ਜਾਅਲੀ ਟਰੈਵਲ ਏਜੰਟਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਡੀਸੀ ਈਸ਼ਾ ਕਾਲੀਆ

ਹੁਣ ਤੱਕ 4 ਫਰਮਾਂ ਦੇ ਲਾਇਸੈਂਸ ਕੈਂਸਲ ਤੇ 4 ਫਰਮਾਂ/ਕੰਪਨੀਆਂ ਦੇ ਲਾਇਸੈਂਸ ਕੀਤੇ ਮੁਅੱਤਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਜਾਅਲੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਨਿਰਦੇਸ਼ ਦਿੰਦਿਆਂ ਮੁਹਾਲੀ ਅਧੀਨ ਆਉਂਦੇ ਸਮੂਹ ਉਪ ਮੰਡਲ ਮੈਜਿਸਟਰੇਟਜ਼ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਰੈਵਲ ਏਜੰਟਾਂ ਵਿਰੁੱਧ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਅਤੇ ਅਣ-ਰਜਿਸਟਰਡ ਟਰੈਵਲ ਏਜੰਟਾਂ ਦੀ ਡੂੰਘਾਈ ਨਾਲ ਚੈਕਿੰਗ ਅਤੇ ਜਾਂਚ ਸਬੰਧੀ ਸਬ ਡਵੀਜਨ ਪੱਧਰ ’ਤੇ ਐਸਡੀਐਮ ਦੀ ਪ੍ਰਧਾਨਗੀ ਹੇਠ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਆਪਸੀ ਤਾਲਮੇਲ ਕਰ ਕੇ ਬਿਨਾਂ ਲਾਇਸੈਂਸ ਤੋਂ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਫਰਮਾਂ/ਕੰਪਨੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸ੍ਰੀਮਤੀ ਈਸ਼ਾ ਕਾਲੀਆਂ ਨੇ ਦੱਸਿਆ ਕਿ ਜਿਨ੍ਹਾਂ ਟਰੈਵਲ ਏਜੰਟਾਂ ਦਾ ਕੰਮ ਤਸੱਲੀਬਖਸ਼ ਨਹੀਂ ਸੀ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਦੇ ਹੋਏ ਪਿਛਲੇ ਸਮੇਂ ਦੌਰਾਨ 4 ਫਰਮਾਂ/ਕੰਪਨੀਆਂ ਦੇ ਲਾਇਸੰਸ ਕੈਂਸਲ/ਰੱਦ ਕੀਤੇ ਗਏ ਹਨ ਅਤੇ 4 ਫਰਮਾਂ/ਕੰਪਨੀਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਲਾਇਸੈਂਸ ਰੱਦ/ਮੁਅੱਤਲ ਕਰਨ ਸਬੰਧੀ ਹੁਕਮਾਂ ਦੀ ਜਾਣਕਾਰੀ ਵੈਬਸਾਈਟ www.sasnagar.nic.in ’ਤੇ ਅਪਲੋਡ ਕੀਤੀ ਗਈ ਹੈ।
ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਮ ਜਨਤਾ ਦੀ ਸਹੁੱਲਤ ਲਈ 471 ਰਜਿਸਟਰਡ ਟਰੈਵਲ ਏਜੰਟਾਂ ਦੀ ਸੂਚੀ ਦਫ਼ਤਰੀ ਵੈਬਸਾਇਟ: www.sasnagar.nic.in ’ਤੇ ਅਪਲੋਡ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਤਹਿਤ ਕੰਸਲਟੈਂਸੀ, ਟਰੈਵਲ ਏਜੰਸੀ, ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ, ਟਿਕਟਿੰਗ ਏਜੰਟ ਅਤੇ ਜਨਰਲ ਸੇਲਜ਼ ਏਜੰਟ ਦਾ ਬਿਜਨਸ ਕਰਨ ਲਈ ਲਾਇਸੰਸ ਜਾਰੀ ਕੀਤਾ ਜਾਂਦਾ ਹੈ। ਇਸ ਐਕਟ, ਰੂਲਜ਼ ਅਤੇ ਅਡਵਾਈਜਰੀ ਅਤੇ ਹਦਾਇਤਾਂ ਦੀ ਕਾਪੀ ਜ਼ਿਲ੍ਹਾ ਵੈਬਸਾਇਟ ਤੇ ਹੀ ਉਪਲਬੱਧ ਹੈ।
ਉਨ੍ਹਾਂ ਦੱਸਿਆ ਕਿ ਇਸ ਐਕਟ/ਰੂਲਜ਼/ਅਡਵਾਈਜਰੀ ਅਧੀਨ ਇਹ ਬਿਜਨਸ ਕਰਨ ਵਾਲਿਆਂ ਦੀ ਸਹੁੱਲਤ ਲਈ ਲਾਇਸੈਂਸ (ਨਵਾਂ ਅਤੇ ਰੀਨਿਊ) ਜਾਰੀ ਕਰਨ ਬਾਰੇ ਐਸਓਪੀ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਪ੍ਰਾਰਥੀ ਲਾਇਸੰਸ ਜਾਰੀ ਕਰਨ ਦੀ ਸਾਰੀ ਪ੍ਰਕੀਰਿਆ ਸਬੰਧੀ ਆਨਲਾਇਨ ਹੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਆਪਣੇ ਦਫ਼ਤਰ/ਘਰ ਤੋਂ ਹੀ ਇਹ ਲਾਇਸੰਸ ਪ੍ਰਾਪਤ ਕਰਨ ਲਈ ਦਰਖਾਸਤ ਆਨਲਾਇਨ ਅਪਲਾਈ ਕਰ ਸਕਦਾ ਹੈ। ਇਸ ਸਬੰਧੀ ਐਕਟ, ਰੂਲਜ਼ ਅਤੇ ਅਡਵਾਈਜਰੀ, ਫਾਰਮ, ਚੈਕ ਲਿਸਟ ਆਦਿ ਦਫਤਰੀ ਵੈਬਸਾਇਟ: www.sasnagar.nic.in ’ਤੇ ਅਪਲੋਡ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…