‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਈਐਸਆਈ ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ

ਡਾਇਰੈਕਟਰ ਨੂੰ ਹਸਪਤਾਲ ਵਿੱਚ ਸੱਦ ਕੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਈਐਸਆਈ ਜ਼ੋਨਲ ਹਸਪਤਾਲ ਦੇ ਰੱਖ-ਰਖਾਓ ਲਈ ਹਰ ਸਾਲ ਕਰੋੜਾਂ ਰੁਪਏ ਦਾ ਬਜ਼ਟ ਜਾਰੀ ਕੀਤਾ ਜਾਂਦਾ ਹੈ ਪਰ ਇੱਥੇ ਮਰੀਜ਼ਾਂ ਦੀ ਸੁਵਿਧਾ ਲਈ ਐਂਬੂਲੈਂਸ ਤੱਕ ਨਹੀਂ ਹੈ। ਇਹੀ ਨਹੀਂ ਮਾਹਰ ਡਾਕਟਰਾਂ ਦੀ ਅਣਹੋਂਦ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਨੇ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ। ਉਹ ਹਸਪਤਾਲ ਵਿੱਚ ਸਹੂਲਤਾਂ ਦੀ ਵੱਡੀ ਘਾਟ ਦੇਖ ਕੇ ਦੰਗ ਰਹਿ ਗਏ। ਇਸ ਦੌਰਾਨ ਵਿਧਾਇਕ ਨੇ ਸਿਹਤ ਸੇਵਾਵਾਂ ਪੰਜਾਬ ਦੇ ਡਾਇਰੈਕਟਰ (ਈਐਸਆਈ) ਡਾ. ਜੀਬੀ ਸਿੰਘ ਨੂੰ ਵੀ ਮੌਕੇ ’ਤੇ ਸੱਦ ਕੇ ਐਸਐਮਓ ਡਾ. ਸਿਮਰਨ ਸਿੰਘ ਤੇ ਹੋਰ ਡਾਕਟਰਾਂ ਤੇ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਟਾਈਨੌਰ ਆਰਥੋਟਿਕ ਕੰਪਨੀ ਦੇ ਐਮਡੀ ਪੀਜੇ ਸਿੰਘ ਅਤੇ ਉਦਯੋਗਪਤੀ ਹਰਿੰਦਰਪਾਲ ਸਿੰਘ ਬਿੱਲਾ, ਕੇਐਸ ਮਾਹਲ, ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ, ਏ.ਐਸ. ਪਰਮਾਰ ਅਤੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ‘ਆਪ’ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੀ ਹੈ ਅਤੇ ਸਕੂਲੀ ਸਿੱਖਿਆ ਦੇ ਸੁਧਾਰ ਲਿਆਉਣ ਲਈ ਵਧੇਰੇ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਹਦਾਇਤ ਕੀਤੀ
ਕਿ ਫੈਕਟਰੀ ਕਾਮਿਆਂ ਨੂੰ ਈਐਸਆਈ ਹਸਪਤਾਲ ਵਿੱਚ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣ ਅਤੇ ਬਕਾਇਆ ਮੈਡੀਕਲ ਬਿੱਲਾਂ ਦਾ ਫੌਰੀ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਮਰੀਜ਼ਾਂ ਦਾ ਹਸਪਤਾਲ ਵਿੱਚ ਹੀ ਇਲਾਜ ਇੱਥੇ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੋਰਨਾਂ ਹਸਪਤਾਲਾਂ ਵਿੱਚ ਰੈਫ਼ਰ ਕਰਨ ਦੀ ਨੌਬਤ ਨਾ ਆਵੇ।
ਡਾਇਰੈਕਟਰ ਡਾ. ਜੀਬੀ ਸਿੰਘ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਈਐਸਆਈ ਹਸਪਤਾਲ ਵਿੱਚ ਈਐਨਟੀ, ਅੱਖਾਂ ਦੇ ਸਰਜਨ, ਰੇਡੀਓਲੋਜਿਸਟ, ਬੱਚਿਆਂ ਦੇ ਮਾਹਰ ਅਤੇ ਚਮੜੀ ਦੇ ਮਾਹਰ ਡਾਕਟਰ ਜਲਦੀ ਤਾਇਨਾਤ ਕੀਤੇ ਜਾਣਗੇ। ਅਲਟਰਾਸਾਉਂਡ ਮਸ਼ੀਨ ਅਤੇ ਪੂਰੀ ਤਰ੍ਹਾਂ ਆਟੋ ਐਨਾਲਾਈਜ਼ਡ ਲੈਬਾਰਟਰੀ ਸਥਾਪਿਤ ਕਰਨ ਸਮੇਤ ਹਸਪਤਾਲ ਵਿੱਚ ਕੁਝ ਸਰਜਰੀਆਂ ਕਰਨ ਦੀ ਪ੍ਰਕਿਰਿਆ ਵੀ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਮੌਜੂਦ ਟਾਈਨੌਰ ਆਰਥੋਟਿਕ ਕੰਪਨੀ ਦੇ ਐਮਡੀ ਪੀਜੇ ਸਿੰਘ ਨੇ ਹਫ਼ਤੇ ਦੇ ਅੰਦਰ-ਅੰਦਰ ਈਐਸਆਈ ਹਸਪਤਾਲ ਲਈ ਨਵੀਂ ਐਂਬੂਲੈਂਸ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਅੱਜ ਤੈਅ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਲਈ ਉਹ 31 ਮਈ ਨੂੰ ਦੁਬਾਰਾ ਰੀਵਿਓ ਕਰਨਗੇ, ਜੇਕਰ ਉਦੋਂ ਤੱਕ ਸਾਰੀਆਂ ਕਮੀਆਂ ਦੂਰ ਨਹੀਂ ਕੀਤੀਆਂ ਗਈਆਂ ਤਾਂ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…