Share on Facebook Share on Twitter Share on Google+ Share on Pinterest Share on Linkedin ਵਿਜੀਲੈਂਸ ਵੱਲੋਂ ਆਈਏਐਸ ਸੰਜੇ ਪੋਪਲੀ ਤੇ ਸਹਾਇਕ ਸਕੱਤਰ ਗ੍ਰਿਫ਼ਤਾਰ, 4 ਰੋਜ਼ਾ ਪੁਲੀਸ ਰਿਮਾਂਡ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਰਿਸ਼ਵਤਖ਼ੋਰੀ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤਹਿਤ ਗ੍ਰਿਫ਼ਤਾਰ ਸੀਨੀਅਰ ਆਈਏਐਸ ਸੰਜੇ ਪੋਪਲੀ ਅਤੇ ਉਸ ਦੇ ਸਹਾਇਕ ਸਕੱਤਰ/ਸੁਪਰਡੈਂਟ ਸੰਦੀਪ ਵਤਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਵਾਸੀ ਕਰਨਾਲ (ਹਰਿਆਣਾ) ’ਤੇ ਕੀਤੀ ਗਈ ਹੈ। ਅੱਜ ਇਨ੍ਹਾਂ ਦੋਵਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਈਏਐਸ ਅਧਿਕਾਰੀ ਅਤੇ ਸੁਪਰਡੈਂਟ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਵਿਜੀਲੈਂਸ ਦੀ ਜਾਂਚ ਟੀਮ ਨੇ ਸਰਕਾਰੀ ਵਕੀਲ ਰਾਹੀਂ ਅਰਜ਼ੀ ਦਾਇਰ ਕਰਕੇ 7 ਦਿਨ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਸੀ। ਮੁਲਜ਼ਮਾਂ ਨੂੰ 25 ਜੂਨ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਅਧਿਕਾਰੀ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਪੋਪਲੀ ਦੇ ਵਕੀਲਾਂ ਨੇ ਵਿਜੀਲੈਂਸ ਦੀ ਕਾਰਵਾਈ ਰਿਪੋਰਟ ਸਮੇਤ ਠੇਕੇਦਾਰ ਦੀ ਸ਼ਿਕਾਇਤ ਦੀ ਕਾਪੀ ਅਤੇ ਵੀਡੀਓ ਰਿਕਾਰਡਿੰਗ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਲੇਕਿਨ ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਅਦਾਲਤ ਨੇ ਵਿਜੀਲੈਂਸ ਨੂੰ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਵਿਜੀਲੈਂਸ ਅਨੁਸਾਰ ਸੰਜੇ ਪੋਪਲੀ ਅਤੇ ਸੁਪਰਡੈਂਟ ਸੰਦੀਪ ਵਤਸ ’ਤੇ ਸਰਕਾਰੀ ਠੇਕੇਦਾਰ ਕੋਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਣ ਅਤੇ ਹੋਰ ਪੈਸੇ ਮੰਗਣ ਦਾ ਦੋਸ਼ ਹੈ। ਹਾਲਾਂਕਿ ਇਹ ਮਾਮਲਾ ਪਿਛਲੀ ਕਾਂਗਰਸ ਸਰਕਾਰ ਸਮੇਂ ਦਾ ਦੱਸਿਆ ਜਾ ਰਿਹਾ ਹੈ, ਚੰਨੀ ਵਜ਼ਾਰਤ ਸਮੇਂ ਸੰਜੇ ਪੋਪਲੀ ਪੰਜਾਬ ਸੀਵਰੇਜ ਬੋਰਡ ਦੇ ਸੀਈਓ ਸਨ। ਨਵਾਂ ਸ਼ਹਿਰ ਵਿੱਚ 7.30 ਕਰੋੜ ਰੁਪਏ ਦੇ ਨਵੇਂ ਸੀਵਰੇਜ ਪਾਈਪਲਾਈਨ ਪ੍ਰਾਜੈਕਟ ਲਈ ਠੇਕੇਦਾਰ ਨੂੰ ਟੈਂਡਰ ਅਲਾਟ ਕਰਨ ਲਈ ਪਹਿਲਾਂ 7 ਫੀਸਦੀ ਕਮਿਸ਼ਨ ਮੰਗਿਆ ਗਿਆ ਸੀ। ਸ਼ਿਕਾਇਤ ਕਰਤਾ ਅਨੁਸਾਰ ਇਸੇ ਸਾਲ 12 ਜਨਵਰੀ ਨੂੰ ਆਈਏਐਸ ਅਧਿਕਾਰੀ ਦੇ ਸਹਾਇਕ ਸਕੱਤਰ ਨੇ ਵਟਸਅਪ ਉੱਤੇ ਫੋਨ ਕਰਕੇ ਸੀਵਰੇਜ ਪ੍ਰਾਜੈਕਟ ਦੀ ਕੁੱਲ ਰਾਸ਼ੀ ਦਾ 7 ਫੀਸਦੀ ਕਮਿਸ਼ਨ ਦੇ ਹਿਸਾਬ ਨਾਲ 7 ਲੱਖ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ। ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਟੈਂਡਰ ਰੱਦ ਕਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਕਾਰਨ ਸਰਕਾਰੀ ਠੇਕੇਦਾਰ ਨੇ ਡਰਦੇ ਮਾਰੇ ਪੰਜਾਬ ਨੈਸ਼ਨਲ ਬੈਂਕ ਵਿਚਲੇ ਖਾਤੇ ਤੋਂ ਸਾਢੇ ਤਿੰਨ ਲੱਖ ਰੁਪਏ ਕਢਵਾ ਕੇ ਸੈਕਟਰ-20 ਵਿੱਚ ਸਹਾਇਕ ਸਕੱਤਰ ਨੂੰ ਦਿੱਤੇ ਗਏ ਸੀ। ਇਸ ਸਬੰਧੀ ਉਸ (ਸੰਦੀਪ) ਨੇ ਸੰਜੇ ਪੋਪਲੀ ਨੂੰ ਵਸਟਅਪ ਨੰਬਰ ’ਤੇ ਫੋਨ ਕਰਕੇ ਕਮਿਸ਼ਨ ਦੇ ਪੈਸੇ ਮਿਲ ਜਾਣ ਬਾਰੇ ਦੱਸਿਆ ਗਿਆ। ਇਨ੍ਹਾਂ ਪੈਸਿਆਂ ’ਚੋਂ ਉਸ ਨੇ 5 ਹਜ਼ਾਰ ਰੁਪਏ ਆਪਣੇ ਕੋਲ ਰੱਖ ਲਏ। ਇਸ ਤੋਂ ਬਾਅਦ ਅਧਿਕਾਰੀ ਦੇ ਸਹਾਇਕ ਸਕੱਤਰ ਨੇ ਬਾਕੀ ਦੇ ਸਾਢੇ 3 ਲੱਖ ਰੁਪਏ ਦੇਣ ਲਈ ਦਬਾਅ ਪਾਇਆ ਗਿਆ ਪ੍ਰੰਤੂ ਠੇਕੇਦਾਰ ਨੇ ਹੋਰ ਪੈਸੇ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਇਸ ਸਬੰਧੀ ਹੋਈ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਕਰ ਲਈ। ਬੀਤੀ 3 ਜੂਨ ਨੂੰ ਸਰਕਾਰੀ ਠੇਕੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਜਾਰੀ ਨੰਬਰ ਵਟਸਅਪ ਨੰਬਰ ਅਤੇ ਐਂਟੀ ਕੁਰੱਪਸ਼ਨ ਸੈੱਲ ਨੂੰ ਲਿਖਤੀ ਸ਼ਿਕਾਇਤ ਦੇ ਨਾਲ ਕਮਿਸ਼ਨ ਦੇ ਲੈਣ ਦੇਣ ਸਬੰਧੀ ਕੀਤੀ ਵੀਡੀਓ ਰਿਕਾਰਡਿੰਗ ਵੀ ਭੇਜੀ ਗਈ। ਮੁੱਢਲੀ ਜਾਂਚ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਅਤੇ ਸਹਾਇਕ ਸਕੱਤਰ-ਕਮ-ਸੁਪਰਡੈਂਟ ਸੰਦੀਪ ਵਤਸ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਲੰਘੀ ਰਾਤ ਸੰਜੇ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ-20 ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਦੋਂਕਿ ਸੁਪਰਡੈਂਟ ਸੰਦੀਪ ਵਤਸ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਸੀਐਸ ਤੋਂ ਆਈਏਐਸ ਬਣੇ ਸੰਜੇ ਪੋਪਲੀ ਸ਼ੁਰੂ ਤੋਂ ਚੰਗੇ ਅਹੁਦਿਆਂ ’ਤੇ ਤਾਇਨਾਤੀ ਕਾਰਨ ਕਾਫ਼ੀ ਚਰਚਾ ਵਿੱਚ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਹੋਰ ਕਈ ਅਧਿਕਾਰੀਆਂ ਦੀ ਵੀ ਨੀਂਦ ਉੱਡ ਗਈ ਹੈ। ਜਾਣਕਾਰੀ ਅਨੁਸਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ’ਚੋਂ ਭ੍ਰਿਸ਼ਟਾਚਾਰ ਦਾ ਮੁਕੰਮਲ ਸਫਾਇਆ ਕਰਨ ਲਈ ਵਸਟਅਪ ਹੈਲਪਲਾਈਨ 9501200200 ਨੰਬਰ ਜਾਰੀ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਤੱਕ ਹੁਣ ਤੱਕ ਇੱਕ ਮੌਜੂਦਾ, ਇੱਕ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਆਪਣੀ ਹੀ ਵਜ਼ਾਰਤ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਗ੍ਰਿਫ਼ਤਾਰ ਕਰਕੇ ਇਹ ਸੁਨੇਹਾ ਦਿੱਤਾ ਗਿਆ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੁੱਝ ਹੀ ਦਿਨਾਂ ਬਾਅਦ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਸ ਦੇ ਓਐਸਡੀ ਤੇ ਮੀਡੀਆ ਸਲਾਹਕਾਰ ਅਤੇ ਪਿਛਲੇ ਦਿਨੀਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਹੋਰ ਸਾਬਕਾ ਮੰਤਰੀ ਵੀ ਨਿਸ਼ਾਨੇ ’ਤੇ ਹਨ। ਜਿਨ੍ਹਾਂ ਵਿਰੁੱਧ ਕਿਸੇ ਵੀ ਸਮੇਂ ਕਾਰਵਾਈ ਹੋ ਸਕਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ