ਸਾਬਕਾ ਡਿਪਟੀ ਮੇਅਰ ਤੇ ਵਿਰੋਧੀ ਧਿਰ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਮੁਹਾਲੀ ਵਿੱਚ ਸਫ਼ਾਈ ਵਿਵਸਥਾ, ਸੀਵਰੇਜ ਦੀ ਪਾਈਪਲਾਈਨ ਪਾਉਣ ਦਾ ਮੁੱਦਾ ਚੁੱਕਿਆ/h3>
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਕੌਂਸਲਰ ਗੁਰਮੀਤ ਕੌਰ, ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ, ਕਰਮਜੀਤ ਕੌਰ, ਰਵਿੰਦਰ ਸਿੰਘ ਬਿੰਦਰਾ ਅਤੇ ਅਰੁਣਾ ਵਸ਼ਿਸ਼ਟ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਕਾਬਜ਼ ਧਿਰ ਆਪਣੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਾ ਨਿਭਾਏ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਥੋਂ ਦੇ ਸੈਕਟਰ-79 ਸਥਿਤ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਜੀਤ ਸਿੰਘ ਸੇਠੀ ਅਤੇ ਹੋਰਨਾਂ ਕੌਂਸਲਰਾਂ ਨੇ ਕਿਹਾ ਕਿ ਮੁਹਾਲੀ ਵਿੱਚ ਸਫ਼ਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਨਿਗਮ ਕੋਲ ਸਫ਼ਾਈ ਦਾ ਕੰਮ ਕਰਨ ਲਈ ਲੋੜੀਂਦੇ ਕਰਮਚਾਰੀ ਨਹੀਂ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਕੁੱਲ 539 ਸਫ਼ਾਈ ਕਰਮਚਾਰੀ ਹਨ ਜਦੋਂਕਿ ਸ਼ਹਿਰ ਦੀ ਆਬਾਦੀ ਮੁਤਾਬਕ 870 ਸਫ਼ਾਈ ਕਾਮਿਆਂ ਲੋੜ ਦੀ ਹੈ। ਇਨ੍ਹਾਂ 539 ਸਫ਼ਾਈ ਕਰਮਚਾਰੀਆਂ ’ਚੋਂ ਵੀ ਕੁੱਝ ਅਧਿਕਾਰੀਆਂ ਦੇ ਘਰਾਂ ਵਿੱਚ ਕੰਮ ਕਰਦੇ ਹਨ।
ਵਿਰੋਧੀ ਧਿਰ ਦੇ ਕੌਂਸਲਰਾਂ ਨੇ ਕਿਹਾ ਕਿ ਸ਼ਹਿਰ ਦੇ ਚੌਂਕਾਂ ਵਿੱਚ ਲੱਗੀਆਂ ਸਟਰੀਟ ਲਾਈਟਾਂ ਰੁੱਖਾਂ ਦੀ ਓਟ ਵਿੱਚ ਆ ਗਈਆਂ ਹਨ ਪ੍ਰੰਤੂ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੀ ਸੀਵਰੇਜ ਲਾਈਨ ਪਾਉਣ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਸੁਸਤ ਚਾਲ ਵਿੱਚ ਚੱਲ ਰਿਹਾ ਹੈ। ਇਸ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਫ਼ਾਈ ਵਿਵਸਥਾ ਵੀ ਠੀਕ ਹੈ। ਪਿਛਲੇ ਦਿਨੀਂ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀ ਭਰਤੀ ਕੀਤੇ ਗਏ ਸਨ ਅਤੇ ਸ਼ਹਿਰ ਵਿੱਚ ਮਾਰਕੀਟਾਂ ਅਤੇ ਰਿਹਾਇਸ਼ੀ ਖੇਤਰ ਦੀ ਸਫ਼ਾਈ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਪ੍ਰੰਤੂ ਮੁੱਖ ਸੜਕਾਂ ਦੀ ਸਫ਼ਾਈ ਕਰਨ ਵਿੱਚ ਦਿੱਕਤਾਂ ਆ ਰਹੀਆਂ ਸਨ ਕਿਉਂਕਿ ਮਕੈਨੀਕਲ ਸਵੀਪਿੰਗ ਦਾ ਠੇਕਾ ਖ਼ਤਮ ਹੋ ਗਿਆ ਹੈ। ਹਾਲਾਂਕਿ ਪਹਿਲਾਂ ਵੀ ਮਕੈਨੀਕਲ ਸਵੀਪਿੰਗ ਦਾ ਠੇਕਾ ਆਰਜ਼ੀ ਤੌਰ ’ਤੇ ਵਧਾਇਆ ਗਿਆ ਸੀ ਪ੍ਰੰਤੂ ਜਦੋਂ ਤੱਕ ਕਿਸੇ ਕੰਪਨੀ ਨੂੰ ਪੱਕਾ ਠੇਕਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਨਿਗਮ ਨੇ ਪਹਿਲਕਦਮੀ ਕਰਦਿਆਂ ਕਿਰਾਏ ’ਤੇ ਗੱਡੀਆਂ ਲੈ ਕੇ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਕੀਤੀ ਜਾ ਰਹੀ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਦਰਅਸਲ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣ ਗਈ ਹੈ ਪ੍ਰੰਤੂ ਮੁਹਾਲੀ ਨਗਰ ਨਿਗਮ ’ਤੇ ਕਾਂਗਰਸ ਕਾਬਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਕੁੱਝ ਆਪ ਆਗੂ ਉਨ੍ਹਾਂ ਨੂੰ ਮੇਅਰ ਦੀ ਚੇਅਰ ਤੋਂ ਲਾਂਭੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪ੍ਰੰਤੂ ਜਦੋਂ ਉਹ ਕਾਂਗਰਸੀ ਕੌਂਸਲਰਾਂ ਨੂੰ ਡਰਾ-ਧਮਕਾ ਕੇ ਜਾਂ ਖ਼ਰੀਦੋ-ਫ਼ਰੋਖ਼ਤ ਕਰਕੇ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਨਹੀਂ ਹੋਏ ਤਾਂ ਹੁਣ ਉਨ੍ਹਾਂ ਦੀ ਟੀਮ ਵਿਰੁੱਧ ਝੂਠੀ ਬਿਆਨਬਾਜ਼ੀ ’ਤੇ ਉਤਰ ਆਏ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…