ਸ਼ਹਿਰ ਵਿੱਚ ਚਾਰ ਚੁਫੇਰੇ ਸੁੱਕੇ ਪੱਤਿਆਂ ਦੀ ਭਰਮਾਰ, ਨਗਰ ਨਿਗਮ ਸਫ਼ਾਈ ਕਰਵਾਉਣ ’ਚ ਫੇਲ

ਸੁੱਕੇ ਪੱਤਿਆਂ ਨੂੰ ਅੱਗ ਲੱਗਣ ਕਾਰਨ ਕਦੇ ਵੀ ਵਾਪਰ ਸਕਦਾ ਹੈ ਵੱਡਾ ਅਗਨੀਕਾਂਡ: ਰਿਪੂਦਮਨ ਸਿੰਘ ਰੂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਮੁਹਾਲੀ ਸ਼ਹਿਰ ਵਿੱਚ ਫੇਜ਼-1 ਤੋਂ ਲੈ ਕੇ ਫੇਜ਼-11 ਤੱਕ ਅਤੇ ਉਸ ਤੋੱ ਬਾਅਦ ਬਣੇ ਸੈਕਟਰਾਂ ਵਿੱਚ ਹਰ ਪਾਸੇ ਦਰਖਤਾਂ ਤੋਂ ਟੁੱਟ ਕੇ ਜ਼ਮੀਨ ਤੇ ਡਿਗੇ ਸੁੱਕੇ ਪੱਤਿਆਂ ਦੀ ਭਰਮਾਰ ਹੈ। ਸ਼ਹਿਰ ਦੇ ਹਰ ਇਲਾਕੇ ਵਿੱਚ ਸੜਕਾਂ ਅਤੇ ਪਾਰਕਾਂ ਵਿੱਚ ਸੁੱਕੇ ਪੱਤੇ ਖਿਲਰੇ ਪਏ ਹਨ, ਕਈ ਇਲਾਕਿਆਂ ਵਿੱਚ ਤਾਂ ਸੁੱਕੇ ਪੱਤਿਆਂ ਦੇ ਢੇਰਾਂ ਦੇ ਢੇਰ ਪਏ ਹਨ। ਇਹ ਸੁੱਕੇ ਪੱਤੇ ਸਾਰਾ ਦਿਨ ਹਵਾ ਦੇ ਚੱਲਣ ਦੇ ਨਾਲ ਇਧਰ ਉਧਰ ਉਡਦੇ ਰਹਿੰਦੇ ਹਨ ਅਤੇ ਇਹ ਸੁੱਕੇ ਪੱਤੇ ਅਕਸਰ ਸੜਕਾਂ ਤੋਂ ਉਡ ਕੇ ਲੋਕਾਂ ਦੇ ਘਰਾਂ ਅੰਦਰ ਚਲੇ ਜਾਂਦੇ ਹਨ।
ਫੇਜ਼-10 ਦੇ ਵਸਨੀਕ ਸਾਹਿਤਕਾਰ ਰਿਪੂਦਮਨ ਸਿੰਘ ਰੂਪ ਦਾ ਕਹਿਣਾ ਹੈ ਕਿ ਸ਼ਹਿਰ ਦੇ ਹਰ ਇਲਾਕੇ ਵਿਚ ਸੜਕਾਂ ਅਤੇ ਪਾਰਕਾਂ ਵਿੱਚ ਖਿਲਰੇ ਸੁੱਕੇ ਪੱਤਿਆਂ ਕਾਰਨ ਸ਼ਹਿਰ ਦੀ ਸੁੰਦਰਤਾ ਤੇ ਧੱਬਾ ਲੱਗ ਰਿਹਾ ਹੈ ਅਤੇ ਨਗਰ ਨਿਗਮ ਦੇ ਸਫਾਈ ਪ੍ਰਬੰਧਾਂ ਦੀ ਪੋਲ ਖੁੱਲ੍ਹ ਰਹੀ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਵਿਚ ਸਫਾਈ ਵਿਵਸਥਾ ਦਰੁਸਤ ਰੱਖਣ ਵਿੱਚ ਪੂਰੀ ਤਰਾਂ ਫੇਲ੍ਹ ਹੋ ਗਿਆ ਹੈ। ਇਕ ਪਾਸੇ ਇਸ ਸ਼ਹਿਰ ਨੂੰ ਆਧੁਨਿਕ ਸ਼ਹਿਰ ਦਾ ਦਰਜਾ ਹਾਸਲ ਹੈ, ਪਰ ਸ਼ਹਿਰ ਵਿਚ ਹਰ ਪਾਸੇ ਫੈਲੇ ਸੁੱਕੇ ਪੱਤੇ ਅਤੇ ਹੋਰ ਗੰਦਗੀ ਵੇਖ ਕੇ ਇਸ ਤਰਾਂ ਲਗਦਾ ਹੈ ਕਿ ਜਿਵੇਂ ਇਹ ਸ਼ਹਿਰ ਆਧੁਨਿਕ ਸ਼ਹਿਰ ਨਾ ਹੋ ਕੇ ਟਪਰੀਵਾਸਾਂ ਦਾ ਵਾੜਾ ਹੋਵੇ।
ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਹਰ ਪਾਸੇ ਖਿਲਰੇ ਸੁੱਕੇ ਪੱਤਿਆਂ ਨੂੰ ਅੱਗ ਲਗ ਗਈ ਤਾਂ ਇਸ ਅੱਗ ਦੀ ਲਪੇਟ ਵਿਚ ਨੇੜਲੇ ਮਕਾਨ ਤੇ ਕੋਠੀਆਂ ਆ ਸਕਦੇ ਹਨ, ਜਿਸ ਕਾਰਨ ਸ਼ਹਿਰ ਵਿੱਚ ਕੋਈ ਵੱਡਾ ਅਗਨੀਕਾਂਡ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਫੈਲੇ ਸੁੱਕੇ ਪੱਤਿਆਂ ਨੂੰ ਕਿਸੇ ਵਿਅਕਤੀ ਵੱਲੋਂ ਪੀ ਕੇ ਸੁੱਟੇ ਗਏ ਬੀੜੀ ਸਿਗਰਟ ਦੇ ਟੁਕੜੇ ਨਾਲ, ਜਾਂ ਸੁੱਕੇ ਪੱਤਿਆਂ ਦੀ ਆਪਸ ਵਿਚ ਰਗੜ ਨਾਲ ਅਤੇ ਤੇਜ਼ ਧੁੱਪ ਨਾਲ ਕਦੇ ਵੀ ਅੱਗ ਲੱਗ ਸਕਦੀ ਹੈ ਅਤੇ ਸ਼ਹਿਰ ਦੇ ਹਰ ਇਲਾਕੇ ਵਿੱਚ ਹਰ ਪਾਸੇ ਫੈਲੇ ਵੱਡੀ ਗਿਣਤੀ ਵਿੱਚ ਸੁੱਕੇ ਪੱਤਿਆਂ ਨੂੰ ਇਹ ਅੱਗ ਲੱਗ ਕੇ ਵੱਡੇ ਭਾਂਬੜ ਮਚਾ ਸਕਦੀ ਹੈ, ਜਿਸ ਦੀ ਲਪੇਟ ਵਿੱਚ ਪੂਰਾ ਸ਼ਹਿਰ ਆ ਸਕਦਾ ਹੈ ਅਤੇ ਕੋਈ ਵੱਡਾ ਅਗਨੀਕਾਂਡ ਵਾਪਰ ਸਕਦਾ ਹੈ।
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਹਰ ਪਾਸੇ ਫੈਲੇ ਸੁੱਕੇ ਪੱਤੇ ਚੁਕਵਾਉਣ ਅਤੇ ਸਫ਼ਾਈ ਵਿਵਸਥਾ ਦਰੁਸਤ ਰੱਖਣ ਵਿਚ ਨਗਰ ਨਿਗਮ ਪੂਰੀ ਤਰਾਂ ਫੇਲ ਹੋ ਗਿਆ ਹੈ, ਜਿਸ ਕਾਰਨ ਨਗਰ ਨਿਗਮ ਦੀ ਕਾਰਗੁਜ਼ਾਰੀ ਉਪਰ ਵੱਡੇ ਸਵਾਲ ਉਠ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹਰ ਪਾਸੇ ਫੈਲੇ ਸੁੱਕੇ ਪੱਤੇ ਤੁਰੰਤ ਚੁਕਵਾਏ ਜਾਣ ਤਾਂ ਕਿ ਕੋਈ ਦੁਖਾਂਤ ਨਾ ਵਾਪਰ ਸਕੇ ਅਤੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦਰੁਸਤ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…