ਆਈਟੀ ਸਿਟੀ: ਪਬਲਿਕ ਪਾਰਕ ਵਾਲੀ ਥਾਂ ’ਤੇ ਠੇਕੇਦਾਰ ਦੀ ਲੇਬਰ ਦਾ ਕਬਜ਼ਾ

ਸੈਕਟਰ ਵਾਸੀਆਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮਜ਼ਦੂਰਾਂ ਤੋਂ ਥਾਂ ਖਾਲੀ ਕਰਵਾਉਣ ਦੀ ਮੰਗ

ਮਜ਼ਦੂਰਾਂ ਨੇ ਕਿਹਾ ਕਿ ਅਸੀਂ ਕਿੱਥੇ ਜਾਈਏ, ਰਹਿਣ ਲਈ ਥਾਂ ਤਾਂ ਚਾਹੀਦੀ ਐ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਆਈਟੀ ਸਿਟੀ ਸੈਕਟਰ-66-ਬੀ ਦੇ ਵਸਨੀਕ ਗਮਾਡਾ ਦੀ ਅਣਦੇਖੀ ਕਾਰਨ ਡਾਢੇ ਪ੍ਰੇਸ਼ਾਨ ਹਨ। ਇੱਥੇ ਪਬਲਿਕ ਪਾਰਕ ਵਾਲੀ ਥਾਂ ਉੱਤੇ ਇੱਕ ਠੇਕੇਦਾਰ ਦੀ ਲੇਬਰ ਰਹਿਣ ਕਾਰਨ ਆਲੇ-ਦੁਆਲੇ ਗੰਦਗੀ ਫੈਲ ਰਹੀ ਹੈ ਅਤੇ ਹੁਣ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਉਸਾਰੀ ਅਧੀਨ ਮਕਾਨਾਂ ਵਿੱਚ ਪਿਆ ਸੈਨੇਟਰੀ ਦਾ ਸਮਾਨ ਵੀ ਚੋਰੀ ਹੋਣ ਲੱਗ ਪਿਆ ਹੈ। ਸੈਕਟਰ ਵਾਸੀ ਜਸਪਾਲ ਸਿੰਘ (ਸੇਵਾਮੁਕਤ ਸਬ ਇੰਸਪੈਕਟਰ ਪੰਜਾਬ ਪੁਲੀਸ ਸਾਈਬਰ ਸੈੱਲ), ਧਰਮਿੰਦਰ ਗੁਪਤਾ, ਮਹਿੰਦਰ ਸਿੰਘ, ਜਪਜੀਤ ਸਿੰਘ, ਪਿਆਰਾ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਕੁਮਾਰ, ਆਰਕੇ ਠਾਕਰ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਹਾਲਾਂਕਿ ਪਹਿਲਾਂ ਇੱਥੇ ਗਮਾਡਾ ਦੀ ਅਧਿਕਾਰਤ ਐਲ ਐਂਡ ਟੀ ਕੰਪਨੀ ਨੇ ਆਈਟੀ ਸਿਟੀ, ਐਰੋਸਿਟੀ ਅਤੇ ਹੋਰ ਨੇੜਲਾ ਏਰੀਆ ਵਿਕਸਤ ਕਰਨ ਸਮੇਂ ਰਿਹਾਇਸ਼ੀ ਪਾਰਕ ਵਾਲੀ ਥਾਂ ਉੱਤੇ ਮਜ਼ਦੂਰਾਂ ਦੇ ਰਹਿਣ ਲਈ ਆਰਜ਼ੀ ਪ੍ਰਬੰਧ ਕੀਤਾ ਗਿਆ ਸੀ ਪ੍ਰੰਤੂ ਹੁਣ ਜਦੋਂ ਕਈ ਮਹੀਨੇ ਪਹਿਲਾਂ ਹੀ ਕੰਪਨੀ ਦਾ ਕੰਮ ਮੁਕੰਮਲ ਹੋਣ ਕਾਰਨ ਕੱਚੇ ਕੋਠਿਆਂ ਵਿੱਚ ਰਹਿੰਦੀ ਲੇਬਰ ਵੀ ਜਾ ਚੁੱਕੀ ਹੈ ਲੇਕਿਨ ਹੁਣ ਕਿਸੇ ਹੋਰ ਠੇਕੇਦਾਰ ਨੇ ਇਨ੍ਹਾਂ ਕੱਚੇ ਕੋਠਿਆਂ ਵਿੱਚ ਆਪਣੀ ਲੇਬਰ ਲਿਆ ਕੇ ਬਿਠਾ ਦਿੱਤੀ ਹੈ। ਜਿਸ ਕਾਰਨ ਪਾਰਕ ਦੇ ਵਿਕਾਸ ਦਾ ਕੰਮ ਰੁਕ ਗਿਆ ਹੈ। ਇਹੀ ਨਹੀਂ ਉਨ੍ਹਾਂ ਨੂੰ ਮਿਲਣ ਆਉਂਦੇ ਰਿਸ਼ਤੇਦਾਰ ਅਤੇ ਹੋਰ ਜਾਣਕਾਰ ਵੀ ਹੁਣ ਮਜ਼ਦੂਰਾਂ ਦੀ ਕਲੋਨੀ ਨੇੜੇ ਘਰ ਬਣਾਉਣ ਦੇ ਤਾਹਨੇ ਮੇਹਨੇ ਮਾਰਨ ਲੱਗ ਪਏ ਹਨ।
ਸੈਕਟਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਮ੍ਹਾ ਪੂੰਜੀ (ਕਰੋੜਾਂ ਰੁਪਏ) ਖ਼ਰਚ ਕਰਕੇ ਇੱਥੇ ਪਲਾਟ ਲੈ ਕੇ ਮਕਾਨ ਬਣਾਏ ਸੀ ਅਤੇ ਵੱਡੀ ਮਾਤਰਾਂ ਵਿੱਚ ਮਕਾਨ ਉਸਾਰੀ ਅਧੀਨ ਹਨ ਪ੍ਰੰਤੂ ਪਾਰਕ ਵਾਲੀ ਥਾਂ ’ਤੇ ਇਕ ਤਰ੍ਹਾਂ ਨਾਲ ਮਜ਼ਦੂਰਾਂ ਦੀ ਕਲੋਨੀ ਵਸ ਗਈ ਹੈ। ਜਿਸ ਕਾਰਨ ਆਸਪਾਸ ਬਣ ਰਹੇ ਮਕਾਨਾਂ ਅਤੇ ਖਾਲੀ ਪਲਾਟਾਂ ਦੀਆਂ ਕੀਮਤਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਗਮਾਡਾ ਦਫ਼ਤਰ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਨਵਰੀ 2022 ਵਿੱਚ ਐਲ ਐਂਡ ਟੀ ਕੰਪਨੀ ਨੇ ਇੱਥੋਂ ਮਲਬਾ ਚੁੱਕਣ ਲਈ ਇਕ ਕਬਾੜੀਏ ਨੂੰ ਕਰੀਬ ਤਿੰਨ ਲੱਖ ਰੁਪਏ ਦਾ ਠੇਕਾ ਦਿੱਤਾ ਸੀ ਲੇਕਿਨ ਪਿਛਲੀ ਦਿਨੀਂ ਕਬਾੜੀਏ ਨੇ ਕੰਪਨੀ ਨੂੰ ਪੈਸੇ ਵਾਪਸ ਮੋੜ ਦਿੱਤੇ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਪਾਰਕ ਵਾਲੀ ਥਾਂ ਖਾਲੀ ਕਰਵਾਉਣ ਅਤੇ ਇਸ ਥਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਲਈ ਉਹ ਗਮਾਡਾ ਨੂੰ ਦਰਖਾਸਤਾਂ ਦੇ ਕੇ ਥੱਕ ਚੁੱਕੇ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਦੀ ਲੇਬਰ ਨੂੰ ਇੱਥੋਂ ਜਾਣ ਲਈ ਕਿਹਾ ਜਾਵੇ ਅਤੇ ਇੱਥੇ ਸੈਕਟਰ ਵਾਸੀਆਂ ਦੀ ਸੁਵਿਧਾ ਲਈ ਆਧੁਨਿਕ ਪਾਰਕ ਬਣਾਇਆ ਜਾਵੇ।

ਉਧਰ, ਗਮਾਡਾ ਦੇ ਅਸਟੇਟ ਅਫ਼ਸਰ ਖ਼ੁਸ਼ਦਿਲ ਸਿੰਘ ਸੰਧੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਨਾ ਹੀ ਹੁਣ ਤੱਕ ਕਿਸੇ ਸੈਕਟਰ ਵਾਸੀ ਨੇ ਉਨ੍ਹਾਂ ਨੂੰ ਕੋਈ ਦਰਖਾਸਤ ਦਿੱਤੀ ਹੈ। ਉਂਜ ਉਨ੍ਹਾਂ ਨੇ ਦਫ਼ਤਰ ਦੇ ਇੱਕ ਕਰਮਚਾਰੀ ਪਰਮਿੰਦਰ ਸਿੰਘ ਨੂੰ ਮੌਕਾ ਦੇਖ ਕੇ ਰਿਪੋਰਟ ਦੇਣ ਲਈ ਆਖਿਆ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਭਲਕੇ ਵੀਰਵਾਰ ਨੂੰ ਮੌਕਾ ਦੇਖਣ ਜਾਣਗੇ।
ਉਧਰ, ਮਜ਼ਦੂਰਾਂ ਦਾ ਪੱਖ ਰੱਖਦਿਆਂ ਬਲਦੇਵ ਸ਼ਰਮਾ ਨੇ ਕਿਹਾ ਕਿ ਉਹ ਠੇਕੇਦਾਰ ਕੋਲ ਕੰਮ ਕਰਦੇ ਹਨ ਅਤੇ ਚਾਰ ਮਹੀਨੇ ਤੋਂ ਇੱਥੇ ਰਹਿ ਰਹੇ ਹਨ ਅਤੇ ਬਾਕੀ ਮਜ਼ਦੂਰ ਵੀ ਆਪਣੇ ਪਰਿਵਾਰਾਂ ਨਾਲ ਇੱਥੇ ਰਹਿ ਰਹੇ ਹਨ। ਉਂਜ ਉਨ੍ਹਾਂ ਮੰਨਿਆਂ ਕਿ ਜਿਸ ਥਾਂ ’ਤੇ ਉਹ ਰਹਿੰਦੇ ਹਨ, ਉਹ ਥਾਂ ਪਾਰਕ ਲਈ ਛੱਡੀ ਗਈ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਦੇ ਰਹਿਣ ਦਾ ਹੋਰ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਉਹ ਕਿੱਥੇ ਜਾਣ?

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…