ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਅਮਿਤ ਤਲਵਾੜ

ਡੀਸੀ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ

ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਜਾਰੀ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਘਰਾਂ ਦੇ ਕੱਟੇ ਜਾਣਗੇ ਚਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਮੁਹਾਲੀ ਜ਼ਿਲ੍ਹੇ ਵਿੱਚ ਚਲ ਰਹੀਆਂ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਅਤੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ ਸਖ਼ਤੀ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪੈਡਿੰਗ ਕੰਮਾਂ ਦਾ ਛੇਤੀ ਨਿਪਟਾਰਾ ਕਰਨ ਦੀ ਹਦਾਇਤ ਵੀ ਕੀਤੀ।
ਡੀਸੀ ਨੇ ਕੋਵਿਡ ਮਹਾਮਾਰੀ ਨੂੰ ਠੱਲ੍ਹ ਪੈਣ ਤੋਂ ਬਾਅਦ ਹੁਣ ਕੋਵਿਡ ਦੇ ਨਵੇਂ ਵੈਰੀਐਂਟ ਦੇ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਸਿਹਤ ਵਿਭਾਗ ਨੂੰ ਕੋਵਿਡ ਮਹਾਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਲੋਕਾਂ ਦੀ ਸੈਪਲਿੰਗ ਅਤੇ ਟੀਕਾਕਰਨ ਦੇ ਨਿਰਦੇਸ਼ ਜਾਰੀ ਕੀਤੇ। ਨਾਲ ਹੀ ਵੱਧ ਤੋਂ ਵੱਧ ਪਹਿਲੀ ਅਤੇ ਦੂਜੀ ਡੋਜ਼ ਦਾ ਕੋਵਿਡ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਤੰਬਾਕੂ ਦੀ ਵਰਤੋਂ ਸਬੰਧੀ ਕੋਟਪਾ (ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ) ਤਹਿਤ ਵੀ ਵੱਧ ਤੋਂ ਵੱਧ ਚਲਾਨ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਖ਼ਾਤਮੇ ਲਈ ਕੋਈ ਢਿੱਲ-ਮੱਲ ਨਾ ਵਰਤੀ ਜਾਵੇ। ਮੌਸਮ ਵਿੱਚ ਬਦਲਾਅ ਨਾਲ ਮੱਛਰਾਂ ਦਾ ਖ਼ਤਰਾ ਵਧ ਰਿਹਾ ਹੈ। ਲਿਹਾਜ਼ਾ ਉਨ੍ਹਾਂ ਘਰਾਂ ਦੇ ਚਲਾਨ ਕਰਨ ਦੇ ਨਾਲ ਫੌਗਿੰਗ ਅਤੇ ਘਰ-ਘਰ ਕੰਟੇਨਰ ਸਰਵੇਖਣ ਤੇਜ਼ ਕੀਤਾ ਜਾਵੇ, ਜਿੱਥੇ ਮੱਛਰਾਂ ਦਾ ਲਾਰਵਾ ਮਿਲੇ, ਉੱਥੇ ਦਿਨ ਵਿੱਚ ਘੱਟੋਘੱਟ ਦੋ ਵਾਰ ਫੌਗਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਵੇਰ ਅਤੇ ਸ਼ਾਮ ਨੂੰ ਫੌਗਿੰਗ ’ਤੇ ਵੱਧ ਜ਼ੋਰ ਦਿੱਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਖੇਤਰਾਂ ਨੂੰ ਨਿਯਮਤ ਰੂਪ ਵਿੱਚ ਕਵਰ ਕੀਤਾ ਜਾ ਸਕੇ।
ਡੀਸੀ ਨੇ ਕਿਹਾ ਕਿ ਪਾਣੀ ਦੇ ਟੈਂਕਰਾਂ ਦੀ ਸਾਫ਼-ਸਫ਼ਾਈ ਕਰਵਾਈ ਜਾਵੇ ਅਤੇ ਪਾਣੀ ਦੇ ਸੈਂਪਲ ਲਏ ਜਾਣ। ਉਨ੍ਹਾਂ ਕਿਹਾ ਕਿ ਨਾਲੀਆਂ ਦੇ ਨੇੜੇ ਮੈਡੀਸਨਲ ਪਾਊਡਰ ਦਾ ਛਿੜਕਾਅ ਕੀਤਾ ਜਾਵੇ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ, ਝੁੱਗੀਆਂ ਅਤੇ ਤੰਗ ਗਲੀਆਂ ਵਿੱਚ ਲਗਾਤਾਰ ਰੋਗਾਣੂ ਮੁਕਤ ਕਰਨ ਲਈ ਛਿੜਕਾਅ ਮੁਹਿੰਮ ਚਲਾਈ ਜਾਵੇ।
ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਅਤੇ ਮਲੇਰੀਆ ਵਿਰੁੱਧ ਲੜਾਈ ਵਿੱਚ ਸਹਿਯੋਗ ਦੇਣ ਕਿਉਂਕਿ ਡੇਂਗੂ ਲਈ ਜ਼ਿੰਮੇਵਾਰ ਏਡੀਜ਼ ਮੱਛਰ ਸਿਰਫ ਤਾਜ਼ੇ ਅਤੇ ਸਾਫ਼ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ। ਇਸ ਲਈ ਕੂਲਰਾਂ, ਟਾਇਰਾਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਅਤੇ ਫਾਲਤੂ ਵਸਤੂਆਂ ਵਿੱਚ ਮੱਛਰਾਂ ਦਾ ਵੱਧ ਪ੍ਰਜਨਨ ਹੁੰਦਾ ਹੈ। ਇਨ੍ਹਾਂ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਏਡੀਸੀ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਤਰਸੇਮ ਚੰਦ, ਸਿਵਲ ਸਰਜਨ ਡਾ. ਅਦਰਸ਼ਪਾਲ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …