Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਵਜੋਂ ਹਲਫ਼ ਲੈਣ ਉਪਰੰਤ ਮੁਹਾਲੀ ਪਹੁੰਚਣ ’ਤੇ ਭਗਵੰਤ ਮਾਨ ਦਾ ਡੀਸੀ ਵੱਲੋਂ ਨਿੱਘਾ ਸਵਾਗਤ ਕੁਲਵੰਤ ਸਿੰਘ ਤੇ ਆਪ ਵਲੰਟੀਅਰ ਵੱਖੋ-ਵੱਖਰੇ 15 ਬੱਸਾਂ ਤੇ 150 ਕਾਰਾਂ ਦੇ ਕਾਫ਼ਲੇ ਨਾਲ ਸਮਾਗਮ ’ਚ ਪੱੁਜੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਮੁਹਾਲੀ ਪਹੁੰਚਣ ’ਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਜਦੋਂਕਿ ਸਵੇਰੇ ਸਹੁੰ ਚੁੱਕਣ ਸਮਾਗਮ ਵਿੱਚ ਸ਼ਾਮਲ ਹੋਣ ਜਾਣ ਤੋਂ ਪਹਿਲਾਂ ਉਨ੍ਹਾਂ (ਮਾਨ) ਦੇ ਇੱਥੋਂ ਦੇ ਫੇਜ਼-1 ਸਥਿਤ ਨਿੱਜੀ ਰਿਹਾਇਸ਼ੀ ਦੇ ਬਿਲਕੁਲ ਸਾਹਮਣੇ ਵਾਲੀ ਕੋਠੀ ਵਿੱਚ ਰਹਿੰਦੀ ਆਜ਼ਾਦ ਗਰੁੱਪ ਦੀ ਕੌਂਸਲਰ ਅਤੇ ਆਪ ਆਗੂ ਬੀਬੀ ਗੁਰਮੀਤ ਕੌਰ ਨੇ ਭਗਵੰਤ ਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਉਨ੍ਹਾਂ ਦੇ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹਿਣ ਦੀ ਅਰਦਾਸ ਕੀਤੀ। ਵੱਡੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਹਰਬਿੰਦਰ ਸਿੰਘ ਸੈਣੀ ਵੀ ਮੌਜੂਦ ਸਨ। ਇਸ ਉਪਰੰਤ ਭਗਵੰਤ ਮਾਨ, ਆਪ ਦੇ ਕੌਮੀ ਆਗੂ ਰਾਘਵ ਚੱਢਾ ਨਾਲ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਲਈ ਰਵਾਨਾ ਹੋਏ। ਜਿੱਥੋਂ ਇਹ ਦੋਵੇਂ ਆਗੂ ਚੌਪਰ ਵਿੱਚ ਸਵਾਰ ਹੋ ਕੇ ਦੇਸ਼ ਅਤੇ ਕੌਮ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਪੰਜਾਬ ਦੇ 28ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਭਗਵੰਤ ਮਾਨ ਲੰਮੇ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਹੇ ਹਨ। ਪਹਿਲਾਂ ਉਹ ਇੱਥੋਂ ਦੇ ਫੇਜ਼-3ਬੀ1 ਸਥਿਤ ਕੋਠੀ ਨੰਬਰ 159 ਵਿੱਚ ਰਹਿੰਦੇ ਸੀ ਪਰ ਪਿੱਛੇ ਜਿਹੇ ਕਰੀਬ 4 ਕੁ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਪੁਰਾਣੀ ਕੋਠੀ ਵੇਚ ਦਿੱਤੀ ਸੀ। ਇੱਥੇ ਉਹ ਕਰੀਬ 15 ਸਾਲ ਰਹੇ ਹਨ। ਹੁਣ ਉਨ੍ਹਾਂ ਨੇ ਸਥਾਨਕ ਫੇਜ਼-1 ਵਿੱਚ ਡਾਕਘਰ ਦੇ ਪਿੱਛੇ ਕੋਠੀ ਲਈ ਹੈ। ਇੱਥੇ ਐਂਟਰੀ ਪੁਆਇੰਟ ’ਤੇ ਪੁਲੀਸ ਨੇ ਦੋਵੇਂ ਪਾਸੇ ਬੈਰੀਕੇਟ ਲਗਾਏ ਗਏ ਹਨ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਮੁਹਾਲੀ ਦੇ ਵਸਨੀਕਾਂ ਵਿੱਚ ਬੇਹੱਦ ਖ਼ੁਸ਼ੀ ਪਾਈ ਜਾ ਰਹੀ ਹੈ। ਸਥਾਨਕ ਲੋਕਾਂ ਨੂੰ ਹੁਣ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਣ ਦੀ ਆਸ ਬੱਝੀ ਹੈ। ਉਧਰ, ਮੁਹਾਲੀ ਤੋਂ ਪਹਿਲੀ ਵਾਰ ਆਪ ਦੇ ਵਿਧਾਇਕ ਚੁਣੇ ਗਏ ਅਤੇ ਉੱਘੇ ਕਾਰੋਬਾਰੀ ਕੁਲਵੰਤ ਸਿੰਘ ਅਤੇ ਆਪ ਵਲੰਟੀਅਰ 15 ਬੱਸਾਂ ਅਤੇ ਕਰੀਬ 150 ਕਾਰਾਂ ਵਿੱਚ ਸਵਾਰ ਹੋ ਕੇ ਵੱਖੋ-ਵੱਖਰੇ ਕਾਫ਼ਲਿਆਂ ਰਾਹੀਂ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪਹੁੰਚੇ। ਇਨ੍ਹਾਂ ਸਾਰੇ ਵਲੰਟੀਅਰਾਂ ਨੇ ਆਪਣੇ ਸਿਰਾਂ ’ਤੇ ਬਸੰਤੀ ਰੰਗ ਦੀਆਂ ਪੱਗਾਂ ਬੰਨੀਆਂ ਹੋਈਆਂ ਸਨ ਜਦੋਂਕਿ ਬੀਬੀਆਂ ਨੇ ਸਿਰਾਂ ਉੱਤੇ ਬਸੰਤੀ ਰੰਗ ਦੇ ਦੁਪੱਟੇ ਲਏ ਹੋਏ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ