ਆਮ ਆਦਮੀ ਪਾਰਟੀ ਨੂੰ ਝਟਕਾ: ਬੀਰ ਸਿੰਘ ਬਾਜਵਾ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

ਮੇਅਰ ਜੀਤੀ ਸਿੱਧੂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਕੀਤਾ ਨਿੱਘਾ ਸਵਾਗਤ

ਕੁਲਵੰਤ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਹਨ ਮੁਹਾਲੀ ਵਾਸੀ, ਦਿਖਾਉਣਗੇ ਬਾਹਰ ਦਾ ਰਾਹ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਮੁਹਾਲੀ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਲਗਾਤਾਰ ਵਧ ਰਹੇ ਜਨ ਆਧਾਰ ਨੂੰ ਦੇਖਦਿਆਂ ਜਿੱਥੇ ਵਿਰੋਧੀ ਬੁਰੀ ਤਰ੍ਹਾਂ ਬੁਖਲਾਏ ਪਏ ਹਨ, ਉੱਥੇ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਵੱਲੋਂ ਚੋਣਾਂ ਲੜ ਚੁੱਕੇ ਉਮੀਦਵਾਰ ਤੇ ਹੋਰ ਆਗੂ ਵਿਧਾਇਕ ਸਿੱਧੂ ਅਤੇ ਕਾਂਗਰਸ ਪਾਰਟੀ ਦੀਆਂ ਵਿਕਾਸ ਮੁਖੀ ਨੀਤੀਆਂ ਨੂੰ ਦੇਖਦੇ ਹੋਏ ਲਗਾਤਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਨਾਲ ਵਿਧਾਇਕ ਸਿੱਧੂ ਦੀ ਸਥਿਤੀ ਦਿਨੋਂ ਦਿਨ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਰਿਕਾਰਡ ਤੋੜ ਜਿੱਤ ਯਕੀਨੀ ਹੈ। ਇਹ ਗੱਲ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਿੰਡ ਸ਼ਾਹੀਮਾਜਰਾ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਬੀਰ ਸਿੰਘ ਬਾਜਵਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਮੌਕੇ ਕਹੇ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਿੱਚ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾਉਂਦਿਆਂ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਮੁਹਾਲੀ ਵਾਸੀਆਂ ਦੇ ਅਥਾਹ ਪਿਆਰ ਅਤੇ ਵਿਸ਼ਵਾਸ ਸਦਕਾ ਹੀ ਸੰਭਵ ਹੋ ਪਾਇਆ ਸੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਬਲਬੀਰ ਸਿੰਘ ਸਿੱਧੂ ਨਾਲ ਇਕ ਪਰਿਵਾਰ ਵਾਂਗ ਜੁੜੇ ਹੋਏ ਹਨ ਅਤੇ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਮੁਹਾਲੀ ਦੇ ਲੋਕ ਖ਼ੁਦ ਬਖ਼ੁਦ ਅੱਗੇ ਆ ਕੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਬਣਾ ਕੇ ਸੰਭਾਲਦੇ ਹਨ ਤੇ ਵਿਰੋਧੀਆਂ ਨੂੰ ਡਟ ਕੇ ਭਜਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਚੁਣਾਵੀ ਮਾਹੌਲ ਮੋਹਾਲੀ ਦੇ ਲੋਕਾਂ ਨੇ ਇਸ ਵਾਰ ਵਿਧਾਇਕ ਸਿੱਧੂ ਦੇ ਹੱਕ ਵਿੱਚ ਬਣਾ ਦਿੱਤਾ ਹੈ ਉਸ ਨਾਲ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਨਾਲ ਬਲਬੀਰ ਸਿੰਘ ਸਿੱਧੂ ਦੀ ਜਿੱਤ ਯਕੀਨੀ ਬਣ ਗਈ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਲੂੰਬੜ ਚਾਲਾਂ ਚੱਲ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ ਪਰ ਅਸਲੀਅਤ ਹੈ ਕਿ ਕਾਂਗਰਸ ਦੇ ਸਮਰਥਨ ਨਾਲ ਮੇਅਰ ਬਣੇ ਕੁਲਵੰਤ ਸਿੰਘ ਮੇਅਰ ਬਣਨ ਉਪਰੰਤ ਆਮ ਲੋਕਾਂ ਨੂੰ ਮਿਲਦੇ ਤੱਕ ਨਹੀਂ ਸੀ, ਮੁਹਾਲੀ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਹਲ ਕਰਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ 2021 ਦੀਆਂ ਨਗਰ ਨਿਗਮ ਚੋਣਾਂ ਵਿਚ ਮੋਹਾਲੀ ਦੇ ਲੋਕਾਂ ਨੇ ਕੁਲਵੰਤ ਸਿੰਘ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਅਤੇ ਖ਼ੁਦ ਕੁਲਵੰਤ ਸਿੰਘ ਆਪਣੇ ਹੀ ਵਾਰਡ ਵਿਚ 300 ਦੇ ਲਗਪਗ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੋਂ ਹਾਰੇ। ਉਨ੍ਹਾਂ ਕਿਹਾ ਕਿ ਇਸ ਦੀ ਵਜ੍ਹਾ ਇਹ ਸੀ ਕਿ ਜਿੱਥੇ ਅਮਰੀਕ ਸਿੰਘ ਸੋਮਲ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਪਣੇ ਵਾਰਡ ਦੇ ਇਕੱਲੇ ਇਕੱਲੇ ਮਸਲੇ ਦਾ ਹੱਲ ਕਰਵਾਉਂਦੇ ਰਹੇ ਉੱਥੇ ਕੁਲਵੰਤ ਸਿੰਘ ਨੂੰ ਤਾਂ ਮਿਲਣਾ ਹੀ ਵਾਰਡ ਵਾਸੀਆਂ ਵਾਸਤੇ ਬਹੁਤ ਅੌਖਾ ਕੰਮ ਸੀ। ਉਨ੍ਹਾਂ ਕਿਹਾ ਕਿ ਇਹ ਗੱਲ ਖੁਦ ਕੁਲਵੰਤ ਸਿੰਘ ਦੇ ਵਾਰਡ ਦੇ ਲੋਕ ਐਲਾਨੀਆ ਤੌਰ ਤੇ ਕਹਿੰਦੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਕੁਲਵੰਤ ਸਿੰਘ ਨੂੰ ਉਸ ਦੇ ਵਾਰਡ ਦੇ ਲੋਕਾਂ ਨੇ ਨਹੀਂ ਅਪਣਾਇਆ ਉਹਨੂੰ ਮੁਹਾਲੀ ਹਲਕੇ ਦੇ ਲੋਕ ਕੀ ਅਪਨਾਉਣਗੇ।
ਇਸ ਮੌਕੇ ਬੋਲਦਿਆਂ ਬੀਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਹੀ ਸਨ ਅਤੇ ਇਹ ਉਨ੍ਹਾਂ ਦੀ ਘਰ ਵਾਪਸੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੀ ਮੁਹਾਲੀ ਹਲਕੇ ਦਾ ਵਿਕਾਸ ਕਰਾਇਆ ਹੈ ਅਤੇ ਬਾਕੀ ਸਾਰੇ ਵਿਰੋਧੀ ਟੋਲੇ ਆਪੋ ਆਪਣੇ ਨਿੱਜੀ ਮੁਫ਼ਾਦਾਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ ਪੂਰੀ ਤਰ੍ਹਾਂ ਡਟ ਕੇ ਬਲਬੀਰ ਸਿੰਘ ਸਿੱਧੂ ਦੇ ਨਾਲ ਖੜੇ ਹਨ ਅਤੇ ਵਿਧਾਇਕ ਸਿੱਧੂ ਨੂੰ ਇਸ ਵਾਰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਪਾ ਕੇ ਰਿਕਾਰਡ ਤੋੜ ਜਿੱਤ ਨਾਲ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ ਤੇ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਇਸ ਮੌਕੇ ਸ਼ਾਹੀ ਮਾਜਰਾ ਤੋਂ ਲੰਬੜਦਾਰ ਕਮਲਜੀਤ ਕੌਰ, ਸਤਿੰਦਰ ਪਾਂਡਿਆ, ਪਰਮੇਸ਼ਰ ਪਾਂਡਿਆ, ਅੱਛੇ ਲਾਲ ਸ਼ਾਹ, ਦਿਲਪ੍ਰੀਤ ਸਿੰਘ ਬੈਦਵਾਣ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਮੇਅਰ ਜੀਤੀ ਸਿੱਧੂ ਨੇ ਪਾਰਟੀ ਵਿੱਚ ਆਉਣ ’ਤੇ ਨਿੱਘਾ ਸਵਾਗਤ ਕੀਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…