Share on Facebook Share on Twitter Share on Google+ Share on Pinterest Share on Linkedin ਸਰਕਾਰੀ ਪ੍ਰਾਇਮਰੀ ਸਕੂਲ ਦੀ ਹੋਂਦ ਮਿਟਣ ਦਾ ਖ਼ਦਸ਼ਾ, 500 ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਵਾਰਸਾਂ ਨੇ ਸਕੂਲ ਨੂੰ ਦਾਨ ਵਿੱਚ ਦਿੱਤੀ ਜ਼ਮੀਨ ਵਾਪਸ ਮੰਗੀ, ਮਾਮਲਾ ਅਦਾਲਤ ’ਚ ਪੁੱਜਾ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਮਜ਼ਬੂਤ ਪੱਖ ਰੱਖਿਆ ਜਾਵੇਗਾ: ਸਕੂਲ ਮੁਖੀ ਭਗਵੰਤ ਮਾਨ ਸਰਕਾਰ ਦਾ 117 ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਐਲਾਨ ਮਹਿਜ਼ ਡਰਾਮੇਬਾਜ਼ੀ: ਕੁੰਭੜਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ: ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੋਂਦ ਮਿਟਣ ਦਾ ਖ਼ਤਰਾ ਪੈਦਾ ਹੋਣ ਨਾਲ ਇੱਥੇ ਪੜ੍ਹਦੇ 500 ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਪਿੰਡ ਵਾਸੀ ਗਿਆਨੀ ਗੁਰਬਖ਼ਸ਼ ਸਿੰਘ ਨੇ ਕਰੀਬ ਸਾਢੇ ਤਿੰਨ ਦਹਾਕੇ ਪਹਿਲਾਂ ਫਿਰਨੀ ਉੱਤੇ ਆਪਣੇ ਵਾੜੇ ਵਾਲੀ ਥਾਂ (ਇਕ ਕਨਾਲ ਇਕ ਮਰਲਾ) ਸਕੂਲ ਨੂੰ ਦਾਨ ਵਿੱਚ ਦਿੱਤੀ ਸੀ ਅਤੇ ਕਮਰਿਆਂ ਲਈ 70 ਹਜ਼ਾਰ ਰੁਪਏ ਵੀ ਦਿੱਤੇ ਸੀ। ਉਸ ਸਮੇਂ ਦੇ ਅਕਾਲੀ ਵਿਧਾਇਕ ਬਚਿੱਤਰ ਸਿੰਘ ਨੇ 14 ਅਕਤੂਬਰ 1987 ਨੂੰ ਸਕੂਲ ਦਾ ਨੀਂਹ ਪੱਥਰ ਰੱਖਿਆ ਸੀ, ਹਾਲਾਂਕਿ 2007-08 ਦੀ ਜਮ੍ਹਾਬੰਦੀ ਵਿੱਚ ਇਹ ਜ਼ਮੀਨ ਸਕੂਲ ਦੇ ਨਾਂ ਬੋਲਦੀ ਸੀ ਪ੍ਰੰਤੂ ਬਾਅਦ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਇਹ ਜ਼ਮੀਨ ਆਪਣੇ ਨਾਂ ਤਬਦੀਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਦਾ ਫਾਇਦਾ ਚੁੱਕਦਿਆਂ ਦਾਨ ਸੱਜਣ ਦੇ ਵਾਰਸਾਂ ਨੇ ਉਕਤ ਜ਼ਮੀਨ ਵਾਪਸ ਲੈਣ ਲਈ ਮੁਹਾਲੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ। ਜਿਸ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਸਕੂਲ ਸਟਾਫ਼ ਨੂੰ ਪਾਰਟੀ ਬਣਾਇਆ ਗਿਆ ਹੈ। ਅਦਾਲਤੀ ਸੰਮਨ ਮਿਲਣ ਤੋਂ ਬਾਅਦ ਸਿੱਖਿਆ ਅਧਿਕਾਰੀਆਂ ਨੇ ਪੁਰਾਣੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਦੋ ਮਾਸੂਮ ਬੱਚੀਆਂ ਨੇ ਆਂਚਲ ਅਤੇ ਸਿਮਰਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਕੂਲ ਇੱਥੇ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਨੇ ਵਾਰਸਾਂ ਨੂੰ ਵੀ ਕੇਸ ਵਾਪਸ ਲੈਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਇਸੇ ਸਕੂਲ ਵਿੱਚ ਪੜ੍ਹਦੇ ਹਨ ਅਤੇ ਸਟਾਫ਼ ਵੀ ਬਹੁਤ ਚੰਗਾ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਵਾਸੀ ਗੁਰਬਖ਼ਸ਼ ਸਿੰਘ ਨੇ ਇਹ ਜ਼ਮੀਨ ਸਕੂਲ ਨੂੰ ਦਾਨ ਦਿੱਤੀ ਸੀ। ਜਿਸ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਾਈ ਗਈ। ਸਕੂਲ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ 10 ਲੱਖ ਰੁਪਏ ਉਸ ਸਮੇਂ ਦੀ ਗਰਾਮ ਪੰਚਾਇਤ ਨੇ ਖ਼ਰਚ ਕੀਤੇ। ਮਗਰੋਂ ਸਾਢੇ 6 ਲੱਖ ਰੁਪਏ ਬੀਡੀਪੀਓ ਰਾਹੀਂ ਖ਼ਰਚ ਕਰਕੇ ਸਕੂਲ ਚਲਾਇਆ ਗਿਆ। ਪਿੱਛੇ ਜਿਹੇ ਕੁਲਵੰਤ ਸਿੰਘ ਨੇ ਮੇਅਰ ਕਾਰਜਕਾਲ ਦੌਰਾਨ ਮੁਹਾਲੀ ਨਗਰ ਨਿਗਮ ਵੱਲੋਂ 15 ਲੱਖ ਰੁਪਏ ਖ਼ਰਚ ਕਰਕੇ ਸਮਾਰਟ ਸਕੂਲ ਬਣਾਇਆ ਗਿਆ। ਦਾਨੀ ਗੁਰਬਖ਼ਸ਼ ਸਿੰਘ ਦੀ ਮੌਤ ਹੋ ਚੁੱਕੀ ਹੈ। ਲੇਕਿਨ ਹੁਣ ਉਸ ਦੇ ਰਿਸ਼ਤੇਦਾਰੀ ’ਚੋਂ ਤਿੰਨ ਵਾਰਸਾਂ ਨੇ ਅਦਾਲਤ ਵਿੱਚ ਕੇਸ ਦਾਇਰ ਕਰਕੇ ਸਕੂਲ ਨੂੰ ਦਿੱਤੀ ਜ਼ਮੀਨ ਵਾਪਸ ਮੰਗ ਲਈ ਹੈ। ਕੁੰਭੜਾ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ 117 ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕਰ ਰਹੇ ਹਨ ਪ੍ਰੰਤੂ ਦੂਜੇ ਪਾਸੇ ਪਹਿਲਾਂ ਤੋਂ ਵਧੀਆਂ ਢੰਗ ਨਾਲ ਚੱਲ ਰਹੇ ਸਮਾਰਟ ਸਕੂਲਾਂ ਤੋਂ ਜ਼ਮੀਨ ਖੁੱਸਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਸਟਾਫ਼ ਦੀ ਸਖ਼ਤ ਮਿਹਨਤ ਸਦਕਾ ਇੱਥੇ ਗਰੀਬ ਵਰਗ ਨਾਲ ਸਬੰਧਤ 500 ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਆਈਟੀ ਸਿਟੀ ਵਿੱਚ ਜ਼ਮੀਨ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਕਾਰਨ ਲਾਲਚਵਸ ਸਕੂਲ ਤੋਂ ਜ਼ਮੀਨ ਵਾਪਸ ਮੰਗੀ ਜਾ ਰਹੀ ਹੈ। ਉਨ੍ਹਾਂ ਜਿੱਥੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ, ਉੱਥੇ ਅਦਾਲਤ ਨੂੰ ਵੀ ਗੁਹਾਰ ਲਗਾਈ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਵਾਰਸਾਂ ਦੀ ਅਰਜ਼ੀ ਰੱਦ ਕੀਤੀ ਜਾਵੇ। ਸਕੂਲ ਮੁਖੀ ਸੁਖਦੀਪ ਕੌਰ ਨੇ ਦੱਸਿਆ ਕਿ ਸਕੂਲ ਵਿੱਚ 491 ਬੱਚੇ ਪੜ੍ਹਦੇ ਹਨ ਅਤੇ ਇੱਥੇ ਇੰਚਾਰਜ ਸਮੇਤ 11 ਅਧਿਆਪਕ ਤਾਇਨਾਤ ਹਨ। ਉਨ੍ਹਾਂ ਅਦਾਲਤੀ ਸੰਮਨ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਕੇਸ ਦੀ ਸੁਣਵਾਈ ਮੌਕੇ ਉਹ ਮਜ਼ਬੂਤ ਪੱਖ ਰੱਖਣਗੇ ਅਤੇ ਅਦਾਲਤ ਨੂੰ ਤਰਸ ਦੇ ਆਧਾਰ ’ਤੇ ਵਾਰਸਾਂ ਦੀ ਪਟੀਸ਼ਨ ਰੱਦ ਕਰਨ ਦੀ ਗੁਹਾਰ ਲਗਾਉਣਗੇ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਘਰ-ਘਰ ਜਾ ਕੇ ਬੱਚਿਆਂ ਦੀ ਦਾਖ਼ਲ ਦਰ ਵਿੱਚ ਵਾਧਾ ਕੀਤਾ ਹੈ। ਜੇਕਰ ਹੁਣ ਸਕੂਲ ਕੋਲੋਂ ਇਹ ਜ਼ਮੀਨ ਖੁੱਸ ਜਾਂਦੀ ਹੈ ਤਾਂ ਸੈਂਕੜੇ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਦੱਸਿਆ ਕਿ ਕਿਸੇ ਦਾਨੀ ਸੱਜਣ ਨੇ ਉਕਤ ਜ਼ਮੀਨ ਸਕੂਲ ਨੂੰ ਦਾਨ ਦਿੱਤੀ ਸੀ ਪਰ ਇਸ ਸਬੰਧੀ ਕੋਈ ਲਿਖਾ ਪੜੀ ਨਹੀਂ ਕੀਤੀ ਗਈ ਅਤੇ ਨਾ ਹੀ ਬਾਅਦ ਵਿੱਚ ਕਿਸੇ ਅਧਿਕਾਰੀ ਨੇ ਇੰਤਕਾਲ ਆਪਣੇ ਨਾਂਅ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਦਾਨੀ ਪੁਰਸ਼ ਦੀ ਮੌਤ ਤੋਂ ਬਾਅਦ ਵਾਰਸਾਂ ਨੇ ਅਦਾਲਤ ਵਿੱਚ ਕੇਸ ਪਾ ਦਿੱਤਾ ਹੈ। ਇਸ ਦੀ ਜਾਣਕਾਰੀ ਮਿਲਣ ’ਤੇ ਕਾਨੂੰਨੀ ਮਾਹਰਾਂ ਦੀ ਰਾਇ ਲਈ ਜਾ ਰਹੀ ਹੈ। ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਸਕੂਲ ਸਟਾਫ਼ ਨੂੰ ਦਫ਼ਤਰ ਸੱਦ ਕੇ ਲੋੜੀਂਦੇ ਦੀ ਰਿਕਾਰਡ ਦੀ ਘੋਖ ਕੀਤੀ ਜਾ ਰਹੀ ਹੈ। ਜ਼ਮੀਨ ਪ੍ਰਾਪਤੀ ਸਬੰਧੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਅਦਾਲਤ ਵਿੱਚ ਠੋਸ ਪੱਖ ਰੱਖਿਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ