Kumbra

ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਸਮਾਧ ਬਣਾਉਣ ਦਾ ਮਾਮਲਾ ਭਖਿਆ, ਤਣਾਅ ਦਾ ਮਾਹੌਲ

ਸ਼੍ਰੋਮਣੀ ਕਮੇਟੀ ਤੇ ਪਿੰਡ ਵਾਸੀਆਂ ਨੇ ਲਾਇਆ ਅੰਧ ਵਿਸ਼ਵਾਸ ਫੈਲਾਉਣ ਦਾ ਦੋਸ਼, ਪ੍ਰਸ਼ਾਸਨ ’ਤੇ ਅਣਦੇਖੀ ਦਾ ਦੋਸ਼

ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਹਫ਼ਤੇ ਦਾ ਅਲਟੀਮੇਟਮ, ਡੀਸੀ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਪਿੰਡ ਚੂਹੜ ਮਾਜਰਾ ਦੇ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਸਮਾਧ ਬਣਾਉਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਦੋ ਧੜਿਆਂ ਵਿੱਚ ਵੰਡੇ ਪਿੰਡ ਵਾਸੀਆਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਸ਼ਾਸਨ ਨੇ ਗੁਰਦੁਆਰਾ ਕੰਪਲੈਕਸ ਵਿੱਚ ਪੁਲੀਸ ਦਾ ਪਹਿਰਾ ਲਗਾ ਦਿੱਤਾ ਹੈ। ਉਧਰ, ਸ੍ਰੀ ਅਕਾਲ ਦਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਗੁਰਪਾਲ ਸਿੰਘ ਤਿਮੋਵਾਲ ਨੇ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰਕੇ ਆਪਣੀ ਰਿਪੋਰਟ ਐਸਜੀਪੀਸੀ ਅਤੇ ਜਥੇਦਾਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਗੁਰਦੁਆਰੇ ’ਚੋਂ ਸਮਾਧ ਨੂੰ ਪਾਸੇ ਹਟਾ ਦਿੱਤਾ ਹੈ।
ਅੱਜ ਇੱਥੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਸ਼ਿਕਾਇਤ ਕਰਤਾਵਾਂ, ਪਿੰਡ ਵਾਸੀਆਂ ਅਤੇ ਹੋਰ ਮੋਹਤਬਰਾਂ ਦੀ ਮੀਟਿੰਗ ਤੋਂ ਬਾਅਦ ਪਿੰਡ ਕੁੰਭੜਾ ਵਿੱਚ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਗਿਆਨੀ ਗੁਰਪਾਲ ਸਿੰਘ ਨੇ ਕਿਹਾ ਕਿ ਗੁਰਦੁਆਰੇ ਵਿੱਚ ਸਮਾਧ ਦਾ ਕੋਈ ਕੰਮ ਨਹੀਂ ਹੈ। ਇਹ ਆਮ ਲੋਕਾਂ ਨੂੰ ਗੁਰੂਘਰ ਨਾਲੋਂ ਤੋੜਨ ਅਤੇ ਅੰਧ-ਵਿਸ਼ਵਾਸ ਫੈਲਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ। ਪਿੰਡ ਵਾਸੀਆਂ ਨੇ ਐਸਜੀਪੀਸੀ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਜਥੇਦਾਰ ਦਾ ਆਦੇਸ਼ ਆਇਆ ਸੀ ਕਿ ਉੱਥੇ ਗੁਰ ਮਰਿਆਦਾ ਬਹਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਵਿਵਾਦਿਤ ਸਮਾਧ ਦਾ ਨਾ ਕੋਈ ਇਤਿਹਾਸ ਹੈ ਨਾ ਕੋਈ ਕੁਰਬਾਨੀ ਹੈ। ਸ਼ਾਮ ਨੂੰ ਇੱਕ ਪਾਸੇ ਗੁਰਦੁਆਰੇ ਵਿੱਚ ਰਹਿਰਾਸ ਹੋ ਰਹੀ ਹੁੰਦੀ ਸੀ, ਦੂਜੇ ਪਾਸੇ ਸਮਾਧ ’ਤੇ ਬੀਬੀਆਂ ਵਾਲ ਖੁੱਲ੍ਹੇ ਛੱਡ ਕੇ ਖੇਲਣ ਲੱਗ ਜਾਂਦੀਆਂ ਸਨ। ਜਾਂਚ ਦੌਰਾਨ ਰੈਵੀਨਿਊ ਰਿਕਾਰਡ ਦੀ ਵੀ ਘੋਖ ਕੀਤੀ ਗਈ ਤਾਂ ਫਰਦ ਵਿੱਚ ਗੁਰੂਘਰ ਦਾ ਨਾਂ ਬੋਲਦਾ ਹੈ। ਨਿਸ਼ਾਨ ਸਾਹਿਬ ਦੇ ਨਾਲ ਸਮਾਧ ਬਣਾਉਣ ਕਰਕੇ ਗੁਰ ਮਰਿਆਦਾ ਦਾ ਹਣਨ ਹੋ ਰਿਹਾ ਸੀ ਤਾਂ ਹੀ ਇਹ ਕਾਰਵਾਈ ਕੀਤੀ ਗਈ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਪਿੰਡ ਵਾਸੀ ਬੀਬੀ ਹਰਜੀਤ ਕੌਰ, ਬਲਜੀਤ ਕੌਰ, ਗੁਰਮੀਤ ਸਿੰਘ, ਮਨਦੀਪ ਸਿੰਘ ਨੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਅਤੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਹ ਪਿੰਡ ਵਿੱਚ ਧੜੇਬਾਜ਼ੀ ਪੈਦਾ ਕਰਕੇ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਸਮਾਧ ਬਣਨ ਨਾਲ ਆਮ ਲੋਕ ਗੁਰੂਘਰ ਨਾਲੋਂ ਟੁੱਟਣ ਅਤੇ ਅੰਧ-ਵਿਸ਼ਵਾਸ ਫੈਲਣ ਦਾ ਖ਼ਦਸ਼ਾ ਹੈ।
ਇਸ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਅਮਰੀਕ ਸਿੰਘ, ਸੁਖਦੀਪ ਸਿੰਘ, ਸਤਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਿੰਦਰ ਕੌਰ, ਹਰਜੀਤ ਕੌਰ, ਰਾਜਵਿੰਦਰ ਕੌਰ, ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਤਰਜੋਤ ਕੌਰ, ਗੁਰਲੀਨ ਕੌਰ ਸਮੇਤ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।
ਉਧਰ, ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਨੇ ਕਿਹਾ ਕਿ ਇਹ ਸਮਾਧ ਪਿਛਲੇ ਕਾਫ਼ੀ ਅਰਸੇ ਤੋਂ ਬਣੀ ਹੋਈ ਹੈ ਜਦੋਂਕਿ ਗੁਰੁਦੁਆਰਾ ਸਾਹਿਬ 35 ਕੁ ਸਾਲ ਪਹਿਲਾਂ ਹੀ ਬਣਿਆ ਹੈ। ਉਨ੍ਹਾਂ ਕਿਹਾ ਕਿ ਸਮਾਧ ਦੀ ਇਲਾਕੇ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ ਅਤੇ ਲੋਕ ਇੱਥੇ ਮੰਨਤਾਂ ਮੰਗਦੇ ਹਨ। ਪਿਛਲੇ 15 ਸਾਲ ਤੋਂ ਵੀ ਵੱਧ ਸਮੇਂ ਤੋਂ ਇੱਥੇ ਕੁਸ਼ਤੀ ਦੰਗਲ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਧ ਨੂੰ ਢਾਹੁਣ ’ਤੇ ਰੋਕ ਲਗਾਈ ਗਈ ਹੈ ਅਤੇ ਮੌਜੂਦਾ ਸਥਿਤੀ ਬਰਕਰਾਰ ਰੱਖਣ ਲਈ ਕਿਹਾ ਗਿਆ ਸੀ ਪ੍ਰੰਤੂ ਉਕਤ ਵਿਅਕਤੀਆਂ ਨੇ ਬੀਤੇ ਕੱਲ੍ਹ ਜੇਸੀਬੀ ਮਸ਼ੀਨ ਲਗਾ ਕੇ ਇਸ ਸਮਾਧ ਨੂੰ ਢਾਹ ਦਿੱਤਾ ਹੈ ਅਤੇ ਟਰਾਲੀ ਵਿੱਚ ਰੱਖ ਕੇ ਲੈ ਗਏ ਹਨ ਅਤੇ ਹੁਣ ਉਹ ਆਪਣੇ ਖ਼ਿਲਾਫ਼ ਹੋਣ ਵਾਲੀ ਕਾਰਵਾਈ ਦੇ ਡਰ ਤੋਂ ਉਲਟਾ ਉਨ੍ਹਾਂ ’ਤੇ ਇਲਜਾਮਬਾਜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਗੁਰੂ ਘਰ ਦੇ ਵਿਰੋਧੀ ਨਹੀਂ ਹਨ ਪ੍ਰੰਤੂ ਜਿਹੜੇ ਵਿਅਕਤੀ ਇਲਜਾਮ ਲਗਾ ਰਹੇ ਹਨ, ਅਸਲ ਵਿੱਚ ਉਹ ਹੀ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ। ਸਾਬਕਾ ਸਰਪੰਚ ਨੇ ਉਨ੍ਹਾਂ ’ਤੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…