ਫੇਕ ਨਿਊਜ਼ ਫੈਲਾਉਣ ਦੇ ਦੋਸ਼ ਵਿੱਚ ‘ਆਪ’ ਨੇ ਮਨਜਿੰਦਰ ਸਿਰਸਾ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ

‘ਆਪ’ ਨੇ ਭਾਜਪਾ ਆਗੂ ਸਿਰਸਾ ਖ਼ਿਲਾਫ਼ ਚੋਣ ਕਮਿਸ਼ਨ ਨੂੰ ਵੀ ਭੇਜੀ ਸ਼ਿਕਾਇਤ, ਸਖ਼ਤ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਆਮ ਆਦਮੀ ਪਾਰਟੀ (ਆਪ) ਨੇ ਝੂਠੀ ਖ਼ਬਰ ਫੈਲਾਉਣ ਦੇ ਦੋਸ਼ ਵਿੱਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਮੁੱਖ ਚੋਣ ਕਮਿਸ਼ਨ ਅਤੇ ਮੁਹਾਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਨਜਿੰਦਰ ਸਿਰਸਾ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਫਰਜ਼ੀ ਖਬਰ ਪੋਸਟ ਕਰ ਕੇ ਲਿਖਿਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ 10 ਸਾਲ ਤੋਂ ਪੁਰਾਣੇ ਵਾਹਨ ਚਲਾਉਣ ਦੀ ਇਜਾਜ਼ਤ ਖ਼ਤਮ ਕਰ ਦਿੱਤੀ ਜਾਵੇਗੀ। ‘ਆਪ’ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਮਨਘੜਤ ਗੱਲਾਂ ਹਨ। ਇਹ ਖ਼ਬਰ ਆਮ ਆਦਮੀ ਪਾਰਟੀ ਦੀ ਸੂਬੇ ਦੇ ਲੋਕਾਂ ਵਿੱਚ ਦਿਨ ਪ੍ਰਤੀ ਦਿਨ ਵਧ ਰਹੀ ਲੋਕਪ੍ਰਿਅਤਾ ਨੂੰ ਢਾਹ ਲਗਾਉਣ ਦੇ ਮਾੜੇ ਇਰਾਦੇ ਤਹਿਤ ਸਾਂਝੀ ਕੀਤੀ ਗਈ ਹੈ ਤਾਂ ਜੋ ਚੋਣਾਂ ਵਿੱਚ ਭਾਜਪਾ ਸਮੇਤ ਹੋਰ ਬਾਕੀ ਵਿਰੋਧੀ ਪਾਰਟੀਆਂ ‘ਆਪ’ ਖ਼ਿਲਾਫ਼ ਕੂੜ ਪ੍ਰਚਾਰ ਕਰਕੇ ਸਿਆਸੀ ਲਾਹਾ ਲੈ ਸਕਣ।
ਅੱਜ ਇੱਥੇ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਮਨਜਿੰਦਰ ਸਿਰਸਾ ਨੂੰ ਉਕਤ ਸਮੱਗਰੀ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਹਟਾਉਣ ਅਤੇ ਤੁਰੰਤ ਜਨਤਕ ਮੁਆਫ਼ੀ ਮੰਗਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਾਰਟੀ ਨੇ ਸਿਰਸਾ ਦੇ ਖ਼ਿਲਾਫ਼ ਇਸ ਹੋਛੀ ਕਾਰਵਾਈ ਲਈ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿਉਂਕਿ ਅਜਿਹੀ ਭੜਕਾਊ ਅਤੇ ਗਲਤ ਜਾਣਕਾਰੀ ਨੂੰ ਜੇਕਰ ਇਸ ਤਰ੍ਹਾਂ ਹੀ ਬੇਕਾਬੂ ਛੱਡ ਦਿੱਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
‘ਆਪ’ ਨੇ ਚੋਣ ਪ੍ਰਚਾਰ ਦੌਰਾਨ ਆਮ ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਵਿੱਚ ਮਜ਼ਬੂਤ ਹੁੰਦੀ ਜਾ ਰਹੀ ਹੈ। ਪੰਜਾਬ ਦੇ ਲੋਕ ‘ਆਪ’ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਸੱਤਾ ਪਰਿਵਰਤਨ ਲਈ ‘ਆਪ’ ਤੀਜੇ ਬਦਲ ਵਜੋਂ ਦੇਖ ਰਹੇ ਹਨ। ਜਿਸ ਕਾਰਨ ਵਿਰੋਧੀ ਪਾਰਟੀਆਂ ਵੀ ‘ਆਪ’ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਠੋਸ ਕਾਰਨ ਨਹੀਂ ਲੱਭ ਪਾ ਰਹੀਆਂ, ਕਿਉਂਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਰਿਕਾਰਡਤੋੜ ਵਿਕਾਸ ਕੀਤਾ ਹੈ ਅਤੇ ਦੇਸ਼ ਦੀ ਰਾਜਧਾਨੀ ਵਿੱਚ ਵੱਸਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸੇ ਲਈ ਕੁਝ ਵਿਰੋਧੀ ਸਿਆਸਤਦਾਨ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਮਨਘੜਤ ਅਤੇ ਫੇਕ ਨਿਊਜ਼ ਦਾ ਸਹਾਰਾ ਲੈ ਰਹੇ ਹਨ, ਪ੍ਰੰਤੂ ਲੋਕ ਵਿਰੋਧੀਆਂ ਦੀ ਅਜਿਹੀਆਂ ਘਟੀਆਂ ਚਾਲਾਂ ਤੋਂ ਸੁਚੇਤ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…