nabaz-e-punjab.com

ਸਿੱਖਿਆ ਵਿਭਾਗ ਵੱਲੋਂ ਦਾਖ਼ਲਾ ਮੁਹਿੰਮ 2022-23 ਲਈ ਅਗਵਾਈ ਲੀਹਾਂ ਜਾਰੀ

ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰੀ ਕਮੇਟੀਆਂ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਲਈ ਕਰਨਗੀਆਂ ਵਿਸ਼ੇਸ਼ ਉਪਰਾਲੇ

ਟਰਾਂਸਜੈਂਡਰ ਬੱਚਿਆਂ ਨੂੰ ਸਕੂਲੀ ਸਿੱਖਿਆ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਹਦਾਇਤ ਵੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ ਰੇਖ ਹੇਠ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਵਧਾਉਣ ਲਈ ਸੈਸ਼ਨ 2022-23 ਲਈ ‘ਈਚ ਵਨ ਬਰਿੰਗ ਵਨ‘ ਦਾਖ਼ਲਾ ਮੁਹਿੰਮ ਦੀਆਂ ਅਗਵਾਈ ਲੀਹਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਦੇ ਨਾਲ-ਨਾਲ ਪ੍ਰਿੰਸੀਪਲ ਡਾਇਟ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਦਾਖ਼ਲਾ ਮੁਹਿੰਮ ਸਬੰਧੀ ਹਦਾਇਤਾਂ ਵਾਲਾ ਪੱਤਰ ਜਾਰੀ ਕੀਤਾ ਗਿਆ ਹੈ।
ਦਾਖ਼ਲਾ ਮੁਹਿੰਮ ਤਹਿਤ ਐਨਰੋਲਮੈਂਟ ਬੂਸਟਰ ਟੀਮਾਂ ਦਾ ਵੱਖ-ਵੱਖ ਪੱਧਰਾਂ ਤੇ ਗਠਨ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਅਧੀਨ ਰਾਜ ਪੱਧਰੀ ਐਨਰੋਲਮੈਂਟ ਬੂਸਟਰ ਟੀਮ ਵਿੱਚ ਸ਼ਿਵਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਠਿੰਡਾ ਨੂੰ ਸਟੇਟ ਕੋਆਰਡੀਨੇਟਰ, ਸੁਖਵਿੰਦਰ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਨੂੰ ਉਪ ਸਟੇਟ ਕੋਆਰਡੀਨੇਟਰ, ਕਮਲਜੀਤ ਕੌਰ ਪ੍ਰਿੰਸੀਪਲ ਸਸਸਸਸ ਮਾਜਰੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਮਨੋਜ ਕੁਮਾਰ ਜੋਈਆ ਬੀ.ਪੀ.ਈ.ਓ. ਬਲਾਕ ਭੁਨਰਹੇੜੀ ਜ਼ਿਲ੍ਹਾ ਪਟਿਆਲਾ ਨੂੰ ਮੈਂਬਰ ਲਿਆ ਗਿਆ ਹੈ। ਰਾਜਿੰਦਰ ਸਿੰਘ ਚਾਨੀ ਜੋ ਕਿ ਸਟੇਟ ਦੇ ਮੁੱਖ ਦਫ਼ਤਰ ਵਿਖੇ ਮੀਡੀਆ ਸੈੱਲ ਵਿੱਚ ਕੰਮ ਕਰ ਰਹੇ ਹਨ ਨੂੰ ਐਨਰੋਲਮੈਂਟ ਬੂਸਟਰ ਟੀਮ ਵਿੱਚ ਸਟੇਟ ਮੀਡੀਆ ਕੋਆਰਡੀਨੇਟਰ ਦੀ ਮਹੱਤਵਪੂਰਨ ਡਿਊਟੀ ਦਿੰਦਿਆਂ ਰਾਜ ਪੱਧਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪ੍ਰਾਇਮਰੀ ਵਿੰਗ ਵਿੱਚ ਜ਼ਿਲ੍ਹਾ ਪੱਧਰੀ ਐਨਰੋਲਮੈਨਟ ਬੂਸਟਰ ਟੀਮਾਂ ਵਿੱਚ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’, ਡਾਇਟ ਪ੍ਰਿੰਸੀਪਲ, ਜ਼ਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ, ਜ਼ਿਲ੍ਹਾ ਐਮ.ਆਈ.ਐੱਸ. ਕੋਆਰਡੀਨੇਟਰ ਮੈਂਬਰ ਹੋਣਗੇ। ਬਲਾਕ ਪੱਧਰ ਤੇ ਬੀਪੀਈਓ ਦੇ ਨਾਲ ਬਲਾਕ ਮਾਸਟਰ ਟਰੇਨਰ, ਬਲਾਕ ਮੀਡੀਆ ਕੋਆਰਡੀਨੇਟਰ ਅਤੇ ਡਾਟਾ ਐਂਟਰੀ ਓਪਰੇਟਰ ਅਤੇ ਇਸੇ ਤਰ੍ਹਾਂ ਸੈਂਟਰ ਪੱਧਰ ‘ਤੇ ਸੈਂਟਰ ਹੈੱਡ ਟੀਚਰ, ਕਲੱਸਟਰ ਮਾਸਟਰ ਟਰੇਨਰ, ਸੈਂਟਰ ਮੀਡੀਆ ਇੰਚਾਰਜ ਅਤੇ ਡਾਟਾ ਐਂਟਰੀ ਓਪਰੇਟਰ ਐਨਰੋਲਮੈਂਟ ਬੂਸਟਰ ਟੀਮ ਦੇ ਮੈਂਬਰ ਹੋਣਗੇ।
ਸੈਕੰਡਰੀ ਵਿੰਗ ਵਿੱਚ ਜ਼ਿਲ੍ਹਾ ਪੱਧਰੀ ਐਨਰੋਲਮੈਂਟ ਬੂਸਟਰ ਟੀਮ ਵਿੱਚ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਨੋਡਲ ਅਫ਼ਸਰ, ਸਿੱਖਿਆ ਸੁਧਾਰ ਟੀਮ ਇੰਚਾਰਜ, ਐੱਨਜੀਓ ਕੋਆਰਡੀਨੇਟਰ, ਜ਼ਿਲ੍ਹਾ ਮੈਂਟਰ, ਜ਼ਿਲ੍ਹਾ ਐੱਮਆਈਐੱਸ ਕੋਆਰਡੀਨੇਟਰ ਅਤੇ ਜ਼ਿਲ਼੍ਹਾ ਪ੍ਰਿੰਟ ਅਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਸ਼ਾਮਲ ਹੋਣਗੇ। ਬਲਾਕ ਪੱਧਰੀ ਕਮੇਟੀ ਵਿੱਚ ਬਲਾਕ ਨੋਡਲ ਅਫ਼ਸਰ ਦੇ ਨਾਲ ਇੱਕ ਪ੍ਰਿੰਸੀਪਲ, ਇੱਕ ਹੈਡਮਾਸਟਰ ਅਤੇ ਇੱਕ ਮਿਡਲ ਸਕੂਲ ਦਾ ਇੰਚਾਰਜ ਹੋਵੇਗਾ। ਇਸ ਤੋਂ ਇਲਾਵਾ ਬਲਾਕ ਮੈਂਟਰ, ਬਲਾਕ ਮੀਡੀਆ ਕੋਆਰਡੀਨੇਟਰ ਅਤੇ ਬਲਾਕ ਐੱਮਆਈਐੱਸ ਕੋਆਰਡੀਨੇਟਰ ਹੋਣਗੇ। ਸਕੂਲ ਪੱਧਰ ‘ਤੇ ਬਣਾਈ ਗਈ ਕਮੇਟੀ ਵਿੱਚ ਸਕੂਲ ਮੁਖੀ, ਸਕੂਲ ਨੋਡਲ ਇੰਚਾਰਜ, ਜਮਾਤਾਂ ਦੇ ਇੰਚਾਰਜ ਅਤੇ ਸਕੂਲ ਮੀਡੀਆ ਇੰਚਾਰਜ ਸ਼ਾਮਲ ਹੋਣਗੇ।
ਇਸ ਸਬੰਧੀ ਸਿੱਖਿਆ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਐਨਰੋਲਮੈਂਟ ਬੂਸਟਰ ਟੀਮਾਂ ਦਾਖ਼ਲਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਯੋਜਨਾਬੰਦੀ ਕਰਕੇ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਪ੍ਰਾਪਤੀਆਂ ਨੂੰ ਪੋਸਟਰਾਂ, ਵੀਡੀਓਜ਼, ਮਿੰਨੀ ਫਿਲਮਾਂ, ਦਾਖਲਾ ਥੀਮ ਗੀਤਾਂ ਦਾ ਸੋਸ਼ਲ਼ ਮੀਡੀਆ ਰਾਹੀਂ ਵਿਦਿਆਰਥੀਆਂ, ਮਾਪਿਆਂ ਅਤੇ ਐਨਜੀਓ ਰਾਹੀਂ ਨੂੰ ਦਾਖ਼ਲਾ ਵਧਾਉਣ ਲਈ ਪ੍ਰੇਰਿਤ ਕਰਨਗੀਆਂ। ਸਾਂਝੀਆਂ ਥਾਵਾਂ ‘ਤੇ ਫਲੈਕਸਾਂ ਵੀ ਲਗਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੈਫਲੈਟਾਂ, ਸਟਿੱਕਰਾਂ ਅਤੇ ਹੋਰ ਮੀਡੀਆ ਰਾਹੀਂ ਵੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦੇ ਵਾਧੇ ਲਈ ਉਪਰਾਲੇ ਕੀਤੇ ਜਾਣਗੇ। ਸਕੂਲ ਅਧਿਆਪਕਾਂ ਵਿੱਚ ਕਲਾਕਾਰੀ ਦੇ ਹੁਨਰ ਦੀ ਬਹੁਤਾਤ ਹੈ ਅਤੇ ਇਹਨਾਂ ਕਲਾਕਾਰ ਅਧਿਆਪਕਾਂ ਦੁਆਰਾ ਤਿਆਰ ਕਰਕੇ ਖੇਡੇ ਜਾਣ ਵਾਲੇ ਕਲਾਕਾਰ ਨੁੱਕੜ ਨਾਟਕਾਂ ਰਾਹੀਂ ਵੀ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ‘ਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਸਕੂਲ ਮੁਖੀ ਅਤੇ ਕਰਮਚਾਰੀ ਪਿੰਡਾਂ ਅਤੇ ਸ਼ਹਿਰਾਂ ਦੇ ਸਰਵਜਨਿਕ ਸਥਾਨਾਂ ਜਿਵੇਂ ਮੰਦਰਾਂ-ਗੁਰਦੁਆਰਿਆਂ ਦੇ ਪਬਲਿਕ ਅਨਾਉਂਸਮੈਂਟ ਸਿਸਟਮ ਰਾਹੀਂ ਸਥਾਨਕ ਨਿਵਾਸੀਆਂ ਨੂੰ ਦਾਖ਼ਲਿਆਂ ਸਬੰਧੀ ਅਪੀਲਾਂ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਪੱਧਰੀ ਐਨਰੋਲਮੈਂਟ ਬੂਸਟਰ ਟੀਮ ਦੇ ਸਟੇਟ ਕੋਆਰਡੀਨੇਟਰ ਸ਼ਿਵ ਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਠਿੰਡਾ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਨਾਲ ਹਰ ਤਰ੍ਹਾਂ ਨਾਲ ਜੁੜੇ ਆਮ ਅਤੇ ਖ਼ਾਸ ਵਿਅਕਤੀ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਵਧਾਉਣ ਲਈ ਆਪਣਾ ਭਰਪੂਰ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ਵੱਲੋਂ ਈ-ਪ੍ਰਾਸਪੈਕਟਸ ਤਿਆਰ ਕਰਕੇ ਸਕੂਲਾਂ ਦੀਆਂ ਬੁਨਿਆਦੀ, ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਾਪਤੀਆਂ ਦਰਸਾਈਆਂ ਜਾਣਗੀਆਂ। ਨਵੇਂ ਦਾਖ਼ਲ ਬੱਚਿਆਂ ਦੇ ਲਈ ਸਕੂਲਾਂ ਵਿੱਚ ਵਿਸ਼ੇਸ਼ ਸੈਲਫੀ ਸਵਾਗਤੀ ਸਥਾਨ ਬਣਾਏ ਜਾਣਗੇ ਜਿਸ ਨਾਲ ਬੱਚੇ ਆਪਣੇ ਸਕੂਲ ਦੇ ਪਹਿਲੇ ਦਿਨ ਦੀ ਯਾਦਗਾਰ ਸੰਭਾਲ ਸਕਣ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…