ਪਾਰਕਿੰਗ ਸਮੱਸਿਆ: ਨਵੇਂ ਸੈਕਟਰਾਂ ਵਿੱਚ ਚਾਰ ਮੰਜ਼ਲਾਂ ਫਲੈਟ\ਮਕਾਨ ਬਣਾਉਣ ਦੀ ਇਜਾਜ਼ਤ ਦੇਵੇ ਗਮਾਡਾ

ਸਾਰੇ ਸੈਕਟਰਾਂ ਵਿੱਚ ਘੱਟੋ-ਘੱਟ ਇੱਕ ਪਾਰਕ ਦੀ ਬੇਸਮੈਂਟ ਬਣਾ ਕੇ ਵਾਹਨ ਪਾਰਕਿੰਗ ਦੀ ਵਿਵਸਥਾ ਹੋਵੇ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਗਮਾਡਾ ਦੇ ਸੀਏ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਮੁਹਾਲੀ ਵਿੱਚ ਵਾਹਨ ਪਾਰਕਿੰਗ ਦੀ ਸਮੱਸਿਆਵਾਂ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਅਤੇ ਵੱਖ-ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਸਮੇਤ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਵਾਹਨ ਪਾਰਕਿੰਗ ਨੂੰ ਲੈ ਕੇ ਲੜਾਈ-ਝਗੜੇ ਵਧਦੇ ਜਾ ਰਹੇ ਹਨ। ਇਸ ਸਮੱਸਿਆ ਦੇ ਸਥਾਈ ਹੱਲ ਲਈ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਪਾਰਕਿੰਗ ਵਿਵਸਥਾ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਮੁਹਾਲੀ ਦਾ ਖੇਤਰਫਲ ਅਤੇ ਆਬਾਦੀ ਲਗਾਤਾਰ ਵਧ ਰਹੀ ਹੈ। ਜਿਸ ਕਾਰਨ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਹੈ।
ਕੁਲਜੀਤ ਬੇਦੀ ਨੇ ਗਮਾਡਾ ਤੋਂ ਮੰਗ ਕੀਤੀ ਕਿ ਨਵੇਂ ਸੈਕਟਰਾਂ ਵਿੱਚ ਚਾਰ ਮੰਜ਼ਲਾਂ ਫਲੈਟ\ਮਕਾਨ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਗਰਾਉਂਡ ਫਲੋਰ ’ਤੇ ਵਾਹਨ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ। ਮੌਜੂਦਾ ਸਮੇਂ ਵਿੱਚ ਸਿਰਫ਼ ਤਿੰਨ ਮੰਜ਼ਲਾਂ ਬਣਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਨਗਰ ਨਿਗਮ ਵੱਲੋਂ ਸਮੂਹ ਪਾਰਕਾਂ ਦੀਆਂ ਰੇਲਿੰਗਾਂ ਅੰਦਰ ਕਰਕੇ ਖਾਲੀ ਥਾਂ ’ਤੇ ਟੇਪਰ ਪੇਵਰ ਬਲਾਕ ਲਗਾ ਕੇ ਪਾਰਕਿੰਗ ਵਿਵਸਥਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਇਸ ਦੇ ਬਾਵਜੂਦ ਪਾਰਕਿੰਗ ਦੀ ਸਮੱਸਿਆ ਹੱਲ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਵੱਖ-ਵੱਖ ਫੇਜ਼ਾਂ ਅਤੇ ਪੁਰਾਣੇ ਸੈਕਟਰਾਂ ਵਿੱਚ ਸਰਵੇ ਕਰਵਾ ਕੇ ਘੱਟੋ-ਘੱਟ ਇਕ ਪਾਰਕ ਵਿੱਚ ਬੇਸਮੈਂਟ ਨੂੰ ਵਾਹਨ ਪਾਰਕਿੰਗ ਲਈ ਰਿਜ਼ਰਵ ਕੀਤਾ ਜਾਵੇ ਅਤੇ ਉੱਪਰਲੇ ਹਿੱਸੇ ਨੂੰ ਪਾਰਕ\ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇ।
ਡਿਪਟੀ ਮੇਅਰ ਨੇ ਕਿਹਾ ਕਿ ਮੌਜੂਦਾ ਸਮੇਂ ਮੁਹਾਲੀ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਲੋਕਾਂ ਨੇ ਫਲੋਰ ਵਾਈਜ਼ ਕੋਠੀਆਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਕਵੇਂ ਢੰਗ ਨਾਲ ਸ਼ੇਅਰ ਵੇਚੇ ਜਾਂਦੇ ਹਨ ਅਤੇ ਮੰਜ਼ਲਾਂ ਦੇ ਹਿਸਾਬ ਨਾਲ ਕਬਜ਼ੇ ਦਿੱਤੇ ਜਾਂਦੇ ਹਨ। ਜਿਸ ਨਾਲ ਇਕ ਇੱਕ ਕੋਠੀ ਵਿੱਚ ਤਿੰਨ-ਤਿੰਨ ਪਰਿਵਾਰਾਂ ਦੀ ਵੱਖਰੀ ਮਲਕੀਅਤ ਹੋ ਗਈ ਹੈ ਅਤੇ ਇੱਕ-ਇੱਕ ਵਿਅਕਤੀ ਕੋਲ ਦੋ ਤੋਂ ਤਿੰਨ ਗੱਡੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਦੀਆਂ ਕੀਮਤਾਂ ਵਧਣ ਕਾਰਨ ਜ਼ਿਆਦਾਤਰ ਲੋਕ ਫਲੋਰ ਵਾਈਜ਼ ਮਕਾਨ ਖ਼ਰੀਦਣ ਵਿੱਚ ਦਿਲਚਸਪੀ ਦਿਖਾ ਰਹੇ ਹਨ ਪਰ ਇਸ ਨਾਲ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਹੋਰ ਵੀ ਗੰਭੀਰ ਬਣ ਸਕਦੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਗਮਾਡਾ ਨੇ ਪੁਰਾਣੀ ਪਲਾਨਿੰਗ ਵਿੱਚ ਇਹ ਸੋਚਿਆ ਨਹੀਂ ਗਿਆ ਕਿ ਸ਼ਹਿਰ ਵਿੱਚ ਏਨੀਆ ਜ਼ਿਆਦਾ ਗੱਡੀਆਂ ਆ ਜਾਣਗੀਆਂ ਕਿ ਪਾਰਕਿੰਗ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਵਾਹਨ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਤੁਰੰਤ ਠੋਸ ਕਦਮ ਨਾ ਚੁੱਕੇ ਤਾਂ ਉਹ ਹਾਈ ਕੋਰਟ ਦਾ ਬੂਹਾ ਖੜਕਾਉਣਗੇ ਅਤੇ ਵਾਹਨ ਪਾਰਕਿੰਗ ਲਈ ਪੈਦਾ ਹੋਣ ਵਾਲੇ ਹਾਲਾਤਾਂ ਲਈ ਪੰਜਾਬ ਸਰਕਾਰ ਅਤੇ ਗਮਾਡਾ ਜ਼ਿੰਮੇਵਾਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…