ਅਕਾਲੀ ਆਗੂ ਪਰਵਿੰਦਰ ਬੈਦਵਾਨ ਦੀ ਹਮਾਇਤ ਵਿੱਚ ਅੱਗੇ ਆਏ ਕਈ ਕਾਂਗਰਸ ਪੱਖੀ ਪਰਿਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਆਪਣਾ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਅੱਜ ਉਨ੍ਹਾਂ ਦੀ ਚੋਣ ਮੁਹਿੰਮ ਉਸ ਸਮੇਂ ਕਾਫ਼ੀ ਬਲ ਮਿਲਿਆ ਜਦੋਂ ਪਿੰਡ ਗੋਬਿੰਦਗੜ੍ਹ ਦੇ ਸਾਬਕਾ ਸਰਪੰਚ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਕਾਕਾ ਪੁਰੀ, ਹੈਪੀ, ਦਲਜੀਤ ਪੁਰੀ, ਕਰਨ, ਗੁਰਮੁੱਖ ਪੁਰੀ, ਬਲਵਿੰਦਰ ਪੁਰੀ, ਬਿੰਦਰ ਚੌਧਰੀ, ਕੇਵਲ ਚੌਧਰੀ ਸਮੇਤ ਕਈ ਕਾਂਗਰਸੀ ਪੱਖੀ ਵਿਅਕਤੀਆਂ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਸਾਰੇ ਵਿਅਕਤੀਆਂ ਦਾ ਬੈਦਵਾਨ ਨੇ ਸ਼ਾਨਦਾਰ ਸਵਾਗਤ ਕਰਦਿਆਂ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ 5 ਸਾਲਾਂ ਵਿੱਚ ਆਪਣੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਜਿਸ ਕਾਰਨ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਰੋਜ਼ਾਨਾ ਚੋਣ ਪ੍ਰਚਾਰ ਦੌਰਾਨ ਹੁਕਮਰਾਨਾਂ ਦੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਅਕਾਲੀ ਦਲ ਨਾਲ ਜੁੜ ਰਹੇ ਹਨ।
ਸ੍ਰੀ ਬੈਦਵਾਨ ਨੇ ਸਾਬਕਾ ਮੰਤਰੀ ਬਲਬੀਰ ਸਿੱਧੂ ਉੱਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਪੇਂਡੂ ਖੇਤਰ ਦੇ ਲੋਕਾਂ ਨੂੰ ਵੰਡੀਆਂ ਪਾ ਕੇ ਧੜੇਬੰਦੀਆਂ ਪੈਦਾ ਕੀਤੀਆਂ ਹਨ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਵਿਰੋਧੀਆਂ ’ਤੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਜਿਸ ਕਾਰਨ ਆਪਸੀ ਭਾਈਚਾਰਕ ਸਾਂਝ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਹੁਣ ਸਰਕਾਰ ਦੀਆਂ ਵਧੀਕੀਆਂ ਦਾ ਜਵਾਬ ਹੁਣ ਵੋਟ ਰਾਹੀਂ ਜਵਾਬ ਦੇਣਗੇ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਸਿੱਧੂ ਦੀਆਂ ਵਧੀਕੀਆਂ ਤੋਂ ਪਿੰਡਾਂ ਦੇ ਲੋਕ ਤੰਗ ਆ ਚੁੱਕੇ ਹਨ ਕਿਉਂਕਿ ਪਿੰਡਾਂ ਵਿੱਚ ਵਿਕਾਸ ਦੇ ਕੰਮ ਕਰਵਾਉਣ ਜਾਂ ਬੁਨਿਆਦੀ ਸਹੂਲਤਾਂ ਦੇਣ ਦੀ ਬਜਾਇ ਸਿੱਧੂ ਨੇ ਲੋਕਾਂ ਉਤੇ ਝੂਠੇ ਪਰਚੇ ਦਰਜ ਕਰਵਾਏ। ਪੰਜਾਬ ਦਾ ਸਿਹਤ ਮੰਤਰੀ ਹੁੰਦੇ ਹੋਏ ਬਲਬੀਰ ਸਿੱਧੂ ਕਰੋਨਾ ਮਹਾਮਾਰੀ ਦੇ ਸਮੇਂ ਪੀਪੀਈ ਕਿੱਟਾਂ ਅਤੇ ਕਰੋਨਾ ਦੀਆਂ ਦਵਾਈਆਂ ਚੋਰੀ ਵਰਗੇ ਦੋਸ਼ਾਂ ਵਿੱਚ ਘਿਰੇ ਰਹੇ। ਖ਼ੁਦ ਆਪਣੀਆਂ ਘਟੀਆਂ ਹਰਕਤਾਂ ਕਰਕੇ ਬੁਰੀ ਤਰ੍ਹਾਂ ਬਦਨਾਮ ਹੋਏ ਸਿੱਧੂ ਨੂੰ ਕਾਂਗਰਸ ਨੇ ਹੀ ਮੰਤਰੀ ਪਦ ਤੋਂ ਹਟਾ ਦਿੱਤਾ। ਇਸ ਲਈ ਜਿਹੜੇ ਉਮੀਦਵਾਰ ਉਤੇ ਉਸ ਦੀ ਕਾਂਗਰਸ ਪਾਰਟੀ ਨੇ ਯਕੀਨ ਨਹੀਂ ਕੀਤਾ, ਉਸ ਉਮੀਦਵਾਰ ਉਤੇ ਲੋਕ ਕਿਵੇਂ ਯਕੀਨ ਕਰ ਸਕਦੇ ਹਨ। ਅਕਾਲੀ ਉਮੀਦਵਾਰ ਸੋਹਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਓ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਜਥੇਦਾਰ ਬਲਵਿੰਦਰ ਸਿੰਘ ਗੋਬਿੰਦਗੜ੍ਹ, ਹਰਮਿੰਦਰ ਸਿੰਘ ਪੱਤੋਂ, ਬਿਕਰਮਜੀਤ ਸਿੰਘ ਗੀਗੇਮਾਜਰਾ, ਯੂਥ ਵਿੰਗ ਮੁਹਾਲੀ ਦੇ ਪ੍ਰਧਾਨ ਰਮਨਦੀਪ ਸਿੰਘ ਬਾਵਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…