ਮੇਅਰ ਵੱਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਚੁਸਤ-ਦਰੁਸਤ ਕਰਨ ’ਤੇ ਜ਼ੋਰ

ਮੇਅਰ ਜੀਤੀ ਸਿੱਧੂ ਨੇ ਨਿਗਮ ਅਧਿਕਾਰੀਆਂ ਤੇ ਸਾਥੀ ਕੌਂਸਲਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਮੁਹਾਲੀ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਚੁਸਤ-ਦਰੁਸਤ ਕਰਨ ਲਈ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਦਿਸ਼ਾ ਵਿੱਚ ਫੌਰੀ ਤੌਰ ’ਤੇ ਠੋਸ ਕਦਮ ਚੁੱਕਣ ਦੇ ਆਦੇਸ਼ ਦਿੱਤੇ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਮਸ਼ੀਨੀ ਸਫ਼ਾਈ ਦਾ ਠੇਕਾ ਖ਼ਤਮ ਹੋਣ ਤੋਂ ਬਾਅਦ ਹਾਲੇ ਤੱਕ ਨਵਾਂ ਠੇਕਾ ਨਹੀਂ ਦਿੱਤਾ ਜਾ ਸਕਿਆ ਹੈ। ਇਸ ਕਾਰਨ ਮੈਨੂਅਲ ਸਵੀਪਿੰਗ ਵਿੱਚ ਲੱਗੇ ਕਰਮਚਾਰੀਆਂ ਨੂੰ ਮੁੱਖ ਸੜਕਾਂ ਦੀ ਸਫ਼ਾਈ ਦੇ ਕੰਮ ’ਤੇ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਆਗਾਮੀ ਮੀਟਿੰਗ ਵਿੱਚ ਮਸ਼ੀਨੀ ਸਫ਼ਾਈ ਦਾ ਨਵੇਂ ਸਿਰਿਓਂ ਠੇਕਾ ਦੇਣ ਦਾ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਮਸ਼ੀਨੀ ਸਫ਼ਾਈ ਦਾ ਠੇਕਾ ਦੇਣ ਦੀ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਹੈ। ਲਿਹਾਜ਼ਾ ਸ਼ਹਿਰ ਵਿੱਚ ਸਫ਼ਾਈ ਵਿਵਸਕਾ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ।
ਮੇਅਰ ਨੇ ਕਿਹਾ ਕਿ ਪੱਤਝੜ ਦੇ ਮੌਸਮ ਦੌਰਾਨ ਮੁਹਾਲੀ ਦੀਆਂ ਮੁੱਖ ਸੜਕਾਂ ਅਤੇ ਪਾਰਕਾਂ ਵਿੱਚ ਸੁੱਕੇ ਪੱਤਿਆਂ ਦੇ ਢੇਰ ਲੱਗ ਗਏ ਸਨ। ਇਨ੍ਹਾਂ ਦੀ ਸਫ਼ਾਈ ਬਹੁਤ ਜ਼ਰੂਰੀ ਸੀ। ਇਸ ਕਰਕੇ ਅੰਦਰੂਨੀ ਸੜਕਾਂ ਉੱਤੇ ਲੱਗੇ ਸਫ਼ਾਈ ਕਰਮਚਾਰੀਆਂ ਕੋਲੋਂ ਮੁੱਖ ਸੜਕਾਂ ਦੀ ਸਫ਼ਾਈ ਦਾ ਕੰਮ ਲਿਆ ਜਾ ਰਿਹਾ ਹੈ। ਜਿਸ ਕਾਰਨ ਕੁੱਝ ਹੱਦ ਤੱਕ ਸ਼ਹਿਰ ਦੀ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਵਿਵਸਥਾ ਦੇ ਫੌਰੀ ਤੌਰ ’ਤੇ ਬਦਲਵੇਂ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਛੇਤੀ ਹੀ ਮੈਕੇਨਾਈਜ਼ਡ ਸਵੀਪਿੰਗ ਦਾ ਕੰਮ ਵੀ ਸ਼ਹਿਰ ਵਿੱਚ ਆਰੰਭ ਹੋ ਜਾਵੇਗਾ ਅਤੇ ਮੁੱਖ ਸੜਕਾਂ ਉਲ਼ਤੇ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਹੋਣ ’ਤੇ ਮੈਨੁਅਲ ਤੌਰ ’ਤੇ ਸਫ਼ਾਈ ਕਰਦੇ ਸਫਾਈ ਕਰਮਚਾਰੀਆਂ ਉੱਤੇ ਦਬਾਅ ਘਟੇਗਾ ਅਤੇ ਸ਼ਹਿਰ ਵਿਚ ਸਫਾਈ ਵਿਵਸਥਾ ਪਹਿਲਾਂ ਵਾਂਗ ਸੁਚਾਰੂ ਢੰਗ ਨਾਲ ਚਾਲੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਸਫ਼ਾਈ ਸਰਵੇਖਣ ਵਿੱਚ 150 ਤੋਂ ਕਿਤੇ ਪਿੱਛੇ ਪਛੜ ਚੁੱਕਾ ਸੀ ਪਰ ਨਵੀਂ ਨਗਰ ਨਿਗਮ ਚੁਣੇ ਜਾਣ ਤੋਂ ਬਾਅਦ ਕੁਝ ਮਹੀਨਿਆਂ ਵਿੱਚ ਸਫ਼ਾਈ ਵਿਵਸਥਾ ਬਹੁਤ ਬਿਹਤਰ ਕੀਤੀ ਗਈ ਜਿਸ ਨਾਲ ਮੁਹਾਲੀ ਸ਼ਹਿਰ ਸਵੱਛ ਸਰਵੇਖਣ ਵਿੱਚ 100 ਤੋੱ ਵੀ ਹੇਠਾਂ ਦੇ ਸ਼ਹਿਰਾਂ ਵਿੱਚ ਆ ਗਿਆ ਜਦੋਂਕਿ ਪੰਜਾਬ ਵਿਚ ਮੁਹਾਲੀ ਨਗਰ ਨਿਗਮ ਦੂਜੇ ਨੰਬਰ ਤੇ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਮੁਹਾਲੀ ਸ਼ਹਿਰ ਦੇ ਚਹੁੰ ਪੱਖੀ ਵਿਕਾਸ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਪੱਖੋਂ ਮੁਹਾਲੀ ਵਿੱਚ ਵਿਕਾਸ ਕਾਰਜਾਂ ਵਿੱਚ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…