ਜੰਗਲਾਤ ਵਿਭਾਗ ਵਿੱਚ ਵਣ ਗਾਰਡ ਤੇ ਵਣ ਰੇਂਜ ਅਫ਼ਸਰਾਂ ਦੀਆਂ ਖਾਲੀ ਅਸਾਮੀਆਂ ਨੂੰ ਛੇਤੀ ਭਰਿਆ ਜਾਵੇਗਾ ਕਟਾਰੂਚੱਕ

ਵਣ ਮੰਤਰੀ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗੀ ਗਤੀਵਿਧੀਆਂ ਅਤੇ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਵਣ ਗਾਰਡਾਂ ਅਤੇ ਵਣ ਰੇਂਜ ਅਫ਼ਸਰਾਂ ਦੀਆਂ ਵੱਡੀ ਪੱਧਰ ’ਤੇ ਖਾਲੀ ਅਸਾਮੀਆਂ ਨੂੰ ਭਰਨ ਲਈ ਦਾ ਕੰਮ ‘ਆਪ’ ਸਰਕਾਰ ਵੱਲੋਂ ਰੀਵਿਊ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਭਾਗ ਵਿੱਚ 10 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਲਗਪਗ 2 ਹਜ਼ਾਰ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕਰਨ ਦਾ ਮਾਮਲਾ ਕੈਬਨਿਟ ਵਿੱਚ ਵਿਚਾਰਿਆ ਜਾਵੇਗਾ।
ਇੱਥੋਂ ਦੇ ਸੈਕਟਰ-68 ਸਥਿਤ ਵਣ ਭਵਨ ਵਿਖੇ ਪਲੇਠੀ ਪੱਤਰਕਾਰ ਮਿਲਣੀ ਦੌਰਾਨ ਜੰਗਲਾਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਵਣਾਂ ਅਤੇ ਰੁੱਖਾਂ ਹੇਠ ਧਰਤੀ ਦਾ ਰਕਬਾ ਸਾਲ 2030 ਤੱਕ ਕੁੱਲ ਰਕਬੇ ਦਾ 7.5 ਫੀਸਦੀ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਅਤੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸਾਲ 2022-23 ਦੌਰਾਨ ਲਗਪਗ 1.15 ਕਰੋੜ ਬੂਟੇ ਲਗਾਏ ਜਾਣਗੇ। ਜਿਸ ’ਚੋਂ 60 ਲੱਖ ਬੂਟੇ ਲੋੜ ਅਨੁਸਾਰ ਵਣ ਭੂਮੀ ਅਤੇ 55 ਲੱਖ ਬੂਟੇ ਕਿਸਾਨਾਂ ਅਤੇ ਲੋਕਾਂ ਨੂੰ ਲਗਾਉਣ ਲਈ ਮੁਫ਼ਤ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਲਈ ਵਾਤਾਵਰਨ ਅਤੇ ਵਣ ਜਾਗਰੂਕ ਪਾਰਕ, ਨਾਨਕ ਬਗੀਚੀਆਂ, ਪਵਿੱਤਰ ਵਣ, ਛੱਤਬੀੜ ਚਿੜੀਆਘਰ ਵਿਖੇ ਬਟਰ ਫਲਾਈ ਪਾਰਕ ਤਿਆਰ ਕੀਤਾ ਜਾਵੇਗਾ। ਪਟਿਆਲਾ ਵਿਖੇ ਵੈਟਰਨਰੀ ਹਸਪਤਾਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਰਾਜ ਦੇ ਮੁੱਖ ਮਾਰਗਾਂ ਨੂੰ ਟਾਲ ਪਲਾਂਟਸ ਲਗਾ ਕੇ ਹਰਿਆਲੀ ਵਿੱਚ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਣ ਵਿਕਾਸ ਨਿਗਮ ਰਾਹੀਂ ਸ਼ਾਮਲਾਤ ਜ਼ਮੀਨਾਂ ਦੀ ਖ਼ਰੀਦ ਕੀਤੀ ਜਾਵੇਗੀ ਅਤੇ ਪੰਚਾਇਤੀ ਰਕਬੇ ਵਿੱਚ ਲੱਗੇ ਖੈਰ ਦੇ ਰੁੱਖਾਂ ਨੂੰ ਵਣ ਨਿਗਮ ਰਾਹੀਂ ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ। ਇੰਜ ਹੀ ਲੱਕੜ ਦੀ ਕੁਆਲਿਟੀ ਵਧਾਉਣ ਲਈ ਨਵਾਂ ਪ੍ਰਾਜੈਕਟ ਲਾਇਆ ਜਾਵੇਗਾ।
ਇਸ ਤੋਂ ਪਹਿਲਾਂ ਵਣ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਨਿੱਜੀ ਤੌਰ ’ਤੇ ਧਿਆਨ ਦੇਣ। ਉਨ੍ਹਾਂ ਨੇ ਵਿਭਾਗੀ ਕੰਮਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਵੱਧ ਤੋਂ ਵੱਧ ਸਮਾਂ ਫੀਲਡ ਵਿੱਚ ਰਹਿਣ ਅਤੇ ਲੋਕਾਂ ਦੇ ਕੰਮਾਂ ਲਈ ਕਰਨ ਨੂੰ ਤਰਜ਼ੀਹ ਦੇਣ। ਲੋਕਾਂ ਦੀ ਸਹੂਲਤ ਲਈ ਮੰਤਰੀ ਨੇ ਟੋਲ ਫਰੀ ਹੈਲਪਡੈਸਕ ਨੰਬਰ 1800 180 2323 ਜਾਰੀ ਕਰਦਿਆਂ ਕੰਢੀ ਖੇਤਰ ਦੇ ਮਾਲਕਾਂ ਨੂੰ ਪਰਮਿੱਟ ਦੇਣ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਉਣ ਲਈ ਇੱਕ ਆਨ-ਲਾਈਨ ਪੋਰਟਲ ਵੀ ਲਾਂਚ ਕੀਤਾ ਗਿਆ ਅਤੇ ਵਿਭਾਗੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਵਣ ਭੂਮੀ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਰਜ ਵਿਧੀ ਤਿਆਰ ਕੀਤੀ ਜਾਵੇਗੀ।

ਵਧੀਕ ਮੁੱਖ ਸਕੱਤਰ (ਵਣ) ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਜੰਗਲਾਂ ਦੀਆਂ ਹੱਦਾਂ ਦੇ ਡਿਜੀਟਾਈਜੇਸ਼ਨ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਜੰਗਲਾਂ ਵਿੱਚ ਨਾਜਾਇਜ਼ ਕਬਜ਼ੇ ਅਤੇ ਨਾਜਾਇਜ਼ ਮਾਈਨਿੰਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਵਣ ਮੰਤਰੀ ਨੇ ਸਰਵੀਲੈਂਸ ਡਰੋਨ ਲਾਂਚ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਣ ਅਪਰਾਧ ਜਿਵੇਂ ਕਿ ਰੁੱਖਾਂ ਦੀ ਕਟਾਈ, ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਡਰੋਨ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਫੀਲਡ ਸਟਾਫ਼ ਵੱਲੋਂ ਡਿਊਟੀ ਦੌਰਾਨ ਵਰਦੀ ਪਾਉਣਾ ਯਕੀਨੀ ਬਣਾਇਆ ਜਾਵੇ। ਇਸ ਨਾਲ ਵਣਾਂ ਦੀ ਸੁਰੱਖਿਆ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…