ਮੌਨਸੂਨ ਦੀ ਪਹਿਲੀ ਬਾਰਸ਼ ਨੇ ਖੋਲੀ ਮੁਹਾਲੀ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 30 ਜੂਨ:
ਮੌਨਸੂਨ ਦੀ ਪਹਿਲੀ ਬਾਰਸ਼ ਹੋਣ ਨਾਲ ਭਾਵੇਂ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੈ ਪਰ ਅੱਜ ਸਵੇਰੇ ਲਗਾਤਾਰ ਹੋ ਰਹੀ ਬਾਰਸ਼ ਨੇ ਮੁਹਾਲੀ ਪ੍ਰਸ਼ਾਸਨ, ਨਗਰ ਨਿਗਮ, ਗਮਾਡਾ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਸ਼ਹਿਰ ਦੀਆਂ ਜਿਆਦਾਤਰ ਸੜਕਾਂ ਅਤੇ ਕਾਫੀ ਥਾਵਾਂ ‘ਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਜਮਾਂ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਦੇ ਫੇਜ-2, ਫੇਜ-4, ਫੇਜ-5, ਫੇਜ-7, ਫੇਜ-3ਬੀ1, ਫੇਜ-3ਬੀ2, ਫੇਜ-7, ਫੇਜ-9 ਅਤੇ ਫੇਜ-11 ਆਦਿ ਰਿਹਾਇਸ਼ੀ ਖੇਤਰ ਵਿੱਚ ਪੂਰੀ ਤਰਾਂ ਜਲਥਲ ਹੋ ਗਈ ਅਤੇ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਸ਼ਹਿਰੀ ਖੇਤਰ ਵਿੱਚ ਸਭ ਵੱਧ ਮਾੜਾ ਹਾਲ ਫੇਜ ਚਾਰ ਅਤੇ ਫੇਜ ਗਿਆਰਾਂ ਵਿੱਚ ਦੇਖਣ ਨੂੰ ਮਿਲਿਆਂ।
ਸ਼ਹਿਰ ਵਿੱਚ ਹਾਹਾਕਾਰ ਮਚਨ ਤੋਂ ਮੁਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਰ੍ਹਦੇ ਮੀਂਹ ਵਿੱਚ ਸ਼ਹਿਰ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਆਪ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਕਮਿਸ਼ਨਰ ਨਵਜੋਤ ਕੌਰ ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

ਉਧਰ, ਕਹਿਣ ਨੂੰ ਇਤਿਹਾਸਕ ਪਿੰਡ ਸੋਹਾਣਾ ਮੁਹਾਲੀ ਨਗਰ ਨਿਗਮ ਵਿੱਚ ਹੈ, ਇੱਥੇ ਅੱਜ ਗੋਡੇ ਗੋਡੇ ਪਾਣੀ ਖੜ ਗਿਆ। ਇਲਾਕੇ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਕਿਹਾ ਕਿ ਉਹ ਮੀਟਿੰਗਾਂ ਵਿੱਚ ਅਪੀਲਾਂ ਕਰ ਕਰਕੇ ਥੱਕ ਗਏ ਪਰ ਕਿਸੇ ਅਧਿਕਾਰੀ ਨੇ ਸੋਹਾਣਾ ਵਿੱਚ ਬਰਸਾਂਤੀ ਪਾਣੀ ਦੀ ਨਿਕਾਸੀ ਅਤੇ ਹੋਰ ਸਮੱਸਿਆਵਾਂ ਦਾ ਢੁਕਵਾਂ ਹੱਲ ਕਰਨ ਲਈ ਡੱਕ ਵੀ ਨਹੀਂ ਤੋੜਿਆਂ। ਇੰਜ ਹੀ ਮੁਹਾਲੀ ਏਅਰਪੋਰਟ ਸੜਕ ‘ਤੇ ਸੈਕਟਰ-82 ਸਮੇਤ ਹੋਰ ਨੀਵੀਆਂ ਥਾਵਾਂ ਨੇ ਮੀਂਹ ਦਾ ਪਾਣੀ ਜਮਾਂ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਲੋਕਾਂ ਦੇ ਵਾਹਨ ਪਾਣੀ ਅਤੇ ਜਾਮ ਵਿੱਚ ਫਸੇ ਹੋਏ ਸੀ।

ਹਾਲਾਂਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕੁੱਝ ਦਿਨ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਕੇ ਹੜਾਂ ਦੇ ਸੰਭਾਵੀ ਖਤਰੇ ਦਾ ਖਦਸ਼ਾ ਪ੍ਰਗਟ ਕਰਦਿਆਂ ਅਗਾਊਂ ਪ੍ਰਬੰਧ ਕਰਨ ਅਤੇ ਸਮੂਹ ਚੋਅ, ਗੰਦੇ ਪਾਣੀ ਦੇ ਨਾਲਿਆਂ ਅਤੇ ਰੋਡ ਗਲੀਆਂ ਦੀ ਸਫਾਈ ਕਰਕੇ ਜਲ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਸੀ ਪਰ ਅੱਜ ਪਹਿਲੀ ਹੀ ਬਾਰਸ਼ ਨੇ ਅਗਾਊਂ ਪ੍ਰਬੰਧਾਂ ‘ਤੇ ਖਰਚ ਕੀਤੇ ਲੱਖਾਂ ਰੁਪਏ ਦੀ ਪੋਲ ਖੋਲ ਕੇ ਰੱਖ ਦਿੱਤੀ।

ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਮੌਨਸੂਨ ਦੇ ਮੌਸਮ ਨੂੰ ਲੈ ਕੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਅੱਜ ਪਹਿਲੀ ਬਾਰਿਸ਼ ਨੇ ਨਗਰ ਨਿਗਮ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇੱਥੋਂ ਤੱਕ ਕਿ ਕਾਬਜ ਧਿਰ ਦੇ ਕਈ ਮੈਂਬਰਾਂ ਨੇ ਜਲ ਪ੍ਰਬੰਧਾਂ ‘ਤੇ ਲੱਖਾਂ ਰੁਪਏ ਖਰਚ ਕਰਨ ਦੇ ਦਾਅਵਿਆਂ ‘ਤੇ ਸਵਾਲ ਚੁੱਕੇ ਗਏ।

ਇਸੇ ਤਰਾਂ ਪਿੰਡ ਝਿਊਰਹੇੜੀ ਵਿੱਚ ਕਾਫੀ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਮੁਹਾਲੀ ਪਿੰਡ ਦੇ ਸਾਬਕਾ ਕੌਂਸਲਰ ਨੰਬਰਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਸੜਕ ‘ਤੇ ਗੋਡੇ ਗੋਡੇ ਪਾਣੀ ਖੜ ਜਾਣ ਕਾਰਨ ਪੂਰੀ ਮਾਰਕੀਟ ਬੰਦ ਪਈ ਹੈ ਅਤੇ ਕਈ ਦੁਕਾਨਾਂ ਵਿੱਚ ਪਾਣੀ ਨਾਲ ਕਾਫੀ ਨੁਕਸਾਨ ਹੋ ਗਿਆ।

ਅਜੈਬ ਸਿੰਘ ਬਾਕਰਪੁਰ ਨੇ ਦੱਸਿਆ ਕਿ ਫੇਜ ਸੱਤ ਵੀ ਪਾਣੀ ਆ ਗਿਆ। ਸੁਖਦੀਪ ਸਿੰਘ ਨਿਆਂ ਸ਼ਹਿਰ ਅਤੇ ਭਾਜਪਾ ਦੇ ਸਾਬਕਾ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਫੇਜ ਚਾਰ ਅਤੇ ਫੇਜ ਪੰਜ ਵਿੱਚ ਵੀ ਮੀਂਹ ਦਾ ਪਾਣੀ ਜਮਾਂ ਹੋ ਗਿਆ ਹੈ। ਉਹਨਾਂ ਕਿਹਾ ਕਿ ਜਲ ਨਿਕਾਸੀ ਦੇ ਮਾੜੇ ਪ੍ਰਬੰਧਾਂ ਦਾ ਖਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ।

ਡਾਕਟਰ ਸੁਖਬੀਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝਿਊਰਹੇੜੀ ਵਿੱਚ ਕਾਫੀ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸੇ ਦੌਰਾਨ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਨਵਜੋਤ ਕੌਰ ਨੇ ਵਰ੍ਹਦੇ ਮੀਂਹ ਵਿੱਚ ਸ਼ਹਿਰ ਦੇ ਕਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਕੇ ‘ਤੇ ਹਾਜ਼ਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਮੇਅਰ ਅਤੇ ਅਧਿਕਾਰੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਮੀਂਹ ਦਾ ਪਾਣੀ ਕੱਢਿਆਂ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…