ਆਈਟੀ ਸਿਟੀ ਤੇ ਨੇੜਲੇ ਪਿੰਡਾਂ ਦੀ ਬੱਤੀ ਗੁੱਲ, ਜਲ ਸਪਲਾਈ ਵੀ ਪ੍ਰਭਾਵਿਤ, ਲੋਕ ਪ੍ਰੇਸ਼ਾਨ

ਖਰੜ ਵਿੱਚ ਸ਼ਹਿਰ ਵਾਸੀਆਂ ਨੇ ਲਾਂਡਰਾਂ ਸੜਕ ਜਾਮ ਕਰਕੇ ‘ਆਪ’ ਵਿਧਾਇਕਾ ਨੂੰ ਰੱਜ ਕੇ ਕੋਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵੱਸਦੇ ਆਈਟੀ ਸਿਟੀ ਮੁਹਾਲੀ ਸਮੇਤ ਦਰਜਨਾਂ ਨੇੜਲੇ ਪਿੰਡਾਂ ਦੀ ਅਚਾਨਕ ਬੱਤੀ ਗੁੱਲ ਹੋਣ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਸ ਨਾਲ ਜਲ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਿਸ ਕਾਰਨ ਲੋਕ ਟੈਂਕਰਾਂ ਦਾ ਖਾਰਾ ਪਾਣੀ ਪੀਣ ਲਈ ਮਜਬੂਰ ਹਨ। ਕਈ ਪਿੰਡਾਂ ਵਿੱਚ ਪਸ਼ੂ ਵੀ ਤਿਹਾਏ ਖੜੇ ਹਨ।
ਪਿੰਡਾਂ ਦੇ ਵਸਨੀਕਾਂ ਸਾਬਕਾ ਸਰਪੰਚ ਸੁਰਿੰਦਰ ਸਿੰਘ ਕੰਡਾਲਾ, ਗੁਰਦੇਵ ਸਿੰਘ ਭੁੱਲਰ, ਸੋਨੀ ਬੜੀ, ਕਰਮਜੀਤ ਸਿੰਘ ਕੰਮਾਂ ਬੜੀ, ਹਰਪ੍ਰੀਤ ਸਿੰਘ ਸਿੱਧੂ ਅਤੇ ਪਰਮਜੀਤ ਸਿੰਘ ਪੰਮਾ ਸਰਪੰਚ, ਅਜੈਬ ਸਿੰਘ ਬਾਕਰਪੁਰ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਬੀਤ ਸ਼ਾਮ ਹਲਕੀ ਜਿਹੀ ਹਨੇਰੀ ਆਉਣ ਕਾਰਨ ਪਿੰਡ ਬੜੀ ਦੇ ਕੈਪਟਨ ਫਾਰਮ ਹਾਊਸ ਨੇੜੇ ਹਾਈਟੈਂਸ਼ਨ ਬਿਜਲੀ ਸਪਲਾਈ ਦੇ ਤਿੰਨ ਵੱਡੇ ਟਾਵਰ ਉੱਖੜ ਕੇ ਜ਼ਮੀਨ ’ਤੇ ਡਿੱਗ ਗਏ ਸਨ। ਜਿਸ ਕਾਰਨ ਇਸ ਪਾਸੇ ਸ਼ਹਿਰੀ ਖੇਤਰ ਅਤੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੇੜਲੇ ਪਿੰਡ ਝਿਊਰਹੇੜੀ, ਚਿੱਲਾ, ਧਰਮਗੜ੍ਹ, ਕੰਡਾਲਾ, ਨੰਡਿਆਲੀ, ਸਫ਼ੀਪੁਰ, ਬਾਕਰਪੁਰ, ਅਲੀਪੁਰ, ਦਿਆਲਪੁਰਾ, ਭਬਾਤ ਵਿੱਚ ਲੰਘੀ ਸਾਰੀ ਰਾਤ ਅਤੇ ਅੱਜ ਦਿਨ ਵਿੱਚ ਬਿਜਲੀ ਗੁੱਲ ਰਹੀ।
ਇਸ ਤੋਂ ਇਲਾਵਾ ਆਈਟੀ ਸਿਟੀ, ਨਾਲੇਜ ਸਿਟੀ, ਸੈਕਟਰ-81, ਸੈਕਟਰ-85, ਸੈਕਟਰ-86, ਸੈਕਟਰ-99, ਸੈਕਟਰ-104, ਸੈਕਟਰ-105 ਵਿੱਚ ਵੀ ਹਨੇਰਾ ਛਾ ਗਿਆ। ਲੰਮਾ ਸਮਾਂ ਬਿਜਲੀ ਨਾ ਆਉਣ ਕਾਰਨ ਇਨਵਰਟਰ ਵੀ ਜਵਾਬ ਦੇ ਗਏ। ਉਧਰ, ਬੱਤੀ ਗੁੱਲ ਹੋਣ ਕਾਰਨ ਬਿਜਲੀ ’ਤੇ ਨਿਰਭਰ ਕਾਰੋਬਾਰ ਵੀ ਪਾਵਰਕੌਮ ਅਤੇ ਸਰਕਾਰ ਨੂੰ ਕੋਸਦੇ ਨਜ਼ਰ ਆਏ। ਪਾਵਰਕੌਮ ਦੇ ਅਧਿਕਾਰੀ ਅਤੇ ਕਰਮਚਾਰੀ ਬੀਤੀ ਸ਼ਾਮ ਨੂੰ ਹੀ ਹਾਈਟੈਂਸ਼ਨ ਬਿਜਲੀ ਸਪਲਾਈ ਦੇ ਟੁੱਟੇ ਤਿੰਨ ਟਾਵਰਾਂ ਦੀ ਮੁਰੰਮਤ ਕਰਨ ਵਿੱਚ ਜੁੱਟ ਗਏ ਸਨ ਅਤੇ ਅੱਜ ਸਾਰਾ ਦਿਨ ਵੀ ਮੁਰੰਮਤ ਕਾਰਜ ਜਾਰੀ ਰਹੇ। ਜਥੇਦਾਰ ਪ੍ਰੇਮ ਸਿੰਘ ਝਿਊਰਹੇੜੀ, ਮਨਪ੍ਰੀਤ ਕੌਰ, ਡਾ. ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜ ਦੂਜੇ ਦਿਨ ਸ਼ਾਮ ਨੂੰ 4 ਵਜੇ ਪਿੰਡ ਝਿਊਰਹੇੜੀ ਸਮੇਤ ਨੰਡਿਆਲੀ ਅਤੇ ਅਲੀਪੁਰ ਵਿੱਚ ਬਿਜਲੀ ਸਪਲਾਈ ਬਹਾਲ ਹੋ ਗਈ ਸੀ ਪਰ ਬੀਤੀ ਰਾਤ ਅਤੇ ਅੱਜ ਸਾਰਾ ਦਿਨ ਬਿਜਲੀ ਨਾ ਆਉਣ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਬਾਕੀ ਪਿੰਡਾਂ ਦੇ ਲੋਕ ਬਿਜਲੀ ਆਉਣ ਦਾ ਇੰਤਜ਼ਾਰ ਕਰ ਰਹੇ ਸਨ।
ਉਧਰ, ਬੀਤੇ ਕੱਲ੍ਹ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ ਪ੍ਰੰਤੂ ਲੋੜ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ ਨੇ ਕਿਹਾ ਕਿ ਇਸ ਵਾਰ ਬੇਮੌਸਮੀ ਕਾਰਨ ਕਣਕ ਦਾ ਝਾੜ ਵੀ ਕਾਫ਼ੀ ਘੱਟ ਨਿਕਲਿਆ ਹੈ ਅਤੇ ਹੁਣ ਕਿਸਾਨਾਂ ਨੂੰ ਝੋਨੇ ਦੀ ਚਿੰਤਾ ਸਤਾਉਣ ਲੱਗ ਪਈ ਹੈ। ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਅਤੇ ਗਿਆਨ ਸਿੰਘ ਧੜਾਕ ਨੇ ਕਿਹਾ ਕਿ ਬਰਸਾਤ ਨਾ ਹੋਣ ਅਤੇ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਪਸ਼ੂਆਂ ਨੂੰ ਹਰੇ ਚਾਰੇ ਦੇ ਲਾਲੇ ਪੈ ਗਏ ਹਨ। ਜਿਸ ਕਾਰਨ ਦੁੱਧ ਦੀ ਪੈਦਾਵਾਰ ਲਗਾਤਾਰ ਘਟ ਰਹੀ ਹੈ ਜਦੋਂਕਿ ਦੁੱਧ ਦੀ ਡਿਮਾਂਡ ਜ਼ਿਆਦਾ ਵਧ ਰਹੀ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਬਿਜਲੀ ਦੇ ਅਣਐਲਾਨੇ ਕੱਟ ਬੰਦ ਕੀਤੇ ਜਾਣ ਅਤੇ ਤਕਨੀਕੀ ਨੁਕਸ ਪੈਣ ’ਤੇ ਤੁਰੰਤ ਮੁਰੰਮਤ ਕੀਤੀ ਜਾਵੇ ਜਦੋਂਕਿ ਕਿਸਾਨਾਂ ਨੇ ਸਰਕਾਰ ਤੋਂ ਵਾਅਦੇ ਮੁਤਾਬਕ ਅੱਠ ਘੰਟੇ ਪਾਵਰ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਹੈ।

ਉਧਰ, ਮੁਹਾਲੀ ਨੇੜਲੇ ਪਿੰਡ ਜੁਝਾਰ ਨਗਰ, ਬਲੌਂਗੀ ਅਤੇ ਖਰੜ ਸ਼ਹਿਰੀ ਖੇਤਰ ਵਿੱਚ ਵੀ ਲੋਕ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਬੇਹੱਦ ਦੁਖੀ ਹਨ। ਰੰਧਾਵਾ ਰੋਡ ਖਰੜ, ਰਣਜੀਤ ਨਗਰ, ਦਰਪਣ ਸਿਟੀ, ਬਡਾਲਾ ਰੋਡ, ਅਜੀਤ ਐਨਕਲੇਵ ਵਿੱਚ ਰਹਿੰਦੇ ਲੋਕ ਬਹੁਤ ਅੌਖੇ ਹਨ। ਲੰਘੀ ਰਾਤ ਪੀੜਤ ਲੋਕਾਂ ਨੇ ਖਰੜ ਤੋਂ ਲਾਂਡਰਾਂ ਮੁੱਖ ਸੜਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਅਤੇ ਆਪ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਰੱਜ ਕੇ ਕੋਸਿਆ। ਲੋਕਾਂ ਨੇ ਕਿਹਾ ਕਿ ਆਪ ਵਿਧਾਇਕ ਲੋਕਾਂ ਦੀ ਸਾਰ ਲੈਣ ਦੀ ਥਾਂ ਸੰਗਰੂਰ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਅਤੇ ਇੱਥੇ ਪਾਵਰਕੌਮ ਦੇ ਅਧਿਕਾਰੀ ਫੋਨ ਵੀ ਨਹੀਂ ਚੁੱਕਦੇ। ਅੱਜ ਵੀ ਸਾਰਾ ਦਿਨ ਬਿਜਲੀ ਲੁਕਣਮੀਚੀ ਖੇਡਦੀ ਰਹੀ। ਅਜਿਹੇ ਹਾਲਾਤਾਂ ਵਿੱਚ ਲੋਕ ਆਪਣੀ ਸ਼ਿਕਾਇਤ ਲੈ ਕੇ ਕਿਸ ਕੋਲ ਜਾਣ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…