ਸਬਜ਼ੀ ਮੰਡੀ ਦੀ ਥਾਂ ਦੇ ਕਬਜ਼ੇ ਨੂੰ ਲੈ ਕੇ ਤਲਵਾਰਾਂ ਚੱਲੀਆਂ, ਸਥਿਤੀ ਤਣਾਅ ਪੂਰਨ

ਪਿੰਡ ਵਾਸੀਆਂ ਤੇ ਆੜ੍ਹਤੀਆਂ ਨੇ ਇਕ ਦੂਜੇ ’ਤੇ ਲਗਾਏ ਹਮਲਾ ਕਰਨ ਦੇ ਦੋਸ਼, ਦੋਵਾਂ ਧਿਰਾਂ ’ਤੇ ਕਰਾਸ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਇੱਥੋਂ ਦੇ ਫੇਜ਼-1 ਸਥਿਤ ਮੁਹਾਲੀ ਪਿੰਡ ਦੀ ਸਬਜ਼ੀ ਮੰਡੀ ਵਾਲੀ ਥਾਂ ਦੇ ਕਬਜ਼ੇ ਨੂੰ ਲੈ ਕੇ ਆੜ੍ਹਤੀ ਅਤੇ ਪਿੰਡ ਵਾਸੀਆਂ ਵਿੱਚ ਜ਼ਬਰਦਸਤ ਝੜਪ ਹੋ ਗਈ ਅਤੇ ਤਲਵਾਰਾਂ ਚੱਲ ਪਈਆਂ। ਇਸ ਦੌਰਾਨ ਪਿੰਡ ਵਾਸੀ ਮਲਕੀਤ ਸਿੰਘ ਅਤੇ ਆੜ੍ਹਤੀ ਸੇਵਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਤੋਂ ਇਲਾਵਾ ਕਈ ਹੋਰਨਾਂ ਨੂੰ ਵੀ ਸੱਟਾ ਲੱਗੀਆਂ ਹਨ।
ਨੰਬਰਦਾਰ ਹਰਮਿੰਦਰ ਸਿੰਘ ਅਤੇ ਸਾਬਕਾ ਕੌਂਸਲਰ ਨਛੱਤਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਜਤਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਉਹ ਮੰਡੀ ਵਾਲੀ ਥਾਂ ਨਗਰ ਖੇੜਾ ਦੇ ਨਾਮ ਕਰਵਾ ਗਿਆ ਸੀ। ਇਸ ਸਬੰਧੀ ਉਨ੍ਹਾਂ ਕੋਲ ਦਸਤਾਵੇਜ਼ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਵਾਸੀ ਇਕੱਠੇ ਹੋ ਕੇ ਇਸ ਥਾਂ ’ਤੇ ਧਾਰਮਿਕ ਸਮਾਗਮ ਕਰਵਾਉਣ ਲਈ ਸਫ਼ਾਈ ਵਗੈਰਾ ਕਰਵਾਉਣ ਆਏ ਸੀ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਆੜ੍ਹਤੀ ਸੋਹਨ ਸਿੰਘ ਅਤੇ ਸੇਵਾ ਸਿੰਘ ਨੇ ਉਨ੍ਹਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮੰਡੀ ਵਿੱਚ ਦਹਿਸ਼ਤ ਫੈਲ ਗਈ। ਇਸ ਝਗੜੇ ਵਿੱਚ ਮਲਕੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਕਈ ਹੋਰਨਾਂ ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਰੇਆਮ ਤਲਵਾਰਾਂ ਲਹਿਰਾਉਣ ਅਤੇ ਲਲਕਾਰੇ ਮਾਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ, ਦੂਜੇ ਪਾਸੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਸੇਵਾ ਸਿੰਘ ਅਤੇ ਉਸ ਦੇ ਭਰਾ ਸੋਹਨ ਸਿੰਘ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਮੁਹਾਲੀ ਪਿੰਡ ਦੀ ਸਬਜ਼ੀ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦੇ ਆ ਰਹੇ ਹਨ। ਮ੍ਰਿਤਕ ਜਤਿੰਦਰ ਸਿੰਘ ਦੀ ਦੇਖਭਾਲ ਵੀ ਉਹੀ ਕਰਦੇ ਸੀ। ਉਨ੍ਹਾਂ ਦੱਸਿਆ ਕਿ ਮਰਨ ਤੋਂ ਪਹਿਲਾਂ ਜਤਿੰਦਰ ਸਿੰਘ ਮੰਡੀ ਵਾਲੀ ਆਪਣੀ ਥਾਂ ਉਨ੍ਹਾਂ ਦੇ ਸਪੁਰਦ ਕਰ ਗਿਆ ਸੀ ਲੇਕਿਨ ਅੱਜ ਇਸ ਜਗ੍ਹਾਂ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਿੰਡ ਵਾਸੀਆਂ ਨੇ ਉਨ੍ਹਾਂ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਸੇਵਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਦੋਵਾਂ ਧਿਰਾਂ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਥਾਣਾ ਫੇਜ਼-1 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਆੜ੍ਹਤੀ ਸੇਵਾ ਸਿੰਘ ਦੀ ਸ਼ਿਕਾਇਤ ’ਤੇ ਮੁਹਾਲੀ ਪਿੰਡ ਦੇ ਨੰਬਰਦਾਰ ਹਰਮਿੰਦਰ ਸਿੰਘ ਅਤੇ ਸਾਬਕਾ ਕੌਂਸਲਰ ਨਛੱਤਰ ਸਿੰਘ ਸਮੇਤ ਹੋਰਨਾਂ ਵਿਅਕਤੀਆਂ ਵਿਰੁੱਧ ਧਾਰਾ 326, 323,427, 148, 149 ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦੋਂਕਿ ਦੂਜੀ ਧਿਰ ਦੇ ਜ਼ਖ਼ਮੀ ਮਲਕੀਤ ਸਿੰਘ ਦੀ ਸ਼ਿਕਾਇਤ ’ਤੇ ਆੜ੍ਹਤੀ ਸੇਵਾ ਸਿੰਘ ਤੇ ਸੋਹਨ ਅਤੇ ਹੋਰਨਾਂ ਖ਼ਿਲਾਫ਼ ਧਾਰਾ 324, 323, 148, 149 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਦੇਰ ਸ਼ਾਮ ਖ਼ਬਰ ਲਿਖੇ ਤੱਕ ਜਾਣ ਤੱਕ ਇਸ ਮਾਮਲੇ ਵਿੱਚ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਸੀ ਹੋ ਸਕੀ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…