Share on Facebook Share on Twitter Share on Google+ Share on Pinterest Share on Linkedin ਡਰੱਗ ਮਾਮਲਾ: ਅਕਾਲੀ ਆਗੂ ਮਜੀਠੀਆ ਨੂੰ ਜੇਲ੍ਹ ਵਿੱਚ ਕੋਈ ਖ਼ਤਰਾ ਨਹੀਂ: ਜੇਲ੍ਹ ਸੁਪਰਡੈਂਟ ਮੁਹਾਲੀ ਅਦਾਲਤ ਵੱਲੋਂ ਮਜੀਠੀਆ ਦੀ ਨਵੀਂ ਅਰਜ਼ੀ ’ਤੇ ਜੇਲ੍ਹ ਪ੍ਰਸ਼ਾਸਨ ਨੂੰ ਮੁੜ ਨੋਟਿਸ ਜਾਰੀ, ਅਗਲੀ ਸੁਣਵਾਈ 8 ਅਪਰੈਲ ਨੂੰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ: ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੋਈ ਖ਼ਤਰਾ ਨਹੀਂ ਹੈ। ਇਸ ਗੱਲ ਦਾ ਖੁਲਾਸਾ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨੇ ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋ ਕੇ ਕੀਤਾ। ਮਜੀਠੀਆ ਦੀ ਸੁਰੱਖਿਆ ਮਾਮਲੇ ਸਬੰਧੀ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਬੀਤੇ ਕੱਲ੍ਹ ਮਜੀਠੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਹਾਜ਼ਰੀ ਲਗਾਉਣ ਸਮੇਂ ਅਦਾਲਤ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਜੇਲ੍ਹ ਵਿੱਚ ਕੁੱਝ ਵੀ ਠੀਕ ਨਹੀਂ ਹੈ? ਅਤੇ ਨਵੀਂ ਬੈਰਕ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੈ। ਸੁਣਵਾਈ ਮੌਕੇ ਮਜੀਠੀਆ ਦੀ ਪਤਨੀ ਅਤੇ ਅਕਾਲੀ ਵਿਧਾਇਕ ਗੁਨੀਤ ਕੌਰ ਮਜੀਠੀਆ ਵੀ ਅਦਾਲਤ ਵਿੱਚ ਹਾਜ਼ਰ ਸਨ। ਵਾਪਸੀ ਸਮੇਂ ਜਦੋਂ ਮੀਡੀਆ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ (ਬੀਬੀ ਮਜੀਠੀਆ) ਇਸ ਮੁੱਦੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਸੁਣਵਾਈ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਸਰਕਾਰੀ ਵਕੀਲ ਸੰਜੀਵ ਬੱਤਰਾ, ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਅਦਾਲਤ ਵਿੱਚ ਪੇਸ਼ ਹੋਏ ਅਤੇ ਆਪਣਾ ਪੱਖ ਰੱਖਿਆ। ਜੇਲ੍ਹ ਸੁਪਰਡੈਂਟ ਨੇ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਵਿੱਚ ਮਜੀਠੀਆ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਉਹ ਖ਼ੁਦ ਬੈਰਕ ਦੇ ਬਾਹਰ ਕੁਰਸੀ ਡਾਹ ਕੇ ਬੈਠਣ ਨੂੰ ਤਿਆਰ ਹਨ। ਉਂਜ ਉਨ੍ਹਾਂ ਅਕਾਲੀ ਆਗੂ ਨੂੰ ਨਵੀਂ ਬੈਰਕ ਵਿੱਚ ਭੇਜਣ ਦੀ ਗੱਲ ਜ਼ਰੂਰ ਮੰਨੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਰੂਲਾਂ ਮੁਤਾਬਕ ਹੀ ਮਜੀਠੀਆ ਦੀ ਬੈਰਕ ਬਦਲੀ ਗਈ ਹੈ। ਉਧਰ, ਬਚਾਅ ਪੱਖ ਨੇ ਅੱਜ ਇਕ ਹੋਰ ਨਵੀਂ ਅਰਜ਼ੀ ਦਾਇਰ ਕਰਕੇ ਮਜੀਠੀਆ ਦੀ ਸੁਰੱਖਿਆ ਸਬੰਧੀ ਜੇਲ੍ਹ ਪ੍ਰਸ਼ਾਸਨ ’ਤੇ ਸਵਾਲ ਚੁੱਕੇ ਹਨ। ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਅਦਾਲਤ ਨੂੰ ਦੱਸਿਆ ਕਿ ਬੀਤੇ ਕੱਲ੍ਹ ਉਹ ਪਟਿਆਲਾ ਜੇਲ੍ਹ ਵਿੱਚ ਆਪਣੇ ਮੁਵਕਿਲ ਨੂੰ ਮਿਲਣ ਲਈ ਗਏ ਸੀ, ਉਨ੍ਹਾਂ ਦੇਖਿਆ ਕਿ ਮਜੀਠੀਆ ਨੂੰ ਜੋੜਾ ਚੱਕੀ ਵਿੱਚ 8 ਵਾਈ 8 ਸਾਈਜ਼ ਦੀ ਬੈਰਕ ਵਿੱਚ ਰੱਖਿਆ ਗਿਆ ਹੈ। ਜੋ ਬਹੁਤ ਛੋਟਾ ਅਤੇ ਬਹੁਤ ਹੀ ਖਸਤਾ ਹਾਲਤ ਵਿੱਚ ਹੈ। ਉਨ੍ਹਾਂ ਇਹ ਵੀ ਦੇਖਿਆ ਕਿ ਜੇਲ੍ਹ ਕੰਪਲੈਕਸ ਅੰਦਰ ਖੁੱਲ੍ਹੇਆਮ ਕੁੱਝ ਵਿਅਕਤੀ (ਕੈਦੀ) ਕਹੀਆਂ ਲੈ ਕੇ ਘੁੰਮ ਫਿਰ ਰਹੇ ਸੀ। ਇਨ੍ਹਾਂ ਹਾਲਾਤਾਂ ਵਿੱਚ ਉੱਥੇ ਕੁੱਝ ਵੀ ਵਾਪਰ ਸਕਦਾ ਹੈ। ਲਿਹਾਜ਼ਾ ਮਜੀਠੀਆ ਨੂੰ ਪਹਿਲਾਂ ਵਾਲੀ ਸੁਰੱਖਿਅਤ ਬੈਰਕ ਵਿੱਚ ਸ਼ਿਫ਼ਟ ਕੀਤਾ ਜਾਵੇ ਅਤੇ ਅਕਾਲੀ ਆਗੂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਸਬੰਧੀ ਜੇਲ੍ਹ ਸੁਪਰਡੈਂਟ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਮਜੀਠੀਆ ਸੁਰੱਖਿਆ ਮਾਮਲੇ ਦੀ ਅਗਲੀ ਸੁਣਵਾਈ 8 ਅਪਰੈਲ ਨੂੰ ਹੋਵੇਗੀ। ਇੱਥੇ ਇਹ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਵਿੰਗ ਦੇ ਥਾਣੇ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ। ਉਧਰ, ਪਿਛਲੇ ਦਿਨੀਂ ਮਜੀਠੀਆ ਨੇ ਦੇਸ਼ ਦੀ ਸਿਖਰਲੀ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਇਸ ਨੂੰ ਮੁੱਢੋਂ ਖ਼ਾਰਜ ਕਰਨ ਦੀ ਗੁਹਾਰ ਲਗਾਈ ਗਈ ਹੈ। ਮਜੀਠੀਆ ਨੇ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਇਸ ਵਿੱਚ ਨਾ ਕੋਈ ਸ਼ਿਕਾਇਤ ਕਰਤਾ ਹੈ ਅਤੇ ਨਾ ਹੀ ਪੁਲੀਸ ਹੁਣ ਤੱਕ ਉਸ ਕੋਲੋਂ ਕੋਈ ਬਰਾਮਦਗੀ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਚੰਨੀ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਉਸ ਵਿਰੁੱਧ ਦਰਜ ਇਹ ਝੂਠਾ ਕੇਸ ਦਰਜ ਕੀਤਾ ਗਿਆ ਸੀ। ਲਿਹਾਜ਼ਾ ਇਹ ਝੂਠੀ ਐਫ਼ਆਈਆਰ ਮੱੁਢੋਂ ਰੱਦ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ