Share on Facebook Share on Twitter Share on Google+ Share on Pinterest Share on Linkedin ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕਾਂ ਦਾ ਜਿਊਣਾ ਦੁੱਭਰ, ਆਈਟੀ ਸਿਟੀ ਦੇ ਲੋਕ ਵੀ ਹਾਲੋਂ ਬੇਹਾਲ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਮੌਕੇ ਬਜ਼ੁਰਗ ਗਸ਼ ਖਾ ਕੇ ਜ਼ਮੀਨ ‘ਤੇ ਡਿੱਗਿਆ ਕਵਿਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ: ਮੁਹਾਲੀ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕ ਕਾਫ਼ੀ ਅੌਖੇ ਹਨ। ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਐਰੋਸਿਟੀ ਵਿੱਚ ਰਹਿੰਦੇ ਲੋਕ ਵੀ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਮੁਹਾਲੀ ਦੀ ਜੂਹ ਵਿੱਚ ਪਿੰਡ ਬਲੌਂਗੀ ਵਿੱਚ ਆਮ ਲੋਕਾਂ, ਦੁਕਾਨਦਾਰਾਂ ਵੱਲੋਂ ਪਾਵਰਕੌਮ ਅਤੇ ਸਰਕਾਰ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ ਮੌਕੇ ਸਥਿਤੀ ਅਜੀਬੋ ਗਰੀਬ ਬਣ ਗਈ ਜਦੋਂ ਇੱਕ ਬਜ਼ੁਰਗ ਅਸ਼ਵਨੀ ਪੁਰੀ ਗ਼ਸ਼ ਖਾ ਕੇ ਜ਼ਮੀਨ ‘ਤੇ ਡਿੱਗ ਪਿਆ। ਉਹ ਦਿਲ ਦੇ ਰੋਗ ਤੋਂ ਪੀੜਤ ਹੈ, ਉਸ ਨੂੰ ਸਾਥੀ ਪ੍ਰਦਰਸ਼ਨਕਾਰੀਆਂ ਨੇ ਬੜੀ ਮੁਸ਼ਕਲ ਨਾਲ ਸੰਭਾਲਿਆ। ਉਧਰ, ਬਿਜਲੀ ਮੰਤਰੀ ਹਰਭਜਨ ਸਿੰਘ ਨੇ ਪਾਵਰਕੌਮ ਦੇ ਅਧਿਕਾਰੀਆਂ ਦੀ ਜਵਾਬ ਤਲਬੀ ਕੀਤੀ ਗਈ ਹੈ ਅਤੇ ਖਪਤਕਾਰਾਂ ਨੂੰ ਬਿਜਲੀ ਸੰਕਟ ਤੋਂ ਛੇਤੀ ਨਿਜਾਤ ਦਿਵਾਈ ਜਾਵੇਗੀ। ਪਿੰਡ ਵਾਸੀ ਬਲਕਾਰ ਸਿੰਘ, ਓਮ ਪ੍ਰਕਾਸ਼ ਸਿੰਗਲਾ, ਹਰਪ੍ਰੀਤ ਕੌਰ, ਅਨੂ, ਆਸ਼ਾ ਰਾਣੀ, ਬਲਵਿੰਦਰ ਕੌਰ, ਗੁਰਵਿੰਦਰ ਸਿੰਘ, ਪ੍ਰਮੋਦ ਕੁਮਾਰ, ਸ਼ਵਿੰਦਰ ਸਿੰਘ ਅਤੇ ਸੋਨੂ ਬਲੌਂਗੀ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਤੋਂ ਬਲੌਂਗੀ ਪਿੰਡ, ਕਲੋਨੀਆਂ ਅਤੇ ਮਾਰਕੀਟ ਵਿੱਚ ਬਿਜਲੀ ਨਹੀਂ ਆ ਰਹੀ। ਜਿਸ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤ ਲੋਕਾਂ ਨੇ ਦੱਸਿਆ ਕਿ ਉਹ ਜਦੋਂ ਵੀ ਪਾਵਰਕੌਮ ਦੇ ਅਧਿਕਾਰੀ ਜਾਂ ਕਰਮਚਾਰੀ ਨੂੰ ਆਪਣੀ ਸਮੱਸਿਆ ਦੱਸਦੇ ਹਨ ਤਾਂ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਵਿਅਕਤੀਆਂ ਦਾ ਕਾਫ਼ੀ ਬੂਰਾ ਹਾਲ ਹੈ। ਬਲਕਾਰ ਸਿੰਘ ਨੇ ਬੀਤੀ ਸ਼ਾਮ ਅਤੇ ਸਵੇਰ ਤੋਂ ਦੁਪਹਿਰ ਤੱਕ ਉਹ ਕਰੀਬ 16 ਫੋਨ ਕਰ ਚੁੱਕਾ ਹੈ ਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਸਗੋਂ ਇੱਕ ਦੂਜੇ ਦੇ ਮੋਢਿਆਂ ’ਤੇ ਗੱਲ ਸੁੱਟ ਕੇ ਟਾਲਾ ਵੱਟਿਆ ਜਾ ਰਿਹਾ ਹੈ। ਸਾਫ਼ਟਵੇਅਰ ਇੰਜੀਨੀਅਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਕਿੱਲਤ ਬਾਰੇ ਜਦੋਂ ਉਸ ਨੇ ਸੀਨੀਅਰ ਅਫ਼ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਏਰੀਆ ਜੇਈ ਕੁਨਾਲ ਦਾ ਨੰਬਰ ਦੇ ਦਿੱਤਾ। ਜੇਈ ਨੇ ਅੱਗੇ ਲਾਈਨਮੈਨ ਸ਼ਿਵ ਮੂਰਤੀ ਨਾਲ ਤਾਲਮੇਲ ਕਰਨ ਲਈ ਕਹਿ ਦਿੱਤਾ। ਅਨੁ ਨੇ ਕਿਹਾ ਕਿ ਉਹ ਗਰਭਵਤੀ ਹੈ ਅਤੇ ਬਿਜਲੀ ਨਾ ਆਉਣ ਕਾਰਨ ਉਸ ਦਾ ਬਹੁਤ ਬੁਰਾ ਹਾਲ ਹੈ। ਹਰਪ੍ਰੀਤ ਕੌਰ ਨੇ ਕਿਹਾ ਕਿ ਬੱਤੀ ਗੁੱਲ ਹੋਣ ਨਾਲ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਭਾਂਡੇ ਅਤੇ ਕੱਪੜੇ ਧੋਣ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ। ਬਲੌਂਗੀ ਵਾਸੀਆਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ। ਐਰੋਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਸ਼ਰਮਾ, ਮੀਤ ਪ੍ਰਧਾਨ ਰਜਿੰਦਰ ਕੁਮਾਰ ਤੇ ਟੀਕੇ ਗੁਪਤਾ, ਸ੍ਰੀਮਤੀ ਰਮਿੰਦਰ ਕੌਰ, ਰਾਜਵਿੰਦਰ ਸਿੰਘ ਭਾਟੀਆ, ਬਲਵਿੰਦਰ ਕੌਰ, ਜਸਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜਮਾ ਪੂੰਜੀ ਖ਼ਰਚ ਕਰਕੇ ਮੁਹਾਲੀ ਹਵਾਈ ਅੱਡੇ ਨੇੜੇ ਮਕਾਨ ਬਣਾਇਆ ਸੀ, ਬਿਜਲੀ ਕੱਟ ਅਤੇ ਹੋਰ ਸਮੱਸਿਆਵਾਂ ਕਾਰਨ ਮੌਜੂਦਾ ਸਮੇਂ ਵਿੱਚ ਉਹ ਪਿੰਡਾਂ ਨਾਲੋਂ ਵੀ ਜ਼ਿਆਦਾ ਬਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਨਿੱਜੀ ਕੰਪਨੀ, ਗਮਾਡਾ ਅਤੇ ਪਾਵਰਕੌਮ ਦੇ ਅਫ਼ਸਰ ਇੱਕ ਦੂਜੇ ’ਤੇ ਗੱਲ ਸੁੱਟ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਐਰੋਸਿਟੀ ਵਿੱਚ ਬਿਜਲੀ ਦੀਆਂ ਨਵੀਆਂ ਤਾਰਾਂ ਅਤੇ ਅੰਡਰਗਰਾਊਂਡ ਪਾਈਆਂ ਜਾਣ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕੇ। ਉਧਰ, ਪਾਵਰਕੌਮ ਦੇ ਜੇਈ ਕੁਨਾਲ ਸ਼ਰਮਾ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਇਹ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਦਰਜਨਾਂ ਨੇੜਲੇ ਪਿੰਡਾਂ ਲਈ ਸਿਰਫ਼ ਇੱਕ ਹੀ ਸ਼ਿਕਾਇਤ ਕੇਂਦਰ ਹੈ। ਸਟਾਫ਼ ਦੀ ਵੀ ਵੱਡੀ ਘਾਟ ਹੈ। ਜਿਸ ਕਾਰਨ ਕਈ ਵਾਰ ਸ਼ਿਕਾਇਤ ਕੇਂਦਰ ਵਿੱਚ ਫੋਨ ਨਾ ਚੁੱਕਣ ਦੀ ਸਮੱਸਿਆ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਤਾਂ ਗਰਮੀ ਦਾ ਕਹਿਰ, ਦੂਜਾ ਲੋਡ ਜ਼ਿਆਦਾ ਵੱਧ ਜਾਣ ਕਾਰਨ ਬੱਤੀ ਗੁੱਲ ਹੋ ਜਾਂਦੀ ਹੈ। ਵੈਸੇ ਵੀ ਜੇਕਰ ਕਿਸੇ ਇੱਕ ਥਾਂ ਕੋਈ ਨੁਕਸ ਪੈ ਜਾਵੇ ਤਾਂ ਉਸ ਨੂੰ ਠੀਕ ਕਰਨ ਲਈ ਪੂਰੀ ਲਾਈਨ ਬੰਦ ਕਰਨੀ ਪੈਂਦੀ ਹੈ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਸਬੰਧਤ ਫੀਲਡ ਸਟਾਫ਼ ਨੂੰ ਭੇਜਿਆ ਜਾਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ