ਪਿੰਡਾਂ ਵਿੱਚ ਧੜੇਬੰਦੀਆਂ ਖ਼ਤਮ ਕਰਕੇ ਆਪਸੀ ਭਾਈਚਾਰਾ ਕਾਇਮ ਕੀਤਾ ਜਾਵੇਗਾ: ਕੁਲਵੰਤ ਸਿੰਘ

ਸਰਪੰਚ ਛੱਜਾ ਸਿੰਘ ਕੁਰੜੀ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕ ‘ਆਪ’ ਵਿੱਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਅੱਜ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਉਸ ਸਮੇਂ ਭਰਵਾਂ ਹੁਲਾਰਾ ਮਿਲਿਆ ਜਦੋਂ ਪਿੰਡ ਕੁਰੜੀ ਦੇ ਸਰਪੰਚ ਛੱਜਾ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੇਂਡੂ ਖੇਤਰ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋ ਕੇ ਆਮ ਲੋਕ ਆਪ ਮੁਹਾਰੇ ‘ਆਪ’ ਨਾਲ ਜੁੜ ਰਹੇ ਹਨ ਅਤੇ ਬਿਨਾਂ ਸ਼ਰਤ ਸਮਰਥਨ ਕਰ ਰਹੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਹਲਕੇ ਦੇ ਲੋਕ ਕਾਂਗਰਸ ਸਰਕਾਰ ਦੇ ਝੂਠੇ ਲਾਰੇ, ਗਲਤ ਨੀਤੀਆਂ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਦੀਆਂ ਕਥਿਤ ਵਧੀਕੀਆਂ ਤੋਂ ਤੰਗ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 5 ਸਾਲਾਂ ਦੌਰਾਨ ਹੁਕਮਰਾਨਾਂ ਨੇ ਵਿਕਾਸ ਦੀ ਥਾਂ ਪਿੰਡਾਂ ਵਿੱਚ ਧੜੇਬੰਦੀਆਂ ਪੈਦਾ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਹੈ ਅਤੇ ਵਿਰੋਧੀਆਂ ’ਤੇ ਬਦਲਾਖੋਰੀ ਕਾਰਨ ਝੂਠੇ ਪਰਚੇ ਦਰਜ ਕਰਵਾਏ ਗਏ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਜਿੱਥੇ ਵਿਕਾਸ ਪੱਖੋਂ ਮੁਹਾਲੀ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ, ਉੱਥੇ ਪਿੰਡਾਂ ਵਿੱਚ ਧੜੇਬੰਦੀਆਂ ਖ਼ਤਮ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਸੱਥਾਂ ਵਿੱਚ ਮੁੜ ਤੋਂ ਲੋਕ ਇਕੱਠੇ ਜੁੜ ਕੇ ਬੈਠ ਸਕਣ।
ਇਸ ਤੋਂ ਪਹਿਲਾਂ ਸਮਾਜ ਸੇਵੀ ਛੱਜਾ ਸਿੰਘ ਸਰਪੰਚ ਕੁਰੜੀ ਨੇ ਕਿਹਾ ਕਿ ਕੁਲਵੰਤ ਸਿੰਘ ਨੇ ਨਗਰ ਨਿਗਮ ਦੇ ਪਹਿਲੇ ਮੇਅਰ ਹੁੰਦਿਆਂ ਮੁਹਾਲੀ ਦਾ ਸਰਬਪੱਖੀ ਵਿਕਾਸ ਕੀਤਾ ਅਤੇ ਲੋਕਪੱਖੀ ਵੱਡੇ ਪ੍ਰਾਜੈਕਟ ਪਾਸ ਕੀਤੇ ਗਏ। ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਭਲੀਭਾਂਤ ਸਮਝਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਸਾਰੀਆਂ ਆਸਾਂ ਹਨ। ਇਸ ਮੌਕੇ ਬਲਰਾਜ ਸਿੰਘ ਗਿੱਲ, ਸਵਰਨ ਸਿੰਘ ਕੁਰੜੀ, ਜਗਤ ਸਿੰਘ ਅਤੇ ਨੰਬਰਦਾਰ ਹਰਸੰਗਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਆਪ ਆਗੂ ਪਰਮਜੀਤ ਸਿੰਘ ਕਾਹਲੋਂ, ਦਵਿੰਦਰ ਸਿੰਘ ਕੁਰੜੀ, ਅੰਗਰੇਜ਼ ਸਿੰਘ ਕੁਰੜੀ, ਲਖਵਿੰਦਰ ਸਿੰਘ, ਨਿਰਮਲ ਸਿੰਘ, ਬਲਬੀਰ ਸਿੰਘ ਸੋਹਲ, ਸੁਰਿੰਦਰ ਸਿੰਘ ਰੋਡਾ, ਹਰਪਾਲ ਸਿੰਘ ਚੰਨਾ, ਪਿਆਰਾ ਸਿੰਘ ਤੂਰ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …