ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ

ਫੇਲ੍ਹ ਬੱਚਿਆਂ ਦੀ 2 ਮਹੀਨੇ ਦੇ ਅੰਦਰ-ਅੰਦਰ ਮੁੜ ਲਈ ਜਾਵੇਗੀ ਸਪਲੀਮੈਂਟਰੀ ਪ੍ਰੀਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਅੱਜ ਬਾਅਦ ਦੁਪਹਿਰ ਆਨਲਾਈਨ ਵਿਧੀ ਰਾਹੀਂ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਅੱਠਵੀਂ ਦੀ ਪ੍ਰੀਖਿਆ ਵਿੱਚ 3 ਲੱਖ 17 ਹਜ਼ਾਰ 942 ਵਿਦਿਆਰਥੀ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 3 ਲੱਖ 2 ਹਜ਼ਾਰ 558 ਬੱਚੇ ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.25 ਫੀਸਦੀ ਹੈ। ਜਦੋਂਕਿ 693 ਬੱਚਿਆਂ ਦਾ ਨਤੀਜਾ ਲੇਟ ਹੈ। ਅੱਠਵੀਂ ਜਮਾਤ ਦੀ ਪ੍ਰੀਖਿਆ (ਰੈਗੂਲਰ) ਵਿੱਚ ਸਰਕਾਰੀ ਮਿਡਲ ਸਕੂਲ ਗੁੰਮਟੀ, ਬਰਨਾਲਾ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਸ਼ਤਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਐੱਸਏਬੀ ਜੈਨ ਡੇਅ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੀ ਵਿਦਿਆਰਥਣ ਹਿਮਾਨੀ ਨੇ 99.33 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ ਅਤੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਿੰਡ ਨਵਾਂ ਤਨੇਲ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਦੀ ਵਿਦਿਆਰਥਣ ਕਰਮਨਪ੍ਰੀਤ ਕੌਰ ਨੇ 99.33 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਬੋਰਡ ਨੇ ਜਨਮ ਮਿਤੀ ਦੇ ਆਧਾਰ ’ਤੇ ਮੈਰਿਟ ਐਲਾਨੀ ਗਈ ਹੈ।
ਬੋਰਡ ਮੁਖੀ ਨੇ ਦੱਸਿਆ ਕਿ ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ 2 ਮਹੀਨੇ ਦੇ ਅੰਦਰ-ਅੰਦਰ ਕਰਵਾਈ ਜਾਵੇਗੀ ਪਰ ਅਜਿਹੇ ਪ੍ਰੀਖਿਆਰਥੀ 9ਵੀਂ ਜਮਾਤ ਵਿੱਚ ਆਰਜ਼ੀ ਦਾਖ਼ਲਾ ਲੈ ਸਕਦੇ ਹਨ। ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋ ਜਾਣਗੇ, ਉਨ੍ਹਾਂ ਪ੍ਰੀਖਿਆਰਥੀਆਂ ਦਾ ਨਤੀਜਾ ਪ੍ਰਮੋਟਰਡ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਪੂਰੇ ਵੇਰਵੇ ਮੈਰਿਟ ਸੂਚੀ ਭਲਕੇ 3 ਜੂਨ ਨੂੰ ਸਵੇਰੇ 10 ਵਜੇ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ’ਤੇ ਉਪਲਬਧ ਹੋਵੇਗੀ। ਇਹ ਦਰਸਾਏ ਅੰਕ ਵਿਦਿਆਰਥੀਆਂ, ਸਕੂਲਾਂ ਲਈ ਕੇਵਲ ਸੂਚਨਾ ਹਿੱਤ ਹੋਣਗੇ ਅਤੇ ਇਸ ਸਬੰਧੀ ਸਰਟੀਫ਼ਿਕੇਟ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਇਸ ਮੌਕੇ ਵਾਈਸ ਚੇਅਰਮੈਨ ਵਰਿੰਦਰ ਭਾਟੀਆ, ਬੋਰਡ ਸਕੱਤਰ ਸ੍ਰੀਮਤੀ ਸਵਾਤੀ ਟਿਵਾਣਾ, ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਸਮੇਤ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
ਸਕੂਲ ਬੋਰਡ ਵੱਲੋਂ ਐਲਾਨੇ ਨਤੀਜੇ ਵਿੱਚ ਲੜਕੀਆਂ ਨੇ ਐਤਕੀਂ ਵੀ ਲੜਕਿਆਂ ਨੂੰ ਪਛਾੜ ਦਿੱਤਾ ਹੈ। ਇਸ ਵਾਰ 1,44,767 ਲੜਕੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ’ਚੋਂ 1,42,881 ਲੜਕੀਆਂ ਪਾਸ ਹੋਈਆਂ। ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.70 ਫੀਸਦੀ ਰਹੀ। ਜਦੋਂਕਿ 1,63,166 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 97.86 ਫੀਸਦੀ ਅੰਕਾਂ ਨਾਲ 1,59,668 ਲੜਕੇ ਪਾਸ ਹੋਏ। ਇੰਜ ਹੀ 9 ਟ੍ਰਾਂਸਜੈਂਡਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਪਾਸ ਹਨ।
ਐਫ਼ੀਲੀਏਟਿਡ ਸਕੂਲਾਂ ਦੇ 57,327 ’ਚੋਂ 56610 ਬੱਚੇ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.75 ਫੀਸਦੀ ਰਹੀ। ਐਸੋਸੀਏਟਿਡ ਸਕੂਲਾਂ ਦੇ 18,578 ’ਚੋਂ 18,303 ਵਿਦਿਆਰਥੀ 98.55 ਫੀਸਦੀ ਅੰਕ ਲੈ ਕੇ ਪਾਸ ਹੋਏ। ਸਰਕਾਰੀ ਸਕੂਲਾਂ ਦੇ 2,15,458 ’ਚੋਂ 2,11,777 ਵਿਦਿਆਰਥੀ 98.29 ਫੀਸਦੀ ਅੰਕ ਲੈ ਕੇ ਪਾਸ ਹੋਏ ਹਨ ਜਦੋਂਕਿ ਏਡਿਡ ਸਕੂਲਾਂ ਦੇ 16,579 ’ਚੋਂ 15,863 ਬੱਚੇ ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.68 ਫੀਸਦੀ ਹੈ। ਵਿਸ਼ੇਵਾਰ ਜਾਰੀ ਪਾਸ ਪ੍ਰਤੀਸ਼ਤਤਾ ਅਨੁਸਾਰ ਪੰਜਾਬੀ ਪਹਿਲੀ ਭਾਸ਼ਾ ਦੀ ਪਾਸ ਪ੍ਰਤੀਸ਼ਤਤਾ 99.81 ਫੀਸਦੀ, ਪੰਜਾਬੀ ਦੂਜੀ ਭਾਸ਼ਾ ਦੀ ਪਾਸ ਪ੍ਰਤੀਸ਼ਤਤਾ 99.67 ਫੀਸਦੀ, ਹਿੰਦੀ ਪਹਿਲੀ ਭਾਸ਼ਾ ਦੀ ਪਾਸ ਪ੍ਰਤੀਸ਼ਤਤਾ 99.28 ਫੀਸਦੀ, ਹਿੰਦੀ ਦੂਜੀ ਭਾਸ਼ਾ ਦੀ ਪਾਸ ਪ੍ਰਤੀਸ਼ਤਤਾ 99.58 ਫ਼ੀਸਦੀ, ਅੰਗਰੇਜ਼ੀ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 99.52 ਫ਼ੀਸਦੀ, ਗਣਿਤ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 99.40 ਫ਼ੀਸਦੀ, ਸਾਇੰਸ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 99.49 ਫੀਸਦੀ, ਸਮਾਜਿਕ ਸਿੱਖਿਆ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 99.81 ਫੀਸਦੀ, ਕੰਪਿਊਟਰ ਸਾਇੰਸ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 99.33 ਫੀਸਦੀ, ਵੈੱਲਕਮ ਲਾਈਫ਼ ਦੀ ਪਾਸ ਪ੍ਰਤੀਸ਼ਤਤਾ 99.41 ਫ਼ੀਸਦੀ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…