Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਬਾਜੀ ਮਾਰੀ ਕੁੜੀਆਂ ਪਾਸ ਪ੍ਰਤੀਸ਼ਤਤਾ 99.34 ਫੀਸਦੀ, ਮੁੰਡਿਆਂ ਦੀ 98.83 ਫੀਸਦੀ ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.21 ਫੀਸਦੀ ਤੇ ਸ਼ਹਿਰੀ ਸਕੂਲਾਂ ਦੀ 98.75 ਫੀਸਦੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਅੱਜ ਆਨਲਾਈਨ ਵਿਧੀ ਰਾਹੀਂ ਦਸਵੀਂ ਜਮਾਤ ਸਮੇਤ ਓਪਨ ਸਕੂਲ, ਰੀ-ਅਪੀਅਰ ਅਤੇ ਵਾਧੂ ਵਿਸ਼ਾ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਬਾਰ੍ਹਵੀਂ ਵਾਂਗ ਦਸਵੀਂ ਜਮਾਤ ਵਿੱਚ ਵੀ ਕੁੜੀਆਂ ਨੇ ਬਾਜੀ ਮਾਰ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 3 ਲੱਖ 23 ਹਜ਼ਾਰ 361 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 3 ਲੱਖ 16 ਹਜ਼ਾਰ 699 ਵਿਦਿਆਰਥੀ ਪਾਸ ਹੋਏ। ਕੁੱਲ ਨਤੀਜੇ ਦੀ ਪਾਸ ਪ੍ਰਤੀਸ਼ਤਤਾ 97.94 ਫੀਸਦੀ ਰਹੀ ਹੈ। ਨਤੀਜੇ ਸਬੰਧੀ ਪ੍ਰੀਖਿਆਰਥੀਆਂ ਦੇ ਵੇਰਵੇ/ਅੰਕਾਂ ਸਮੇਤ ਭਲਕੇ 6 ਜੁਲਾਈ ਨੂੰ ਬਾਅਦ ਦੁਪਹਿਰ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.9ndiaresult.com ’ਤੇ ਉਪਲਬਧ ਕੀਤੇ ਜਾਣਗੇ। ਇਸ ਮੌਕੇ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ ਅਤੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਵੀ ਹਾਜ਼ਰ ਸਨ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਰਕਾਰੀ ਹਾਈ ਸਕੂਲ ਸੱਤੀਏਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੀ ਵਿਦਿਆਰਥਣ ਨੈਨਸੀ ਨੇ 650 ’ਚੋਂ 644 ਅੰਕ (99.8 ਫੀਸਦੀ) ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂਕਿ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ (ਜ਼ਿਲ੍ਹਾ ਸੰਗਰੂਰ) ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ 644 ਅੰਕ ਲੈ ਕੇ ਦੂਜਾ ਸਥਾਨ ਅਤੇ ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੂਟਾਲ ਕਲਾਂ (ਜ਼ਿਲ੍ਹਾ ਸੰਗਰੂਰ) ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 642 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ 1 ਲੱਖ 41 ਹਜ਼ਾਰ 528 ਲੜਕੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 1 ਲੱਖ 40 ਹਜ਼ਾਰ 594 ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਗੇ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.34 ਫੀਸਦੀ ਹੈ। ਜਦੋਂਕਿ 170005 ਲੜਕਿਆਂ ’ਚੋਂ 168022 ਨੇ ਪਾਸ ਕੀਤੀ ਹੈ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.83 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 126 ਬੱਚਿਆਂ ਦਾ ਨਤੀਜਾ ਫੇਲ੍ਹ ਹੈ ਅਤੇ 2475 ਬੱਚਿਆਂ ਦੀ ਕੰਪਾਰਟਮੈਂਟ ਆਈ ਹੈ ਜਦੋਂਕਿ 317 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ। ਜੇਕਰ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਸਕੂਲਾਂ ਦੇ ਨਤੀਜਿਆਂ ’ਤੇ ਝਾਤ ਮਾਰੀਏ ਤਾਂ ਸ਼ਹਿਰਾਂ ਨਾਲੋਂ ਪਿੰਡਾਂ ਦੇ ਬੱਚਿਆਂ ਦਾ ਨਤੀਜਾ ਵਧੀਆ ਰਿਹਾ ਹੈ। ਪੇਂਡੂ ਖੇਤਰ ਦੇ 209991 ਬੱਚਿਆਂ ’ਚੋਂ 208342 ਬੱਚੇ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.21 ਫੀਸਦੀ ਹੈ ਜਦੋਂਕਿ ਸ਼ਹਿਰੀ ਖੇਤਰ ਦੇ 101554 ਬੱਚਿਆਂ ’ਚੋਂ 100285 ਬੱਚੇ ਪਾਸ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.75 ਫੀਸਦੀ ਹੈ। ਬੋਰਡ ਮੁਖੀ ਨੇ ਨਤੀਜਾ ਤਿਆਰ ਕਰਨ ਲਈ ਮੁਲਾਂਕਣ ਸਟਾਫ਼ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਾਲਮੇਲ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਟੀਫਿਕੇਟ ਡਿਜੀਲਾਕਰ ’ਤੇ ਅਪਲੋਡ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਪ੍ਰੀਖਿਆ ਫਾਰਮ ਵਿੱਚ ਜ਼ਿਕਰ ਕੀਤਾ ਹੋਵੇਗਾ, ਉਨ੍ਹਾਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਸਬੰਧਤ ਸਕੂਲਾਂ ਨੂੰ ਤਿੰਨ-ਚਾਰ ਹਫ਼ਤਿਆਂ ਤੱਕ ਭੇਜ ਦਿੱਤੀ ਜਾਵੇਗੀ। ਇਸ ਸਬੰਧੀ ਵਿਸਥਾਰ ਜਾਣਕਾਰੀ ਸਕੂਲਾਂ ਦੀ ਲਾਗ-ਇਨ ਆਈਡੀ ਅਤੇ ਬੋਰਡ ਦੀ ਵੈਬਸਾਈਟ ਰਾਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਸਵੀਂ ਸ਼੍ਰੇਣੀ ਸੈਸ਼ਨ 2021-22 ਟਰਮ-2 ਦੀ ਪ੍ਰੀਖਿਆ ਦੀ ਰੀ-ਚੈਕਿੰਗ ਅਤੇ ਮੁੜ ਮੁਲਾਂਕਣ ਕਰਵਾਉਣ ਲਈ ਫਾਰਮ ਅਤੇ ਫੀਸਾਂ ਦਾ ਸ਼ਡਿਊਲ ਵੱਖਰੇ ਤੌਰ ’ਤੇ ਜਲਦੀ ਜਾਰੀ ਕੀਤਾ ਜਾਵੇਗਾ। ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੀ ਮੈਰਿਟ ਵਿੱਚ ਸਰਕਾਰੀ ਅਤੇ ਪੰਜਾਬ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਦੀ ਝੰਡੀ ਰਹੀ ਹੈ। ਐਫ਼ੀਲੀਏਟਿਡ ਸਕੂਲਾਂ ਦੇ 59 ਹਜ਼ਾਰ 946 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ’ਚੋਂ 59,552 ਬੱਚੇ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.34 ਫੀਸਦੀ ਹੈ। ਸਰਕਾਰੀ ਸਕੂਲਾਂ ਦੇ 2 ਲੱਖ 11 ਹਜ਼ਾਰ 502 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 2 ਲੱਖ 09 ਹਜ਼ਾਰ 625 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ, ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.11 ਫੀਸਦੀ ਰਹੀ ਹੈ। ਐਸੋਸੀਏਟਿਡ ਸਕੂਲਾਂ ਦੇ 20217 ਵਿਦਿਆਰਥੀਆਂ ’ਚੋਂ 19990 ਬੱਚੇ ਪਾਸ ਹੋਏ ਹਨ ਅਤੇ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.88 ਫੀਸਦੀ ਬਣਦੀ ਹੈ। ਏਡਿਡ ਸਕੂਲ ਦੇ 19 ਹਜ਼ਾਰ 880 ਵਿਦਿਆਰਥੀਆਂ ’ਚੋਂ 19,460 ਬੱਚੇ ਪਾਸ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.89 ਫੀਸਦੀ ਹੈ। ਇੰਜ ਹੀ ਓਪਨ ਸਕੂਲਾਂ ਦੇ 11816 ’ਚੋਂ 8072 ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ ਮਹਿਜ਼ 68.31 ਫੀਸਦੀ ਬਣਦੀ ਹੈ। ਜਦੋਂਕਿ 12 ਕਿੰਨਰਾਂ ’ਚੋਂ 11 ਕਿੰਨਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.67 ਫੀਸਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ