Nabaz-e-punjab.com

ਸਵਾੜਾ ਤੋਂ ਬੀਰੋਮਾਜਰੀ ਸੜਕ ਦੀ ਮੁਰੰਮਤ ਛੇ ਮਹੀਨਿਆਂ ਵਿੱਚ ਵੀ ਮੁਕੰਮਲ ਨਹੀਂ ਹੋਈ: ਸ਼ਰਮਾ

ਮੰਡੀ ਬੋਰਡ ਦੇ ਚੇਅਰਮੈਨ ਕੋਲੋਂ ਮੁਰੰਮਤ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਕੋਲੋਂ ਮੁਹਾਲੀ ਨੇੜਲੇ ਪਿੰਡ ਸਵਾੜਾ ਤੋਂ ਬੀਰੋਮਾਜਰੀ ਤੱਕ ਜਾਂਦੀ ਸੜਕ ਦੇ ਰਿਪੇਅਰ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਦੀ ਮੁਰੰਮਤ ਦਾ ਕੰਮ ਹੁਣ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਕਿ ਇਹ ਕੰਮ ਬਹੁਤ ਮੱਠੀ ਗਤੀ ਨਾਲ ਚੱਲ ਰਿਹਾ ਹੈ ਅਤੇ ਵਿਚ-ਵਿਚਾਲੇ ਰੁਕ ਵੀ ਜਾਂਦਾ ਹੈ। ਸਵਾੜਾ ਤੋਂ ਚੂਹੜ ਮਾਜਰਾ, ਮੱਛਲੀ ਖ਼ੁਰਦ, ਮੱਛਲੀ ਕਲਾਂ, ਪਵਾਲਾ, ਬੀਰੋਮਾਜਰੀ ਤੱਕ ਦਾ ਲਗਭਗ 10 ਕਿੱਲੋਮੀਟਰ ਦੀ ਸੜਕ ਥਾਂ-ਥਾਂ ਟੁੱਟੀ ਹੋਈ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਸੜਕ ਦੇ ਮੁਰੰਮਤੀ ਕਾਰਜ ਦੀ ਪ੍ਰਵਾਨਗੀ ਪਿਛਲੇ ਸਾਲ 29 ਜੁਲਾਈ ਨੂੰ ਮਿਲੀ ਸੀ ਅਤੇ ਇਸ ਸਾਲ ਜਨਵਰੀ ਮਹੀਨੇ ਦੌਰਾਨ ਸੜਕ ਦਾ ਮੁਰੰਮਤ ਦਾ ਕਾਰਜ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਪ੍ਰਵਾਨਗੀ ਮਿਲੀ ਨੂੰ ਲਗਭਗ ਇਹ ਸਾਲ ਦਾ ਸਮਾਂ ਲੰਘ ਚੁੱਕਾ ਹੈ ਪਰ ਅਜੇ ਤੱਕ ਇਸ ਸੜਕ ਦਾ ਲਗਭਗ 20 ਫੀਸਦ ਕੰਮ ਹੀ ਮੁਕੰਮਲ ਹੋਇਆ ਹੈ। ਰਿਪੇਅਰ ਦੀ ਰਫ਼ਤਾਰ ਬੇਹੱਦ ਮੱਠੀ ਹੋਣ ਕਾਰਨ ਇਥੋਂ ਰੋਜ਼ਾਨਾ ਲੰਘਣ ਵਾਲੇ ਹਜ਼ਾਰਾਂ ਦੀ ਗਿਣਤੀ ਰਾਹਗੀਰਾਂ ਨੂੰ ਭਾਰੀ ਅੌਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੁਣ ਜਦੋਂ ਬਰਸਾਤਾਂ ਦਾ ਮੌਸਮ ਸਿਰ ‘ਤੇ ਖੜਾ ਹੈ ਤਾਂ ਇਸ ਸੜਕ ਦੀ ਮੁਰੰਮਤ ਦੇ ਕਾਰਜ ਦੀ ਢਿੱਲੀ ਰਫ਼ਤਾਰ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਇਸ ਸਭ ਦੇ ਬਾਵਜੂਦ ਪਰਨਾਲਾ ਉਥੋਂ ਦਾ ਉੱਥੇ ਹੈ।
ਸ੍ਰੀ ਸ਼ਰਮਾ ਨੇ ਮੰਡੀ ਬੋਰਡ ਦੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸਬੰਧਤ ਅਫ਼ਸਰਾਂ ਨੂੰ ਇਸ ਸੜਕ ਦੇ ਮੁਰੰਮਤ ਦੇ ਕਾਰਜ ਤੇਜੀ ਨਾਲ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਵਾਉਣ ਦੇ ਆਦੇਸ਼ ਦੇਣ ਤਾਂ ਜੋ ਆਮ ਲੋਕ ਅਤੇ ਮੰਡੀਆਂ ਵਿੱਚ ਆਪਣੀਆਂ ਫਸਲਾਂ ਲੈ ਕੇ ਜਾਣ ਵਾਲੇ ਕਿਸਾਨ ਬਰਸਾਤ ਦੇ ਮੌਸਮ ਵਿੱਚ ਟੁੱਟੀ ਸੜਕ ਦੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਣ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਹ ਮੁਰੰਮਤ ਦਾ ਕੰਮ ਜਲਦ ਮੁਕੰਮਲ ਨਾ ਹੋਇਆ ਤਾਂ ਉਨ੍ਹਾਂ ਮਜ਼ਬੂਰਨ ਅਦਾਲਤ ਦਾ ਸਹਾਰਾ ਲੈਣਾ ਪਵੇਗਾ ਤੇ ਲੋਕਾਂ ਦੇ ਇਸ ਮਸਲੇ ਦੇ ਹੱਲ ਲਈ ਉਹ ਜਨਹਿੱਤ ਪਟੀਸ਼ਨ ਦਾਇਰ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…