Share on Facebook Share on Twitter Share on Google+ Share on Pinterest Share on Linkedin ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੌਜਵਾਨਾਂ ਤੇ ਫੌਜ ਦਾ ਅਪਮਾਨ: ਪਰਮਿੰਦਰ ਸੋਹਾਣਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫੌਜ ਵਿੱਚ ਤਿੰਨੋਂ ਸੇਵਾਵਾਂ ਵਿੱਚ ਭਰਤੀ ਕਰਨ ਲਈ ਲਿਆਂਦੀ ਨਵੀਂ ਅਗਨੀਪਥ ਯੋਜਨਾ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਦੱਸਦਿਆਂ ਕੇਂਦਰ ਦੇ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਨੌਜਵਾਨਾਂ ਦਾ ਬਲਕਿ ਫੌਜ ਦਾ ਵੀ ਬਹੁਤ ਵੱਡਾ ਅਪਮਾਨ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਫੌਰੀ ਤੌਰ ’ਤੇ ਨੌਜਵਾਨ ਵਿਰੋਧੀ ਆਪਣੀ ਇਹ ਯੋਜਨਾ ਵਾਪਸ ਲਵੇ ਅਤੇ ਫੌਜ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ। ਸ੍ਰੀ ਪਰਵਿੰਦਰ ਸੋਹਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਇਸ ਸਕੀਮ ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਨੌਜਵਾਨਾਂ ਨੂੰ 20 ਲੱਖ ਰੁਪਏ ਤਨਖ਼ਾਹ ਮਿਲੇਗੀ ਅਤੇ ਉਨ੍ਹਾਂ ਨੂੰ ਪੈਰਾਮਿਲਟਰੀ ਫੋਰਸਾਂ ਵਿੱਚ ਰਿਜ਼ਰਵੇਸ਼ਨ ਮਿਲੇਗੀ ਪਰ ਭਾਜਪਾ ਆਗੂ ਇਹ ਨਹੀਂ ਦੱਸ ਰਹੇ ਕਿ ਹਰ ਸਾਲ ਜੋ 55 ਹਜ਼ਾਰ ਰੈਗੂਲਰ ਫੌਜੀ ਸੇਵਾਮੁਕਤ ਹੁੰਦੇ ਹਨ ਉਨ੍ਹਾਂ ’ਚੋਂ ਦੋ ਜਾਂ ਤਿੰਨ ਫੀਸਦੀ ਪੈਰਾਮਿਲਟਰੀ ਫੋਰਸਾਂ ਵਿੱਚ ਨਹੀਂ ਜਾਂਦੇ। ਇਸ ਤੋਂ ਇਲਾਵਾ ਫੌਜ ਵਿੱਚ ਰੈਗੂਲਰ ਭਰਤੀ ਦੀ ਉਮਰ ਵੀ 25 ਸਾਲ ਤੱਕ ਦੀ ਹੁੰਦੀ ਹੈ ਅਤੇ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਨੂੰ ਅਨੇਕਾਂ ਲਾਭ ਮਿਲਦੇ ਹਨ ਪਰ ਅਗਨੀਪਥ ਸਕੀਮ ਤਹਿਤ ਭਰਤੀ ਹੋਣ ਵਾਲਾ ਨੌਜਵਾਨ 25 ਸਾਲ ਤੋਂ ਘੱਟ ਉਮਰ ਵਿੱਚ ਹੀ ਸੇਵਾਮੁਕਤ ਹੋ ਜਾਵੇਗਾ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਫੌਜ ਵਿੱਚ ਭਰਤੀ ਹੋ ਕੇ ਵੱਡੀ ਗਿਣਤੀ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ। ਇਹ ਨੌਜਵਾਨ ਜ਼ਿਆਦਾਤਰ ਪਿੰਡਾਂ ਦੇ ਗਰੀਬ ਵਰਗ ਅਤੇ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੰਤਰੀ ਅਤੇ ਉਨ੍ਹਾਂ ਦੇ ਬੱਚੇ ਕਦੇ ਵੀ ਫੌਜ ਵਿੱਚ ਨਹੀਂ ਜਾਂਦੇ, ਜਦੋਂਕਿ ਦੀਵਾਲੀ ਜਾਂ ਹੋਰ ਤਿਉਹਾਰਾਂ ਮੌਕੇ ਫੋਟੋਆਂ ਖਿਚਾਉਣ ਲਈ ਰੈਜ਼ੀਮੈਂਟਾਂ ਵਿੱਚ ਜ਼ਰੂਰ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਪਹਿਲਾਂ ਖੇਤੀ ਕਾਨੂੰਨ ਲਿਆ ਕੇ ਸਾਲ ਭਰ ਚਲੇ ਧਰਨੇ ਦੌਰਾਨ 700 ਕਿਸਾਨਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲਏ ਗਏ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਹੁਣ ਬੇਰੁਜ਼ਗਾਰਾਂ ਦੀ ਸ਼ਹਾਦਤ ਤੋਂ ਬਾਅਦ ਸ਼ਾਇਦ ਕੇਂਦਰ ਸਰਕਾਰ ਅਗਨੀਪਥ ਸਕੀਮ ਵਾਪਸ ਲਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਰਹੇਗਾ। ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਨਾ ਪ੍ਰਦਰਸ਼ਨ ਦੌਰਾਨ ਹਿੰਸਕ ਪ੍ਰਦਰਸ਼ਨ ਕਰ ਕੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਾ ਕਰਨ ਅਤੇ ਸ਼ਾਂਤੀਮਈ ਤਰੀਕੇ ਨਾਲ ਸੰਘਰਸ਼ ਜਾਰੀ ਰੱਖਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ