ਭਾਜਪਾ ਵਰਕਰਾਂ ਵੱਲੋਂ ਬਿਜਲੀ ਸੰਕਟ ਤੇ ਹੋਰ ਭਖਦੇ ਮੁੱਦਿਆਂ ’ਤੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

ਪੰਜਾਬ ਦੀ ਆਪ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾਂ ਸਾਧਿਆ

ਭਾਜਪਾ ਵਰਕਰਾਂ ਨੇ ਆਪਣੇ ਹੱਥਾਂ ਵਿੱਚ ਫੜੇ ਪੱਖੇ ਝੱਲ ਕੇ ਬਿਜਲੀ ਦੀ ਹਾਲਤ ਕੀਤੀ ਬਿਆਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ, 300 ਯੂਨਿਟ ਮੁਫ਼ਤ ਦੇਣ ਦੇ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਦਿਨ ਪ੍ਰਤੀ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਇੱਥੇ ਭਾਜਪਾ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਵਰਕਰ ਆਪਣੇ ਹੱਥਾਂ ਵਿੱਚ ਪੱਖੇ ਲੈ ਕੇ ਧਰਨੇ ਵਿੱਚ ਪਹੁੰਚੇ ਅਤੇ ਵਿਅੰਗਮਈ ਤਰੀਕੇ ਨਾਲ ਹੁਕਮਰਾਨਾਂ ਨੂੰ ਕੋਸਿਆ। ਬੁਲਾਰਿਆਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾਂ ਸਾਧਿਆ ਅਤੇ ਪੰਜਾਬ ਦੀ ਆਪ ਵਜ਼ਾਰਤ ਨੂੰ ਗੈਰ-ਤਜਰਬੇਕਾਰ ਦੱਸਿਆ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਸੀ ਲੇਕਿਨ ਹੁਣ ਸਰਕਾਰ ਖਪਤਕਾਰਾਂ ’ਤੇ ਸ਼ਰਤਾਂ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ ਟਿਕਟਾਂ ਵੇਚਣ ਵਾਲੀ ਆਪ ਲੀਡਰਸ਼ਿਪ ਤੋਂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ‘ਆਪ’ ਨੂੰ ਅਰਸ਼ ’ਤੇ ਬਿਠਾ ਸਕਦੇ ਹਨ ਤਾਂ ਉਹ ਫਰਸ਼ ’ਤੇ ਲਿਆਉਣਾ ਵੀ ਜਾਣਦੇ ਹਨ।
ਭਾਜਪਾ ਦੇ ਸੂਬਾ ਆਗੂ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫ਼ਤਵਾ ਦੇ ਕੇ ਸਤਾ ਸੌਂਪੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਆਪ ਲੀਡਰਸ਼ਿਪ ਆਪਣੇ ਵਾਅਦੇ ਭੁੱਲ ਗਈ ਹੈ ਅਤੇ ਰੋਜ਼ਾਨਾ ਅਣਐਲਾਨੇ ਲੰਮੇ ਪਾਵਰ ਕੱਟ ਲੱਗ ਰਹੇ ਹਨ। ਜਿਸ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਅਤੇ ਬਿਜਲੀ ’ਤੇ ਨਿਰਭਰ ਕਾਰੋਬਾਰੀ ਤਬਾਹ ਹੋਣ ਕੰਢੇ ਪਹੁੰਚ ਗਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਦੂਜੇ ਸੂਬਿਆਂ ਦਾ ਖ਼ਿਆਲ ਛੱਡ ਕੇ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਣ।
ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬੀ ਗਾਇਕ ਜੱਸੀ ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਦਸਤਾਰ ਨੂੰ ਪੈਰਾਂ ਵਿੱਚ ਰੋਲ ਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ ਲੇਕਿਨ ਹੁਣ ਦੋ ਮਹੀਨੇ ਦੇ ਸ਼ਾਸਨ ਵਿੱਚ ਹੀ ਰਾਜ ਦੇ ਲੋਕਾਂ ਦਾ ਭਗਵੰਤ ਮਾਨ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਖੁਸ਼ਵੰਤ ਰਾਏ ਗੀਗਾ, ਸੁਖਵਿੰਦਰ ਸਿੰਘ ਗੋਲਡੀ, ਅਰੁਣ ਸ਼ਰਮਾ, ਅਸ਼ੋਕ ਝਾਅ, ਨਰਿੰਦਰ ਸਿੰਘ ਰਾਣਾ, ਲਖਵਿੰਦਰ ਕੌਰ ਗਰਚਾ, ਸੰਜੀਵ ਖੰਨਾ, ਕਮਲਦੀਪ ਸੈਣੀ, ਸੋਹਨ ਸਿੰਘ, ਜਸਵੀਰ ਸਿੰਘ ਮਹਿਤਾ, ਅਮਰੀਕ ਸਿੰਘ ਹੈਪੀ, ਅਨਿਲ ਕੁਮਾਰ ਗੁੱਡੂ, ਰਾਖੀ ਪਾਠਕ, ਰਮਨ ਸੈਲੀ, ਸੰਜੀਵ ਜੋਸ਼ੀ, ਰਾਜੀਵ ਸ਼ਰਮਾ, ਜੱਗੀ ਅੌਜਲਾ, ਭਾਨੂ ਪ੍ਰਤਾਪ ਸਿੰਘ, ਕੁਲਵੀਰ ਕਪੂਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…