ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਮੁਹਾਲੀ ਦਾ 21 ਨੁਕਾਤੀ ਚੋਣ ਮੈਨੀਫੈਸਟੋ ਕੀਤਾ ਜਾਰੀ

ਮੁਹਾਲੀ ਨੂੰ ਦੇਸ਼ ਦਾ ਨੰਬਰ ਇਕ ਸਮਾਰਟ ਸਿਟੀ ਬਣਾਉਣਾ ਮੇਰਾ ਸੰਕਲਪ: ਸੰਜੀਵ ਵਸ਼ਿਸ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਮੁਹਾਲੀ ਹਲਕੇ ਦਾ ਲੋਕਲ ਮੈਨੀਫੈਸਟੋ ਜਾਰੀ ਕਰ ਦਿਤਾ ਗਿਆ। ਮੁਹਾਲੀ ਹਲਕੇ ਦਾ ਮੈਨੀਫੈਸਟੋ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੀਵ ਵਸ਼ਿਸ਼ਟ ਨੇ ਇਸ ਮਨੋਰਥ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਭਵਿਖ ਦੇ ਉਲੀਕੇ ਸੰਕਲਪਾਂ ਦੀ ਜਾਣਕਾਰੀ ਸਾਂਝਾ ਕੀਤੀ।
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋ ਵੱਡਾ ਸੰਕਲਪ ਮੁਹਾਲੀ ਦੀ ਮੌਜੂਦਾ ਬੁਰੀ ਹਾਲਤ ਨੂੰ ਬਦਲਦੇ ਹੋਏ ਇਸ ਸਾਫ਼ ਸੁਥਰਾ, ਸੋਹਣਾ, ਹਰਿਆ ਭਰਿਆ ਬਣਾ ਕੇ ਦੇਸ਼ ਦੀ ਸਮਾਰਟ ਸਿਟੀ ਰੈਕਿੰਗ ਵਿੱਚ ਪਹਿਲੇ ਨੰਬਰ ਤੇ ਲਿਆਉਣਾ ਹੈ। ਵਸ਼ਿਸ਼ਟ ਨੇ ਕਿਹਾ ਮੁਹਾਲੀ ਦਾ ਅਸਲ ਵਿਕਾਸ ਇਸ ਨੂੰ ਸਮਾਰਟ ਸਿਟੀ ਦਾ ਰੁਤਬਾ ਦਿਵਾ ਕੇ ਹੀ ਕਰਵਾਇਆਂ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਸਰਕਾਰ ਬਣਦੇ ਹੀ ਛੋਟੇ ਮਕਾਨਾਂ ਅਤੇ ਫਲੈਟਾਂ ਨੂੰ ਨੀਡ ਬੇਸਡ ਪਾਲਿਸੀ ਅਧੀਨ ਇਜਾਜ਼ਤ ਦਿਵਾਉਣ ਦਾ ਵਾਅਦਾ ਕੀਤਾ। ਵਸ਼ਿਸ਼ਟ ਨੇ ਮੁਹਾਲੀ ਦੇ ਸਾਰੇ ਸੈਕਟਰਾਂ ਅਤੇ ਪਿੰਡਾਂ ਤੱਕ ਲੋਕਲ ਬੱਸ ਸੇਵਾ ਸ਼ੁਰੂ ਕਰਨ ਦਾ ਵੀ ਸੰਕਲਪ ਲਿਆ। ਇਸ ਦੇ ਨਾਲ ਹੀ ਵਸ਼ਿਸ਼ਟ ਵੱਲੋਂ ਇਸ ਮੈਨੀਫੈਸਟੋ ਵਿਚ ਸਾਰੀ ਕੱਚੀਆਂ-ਪੱਕੀਆਂ ਕਾਲੋਨੀਆਂ ਵਿਚ ਬਿਜਲੀ, ਪਾਣੀ, ਸੀਵਰੇਜ ਅਤੇ ਸੜਕਾਂ ਜਿਹੀਆਂ ਬੁਨਿਆਦੀ ਸੁਵਿਧਾਵਾਂ ਪਹੁੰਚਾਉਣ ਦਾ ਪ੍ਰਣ ਲਿਆ। ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿੰਗਲ ਵਿੰਡੋ ਸਿਸਟਮ, ਗ਼ਰੀਬਾਂ ਲਈ ਈ ਡਬਲਿਊ ਐੱਸ ਮਕਾਨ ਬਣਾਉਣਾ ਅਤੇ ਮੁਹਾਲੀ ਦੇ ਹਰ ਘਰ ਵਿਚ ਐਲ ਪੀ ਜੀ ਰਸੋਈ ਗੈੱਸ ਦੀ ਸਪਲਾਈ ਲਈ ਪਾਈਪ ਲਾਈਨ ਪਹੁੰਚਾਉਣ ਵੀ ਇਸ ਲੋਕ ਭਲਾਈ ਮੁਹਾਲੀ ਮੈਨੀਫੈਸਟੋ ਦਾ ਹਿੱਸਾ ਬਣਿਆਂ।
ਛੋਟੇ ਬੂਥਾਂ ਨੂੰ ਹਰਿਆਣਾ ਰਾਜ ਦੀ ਤਰਜ਼ ਤੇ ਇਕ ਹੋਰ ਮੰਜ਼ਿਲ ਪਾਉਣ ਜਾਂ ਲੋੜੀਦੇ ਬਦਲਾਵਾਂ ਦੀ ਪਾਲਿਸੀ ਲਿਆਉਣ ਦੀ ਗੱਲ ਵੀ ਇਸ ਮੈਨੀਫੈਸਟੋ ਵਿਚ ਲਿਖੀ ਗਈ। ਸੰਜੀਵ ਵਸ਼ਿਸ਼ਟ ਨੇ ਮੈਨੀਫੈਸਟੋ ਪੜਦੇ ਹੋਏ ਦੱਸਿਆਂ ਕਿ ਪੂਰਵਾਂਚਲ ਰਾਜਾ ਦੇ ਵਸਨੀਕਾਂ ਦੀ ਭਲਾਈ ਲਈ ਛਠ-ਪੂਜਾ ਘਾਟਾਂ ਦਾ ਨਿਰਮਾਣ ਕੀਤਾ ਜਾਵੇਗਾ, ਜਿਨ੍ਹਾਂ ਨੂੰ ਕਾਂਗਰਸੀਆਂ ਨੇ ਸਦਾ ਵੋਟ ਬੈਂਕ ਵਜੋਂ ਹੀ ਵਰਤਿਆ। ਇਸ ਦੇ ਨਾਲ ਹੀ ਕੰਮਕਾਜੀ ਅੌਰਤਾਂ ਲਈ ਵਰਕਿੰਗ ਵੂਮੈਂਨ ਹੋਸਟਲ ਵੀ ਬਣਾਏ ਜਾਣਗੇ।
ਸਿਹਤ ਸਬੰਧੀ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਹੁੰਦਿਆਂ ਮੁਹਾਲੀ ਦੇ ਸਭ ਹਸਪਤਾਲਾਂ ਦੀ ਹਾਲਤ ਬਹੁਤ ਖ਼ਰਾਬ ਰਹੀ। ਲੋਕ ਆਪਣੇ ਇਲਾਜ ਲਈ ਅੱਜ ਵੀ ਚੰਡੀਗੜ੍ਹ ਜਾਂ ਪ੍ਰਾਈਵੇਟ ਹਸਪਤਾਲ ਜਾ ਰਹੇ ਹਨ। ਭਾਜਪਾ ਸਰਕਾਰ ਵਿਚ ਚਾਰ ਸੋ ਬਿਸਤਰਿਆਂ ਦਾ ਇਕ ਅਤਿ ਆਧੁਨਿਕ ਸਭ ਬਿਮਾਰੀਆਂ ਦੇ ਇਲਾਜ ਵਾਲਾ ਹਸਪਤਾਲ ਖੋਲਿਆਂ ਜਾਵੇਗਾ। ਜਿੱਥੇ ਦਵਾਈਆਂ ਅਤੇ ਹਰ ਤਰਾਂ ਦੇ ਟੈੱਸਟ ਮੁਫ਼ਤ ਹੋਣਗੇ। ਇਸ ਦੇ ਨਾਲ ਹੀ ਪਿੰਡਾਂ ਵਿਚ ਵੀ ਡਿਸਪੈਂਸਰੀਆਂ ਖੋਲ੍ਹਦੇ ਹੋਏ ਉੱਥੇ ਇਲਾਜ ਦੀ ਸਹੂਲਤ ਮੁਹਾਇਆ ਕਰਵਾਈ ਜਾਵੇਗੀ।
ਸਿੱਖਿਆਂ ਦੇ ਖੇਤਰ ਲਈ ਭਾਜਪਾ ਦੇ ਮੈਨੀਫੈਸਟੋ ਵਿਚ ਬੱਚਿਆਂ ਲਈ ਵੱਖ-ਵੱਖ ਸੈਕਟਰਾਂ ਵਿੱਚ ਸਮਾਰਟ ਸਕੂਲ, ਸਿਰਫ਼ ਨੀਂਹ ਪੱਥਰ ਰੱਖੇ ਕੇ ਛੱਡੇ ਗਏ ਮੈਡੀਕਲ ਕਾਲਜ ਦੀ ਸਥਾਪਨਾ ਅਤੇ ਇਕ ਨਰਸਿੰਗ ਕਾਲਜ ਖੋਲ੍ਹਣ ਦਾ ਗੱਲ ਕਹੀ ਗਈ। ਇਸ ਦੇ ਨਾਲ ਹੀ ਮੋਹਾਲੀ ਦੇ ਨੌਜਵਾਨਾਂ ਨੂੰ ਪ੍ਰੋਫੈਸ਼ਨਲ ਨੌਕਰੀਆਂ ਲਈ ਤਿਆਰ ਕਰਦੇ ਹੋਏ ਨੌਜਵਾਨਾਂ ਲਈ ਮਲਟੀ ਸਕਿੱਲ ਸੈਂਟਰ ਖੋਲ੍ਹਣਾ ਵੀ ਇਸ ਮੈਨੀਫੈਸਟੋ ਦਾ ਹਿੱਸਾ ਰਿਹਾ। ਇਸ ਦੇ ਨਾਲ ਹੀ ਲਾਵਾਰਸ ਪਸ਼ੂਆਂ, ਆਵਾਰਾ ਕੁੱਤਿਆਂ ਦੀ ਸਮੱਸਿਆ, ਸਮਾਜਿਕ ਧਾਰਮਿਕ ਸੰਸਥਾਵਾਂ ਲਈ ਥਾਂ ਅਲਾਟ ਕਰਾਉਣਾ, ਪਾਰਕਾਂ ਵਿਚ ਜਿੰਮ ਅਤੇ ਪੰਘੂੜੇ ਲਗਵਾਉਣਾ ਵੀ ਇਸ ਸੰਕਲਪ ਵਿਚ ਰੱਖੇ ਗਏ ਹਨ। ਸ਼ਹਿਰ ਦੀ ਸੁਰੱਖਿਆ ਲਈ ਐਂਟਰੀ ਪੁਆਇੰਟ, ਮਾਰਕੀਟਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਤੇ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਵੀ ਭਾਜਪਾ ਉਮੀਦਵਾਰ ਵੱਲੋਂ ਕਹੀ ਗਈ। ਇਸ ਮੌਕੇ ਅਮਨਜੋਤ ਰਾਮੂਵਾਲੀਆ, ਲਖਵਿੰਦਰ ਕੌਰ ਗਰਚਾ ਸਮੇਤ ਭਾਜਪਾ ਦੇ ਕਈ ਆਗੂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…