆਂ ਨੂੰ ਲੋਕਾਂ ਨੂੰ ਸਪਸਟੀਕਰਨ ਦੇਣਾ ਪਵੇਗਾ ਕਿ ਭਾਜਪਾ ਅਤੇ ਕੈਪਟਨ ਹੁਣ ਕਿਵੇਂ ਦੁੱਧ ਧੋਤੇ ਹੋ ਗਏ ਹਨ? ਕਿਉਕਿ ਇੱਕ ਨਾਪਾਕ ਗਠਜੋੜ ਸ਼ਰਤਾਂ ਹੋਣ ਜਾਂ ਸ਼ਰਤਾਂ ਨਾ ਹੋਣ ਦੇ ਕੋਈ ਮਾਅਇਨੇ ਨਹੀਂ ਰੱਖਦਾ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਮਿਲ ਕੇ ਪੰਜਾਬ ‘ਚ ਰਾਜਨੀਤਿਕ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਨਾਂ ਸਾਰਿਆਂ ਦਾ ਕੰਮ ਖ਼ਤਮ ਹੋ ਚੁੱਕਾ ਹੈ। ਪੰਜਾਬ ਦੀ ਪਿੱਠ ‘ਚ ਛੁਰਾ ਮਾਰਨ ਵਾਲਿਆਂ ਦਾ ਪੰਜਾਬੀ ਕਦੇ ਵੀ ਸਾਥ ਨਹੀਂ ਦੇਣਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…