ਕਾਂਗਰਸ ਨੂੰ ਵੱਡਾ ਝਟਕਾ: ਪੰਜਾਬ ਕਾਂਗਰਸ ਦੇ ਸਕੱਤਰ ਜਸਪਾਲ ਸਿੰਘ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ

ਕੇਜਰੀਵਾਲ ਖ਼ੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੈ, ਲੋਕਾਂ ਦੀ ਰਾਇ ਪੁੱਛਣਾ ਮਹਿਜ਼ ਡਰਾਮੇਬਾਜ਼ੀ: ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਕਾਂਗਰਸ ਨੂੰ ਪੰਜਾਬ ਵਿੱਚ ਅੱਜ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਸਕੱਤਰ ਅਤੇ ਜ਼ੀਰਕਪੁਰ ਤੋਂ ਸਾਬਕਾ ਸਰਪੰਚ ਜਸਪਾਲ ਸਿੰਘ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ੍ਰੀ ਬਾਦਲ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ। ਇਸ ਮੌਕੇ ਅਕਾਲੀ ਵਿਧਾਇਕ ਐਨਕੇ ਸ਼ਰਮਾ, ਸੀਨੀਅਰ ਅਕਾਲੀ ਆਗੂ ਗੁਰਵਿੰਦਰ ਸਿੰਘ ਬਸੋਲੀ, ਸੀਲਮ ਸੋਹੀ, ਭੁਪਿੰਦਰ ਸੈਣੀ ਅਤੇ ਹੋਰ ਪਾਰਟੀ ਆਗੂ ਵਰਕਰ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਸਪਾਲ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ। ਉਨ੍ਹਾਂ ਨੇ ਮੌਕੇ ’ਤੇ ਹੀ ਜਸਪਾਲ ਸਿੰਘ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਚੋਣ ਨਾਲ ਸਬੰਧਤ ਡਿਊਟੀਆਂ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕਲੌਤੀ ਅਜਿਹੀ ਪਾਰਟੀ ਹੈ ਜੋ ਲੋਕਾਂ ਦੀ ਆਵਾਜ਼ ਹੈ ਅਤੇ ਲੋਕਾਂ ਦੇ ਹੱਕਾਂ ਲਈ ਲੜਦੀ ਹੈ ਜਦੋਂਕਿ ਹੋਰ ਪਾਰਟੀਆਂ ਵਿੱਚ ਫੈਸਲੇ ਦਿੱਲੀ ਤੋਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਭਾਜਪਾ ਜੋ ਕਰ ਰਹੀ ਹੈ, ਇਹ ਉਸਨੇ ਪੱਛਮੀ ਬੰਗਾਲ ਵਿੱਚ ਵੀ ਕੀਤਾ ਸੀ ਪਰ ਸੂਬੇ ਦੇ ਵੋਟਰਾਂ ਨੇ ਆਪਣੀ ਖੇਤਰੀ ਪਾਰਟੀ ਟੀਐਮਸੀ ਚੁਣੀ ਸੀ ਤੇ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਇਹੀ ਇਤਿਹਾਸ ਦੁਹਰਾਉਣਗੇ ਤੇ ਭਾਜਪਾ ਨੂੰ ਮੂੰਹ ਦੀ ਖਾਣੀ ਪਵੇਗੀ।
ਸ੍ਰੀ ਬਾਦਲ ਨੇ ਕਿਹਾ ਕਿ ਇਸ ਵੇਲੇ ਇਹ ਤਿੰਨੇ ਪਾਰਟੀਆਂ ਪੰਜਾਬ ’ਤੇ ਹਮਲਾ ਕਰ ਰਹੀਆਂ ਹਨ। ਜਿਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਪੰਜਾਬ ਵਿਰੋਧੀ ਫੈਸਲੇ ਲਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹੀ ਦੇਖ ਲਵੋ, ਉਨ੍ਹਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ’ਚੋਂ ਹਿੱਸਾ ਮੰਗਿਆ ਅਤੇ ਐਸਵਾਈਐਲ ਨਹਿਰ ਬਣਾਉਣ ਦੀ ਵਕਾਲਤ ਕੀਤੀ ਤੇ ਸੁਪਰੀਮ ਕੋਰਟ ਵਿਚ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਤਿੰਨ ਖੇਤੀ ਕਾਨੂੰਨ ਬਣਾਏ ਜਿਸਦੇ ਖ਼ਿਲਾਫ਼ ਦੇਸ਼ ਦੇ ਕਿਸਾਨਾਂ ਨੇ ਜ਼ੋਰਦਾਰ ਅੰਦੋਲਨ ਵਿੱਢਿਆ ਤੇ ਅੰਤ ਨੁੰ ਇਹ ਖਾਰਜ ਕਰਨੇ ਪਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਪੰਜਾਬ ਨੂੰ ਲੁੱਟਿਆ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਨੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਤੇ ਇਹਨਾਂ ਦਾ ਇਕੋ ਇਕ ਏਜੰਡਾ ਪੰਜਾਬ ਨੂੰ ਲੁੱਟਣਾ ਰਿਹਾ ਹੈ ਤੇ ਇਹ ਸਿਰਫ਼ ਅਕਾਲੀ ਦਲ ਹੈ ਜੋ ਲੋਕਾਂ ਦੀ ਸੇਵਾ ਕਰਦਾ ਹੈ।
ਆਪ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਲਈ ਲੋਕਾਂ ਦੀ ਰਾਇ ਪੁੱਛਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸ੍ਰੀ ਕੇਜਰੀਵਾਲ ਖ਼ੁਦ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ ਅਤੇ ਲੋਕਾਂ ਦੀ ਰਾਇ ਪੁੱਛਣਾ ਮਹਿਜ਼ ਡਰਾਮਾਬਾਜ਼ੀ ਹੈ। ਅਜਿਹਾ ਕਰਕੇ ਉਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਕ ਡੰਮੀ ਚਿਹਰਾ ਪੇਸ਼ ਕਰਨਾ ਚਾਹੁੰਦੇ ਹਨ ਅਤੇ ਲੋਕਾਂ ਏਜੰਡਾ ਇਹ ਹੈ ਕਿ ਸ੍ਰੀ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਸ਼ੁਰੂ ਤੋਂ ਅੱਖ ਹੈ। ਉਹਨਾਂ ਕਿਹਾ ਕਿ ਆਪ ਦੇ ਗਾਣੇ ਤੋਂ ਇਹ ਸਾਬਤ ਹੋ ਜਾਂਦਾ ਹੈ ਜਿਸ ਵਿੱਚ ਸਿਰਫ਼ ਕੇਜਰੀਵਾਲ, ਕੇਜਰੀਵਾਲ, ਕੇਜਰੀਵਾਲ ਸ਼ਬਦ ਹੀ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਗੂਆਂ ਨੂੰ ਅਣਡਿੱਠ ਕਰ ਕੇ ਰਾਘਵ ਚੱਢਾ ਪੰਜਾਬ ਪੱਤਰਕਾਰ ਸੰਮੇਲਨ ਅਤੇ ਮੀਟਿੰਗਾਂ ਅਤੇ ਵੱਡੇ ਫੈਸਲੇ ਕਰ ਰਹੇ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕੇਜਰੀਵਾਲ ਪੰਜਾਬੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਹਨ। ਉਨ੍ਹਾਂ ਸ੍ਰੀ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਉਹ ਸਮਝਦੇ ਹਨ ਕਿ ਪੰਜਾਬੀ ਮੂਰਖ ਹਨ ਅਤੇ ਆਪਣੇ ਸੂਬੇ ਲਈ ਕੁਝ ਨਹੀਂ ਸੋਚ ਸਕਦੇ?
ਇਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਮੁੱਖ ਮੁਕਾਬਲਾ ਕਾਂਗਰਸ ਅਤੇ ਆਪ ਨਾਲ ਵੱਖੋ ਵੱਖ ਸੀਟਾਂ ’ਤੇ ਹੈ ਅਤੇ ਭਾਜਪਾ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੈ। ਕਿਸਾਨਾਂ ਵੱਲੋਂ ਚੋਣਾਂ ਲੜਨ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਹਰ ਕਿਸੇ ਨੂੰ ਚੋਣਾਂ ਲੜਨ ਦਾ ਹੱਕ ਹੈ ਅਤੇ ਹੁਣ ਕਿਸਾਨਾਂ ਦੀ ਜਥੇਬੰਦੀ ਜੋ ਚੋਣਾਂ ਲੜ ਰਹੀ ਹੈ, ਇਕ ਸਿਆਸੀ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਾਂਗ ਆਪ ਇਸ ਵਾਰ ਵੀ ਟਿਕਟਾਂ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਵੱਲੋਂ ਚੁਣੇ ਆਪ ਦੇ ਐਮਪੀਜ਼ ’ਚੋਂ 3 ਅਤੇ ਕਈ ਵਿਧਾਇਕ ਇਹ ਕਹਿ ਕੇ ਪਾਰਟੀ ਛੱਡ ਗਏ ਕਿ ਸ੍ਰੀ ਕੇਜਰੀਵਾਲ ਤਾਨਾਸ਼ਾਹ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…