nabaz-e-punjab.com

ਸਾਈਬਰ ਸੈੱਲ ਨੇ ਕੌਮਾਂਤਰੀ ਸਾਈਬਰ ਧੋਖਾਧੜੀ ਰੈਕਟ ਦਾ ਪਰਦਾਫਾਸ਼, ਦੋ ਨਾਇਜੀਰੀਅਨ ਦਿੱਲੀ ਤੋਂ ਗ੍ਰਿਫ਼ਤਾਰ

ਵਟਸਐਪ ਪ੍ਰੋਫਾਈਲਾਂ ’ਤੇ ਵੀਵੀਆਈਪੀਜ਼ ਦੀ ਡੀਪੀ ਲਗਾ ਕੇ ਉੱਚ ਅਫ਼ਸਰਾਂ ਤੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ

ਡੈਬਿਟ ਕਾਰਡ, ਗੈਜੇਟਸ, ਮੋਬਾਈਲ ਫੋਨ, ਲੈਪਟਾਪ, ਕੀਮਤੀ ਘੜੀਆਂ, ਪਾਸਪੋਰਟ ਤੇ 108 ਜੀਬੀ ਡਾਟਾ ਕੀਤਾ ਜ਼ਬਤ

ਨਾਇਜੀਰੀਅਨ ਨੂੰ ਵਿਕਾਸ ਪੁਰੀ ਨਵੀਂ ਦਿੱਲੀ ਵਿੱਚ ਇੱਕ ਏਟੀਐਮ ’ਚੋਂ ਪੈਸੇ ਕਢਵਾਉਣ ਸਮੇਂ ਰੰਗੇ ਹੱਥੀਂ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਸੈੱਲ ਨੇ ਦਿੱਲੀ ’ਚੋਂ ਦੋ ਨਾਇਜੀਰੀਅਨ ਅਨੀਓਕ ਉਰਫ਼ ਪੋਕਾ ਅਤੇ ਫਰੈਂਕਲਿਨ ਉਰਫ਼ ਵਿਲੀਅਮ ਨੂੰ ਗ੍ਰਿਫ਼ਤਾਰ ਇੱਕ ਕੌਮਾਂਤਰੀ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਰੈਕਟ ਵਿੱਚ ਧੋਖਾਧੜੀ ਕਰਨ ਵਾਲੇ ਆਪਣੇ ਵਟਸਐਪ ਪ੍ਰੋਫਾਈਲਾਂ ’ਤੇ ਵੀਵੀਆਈਪੀਜ਼ ਦੇ ਨਾਮ ਦੀ ਡੀਪੀ ਅਤੇ ਨਾਮ ਵਰਤਕੇ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਠੱਗ ਰਹੇ ਸਨ। ਇਸ ਕਾਰਵਾਈ ਨੂੰ ਡੀਐਸਪੀ (ਸਾਈਬਰ ਕਰਾਈਮ) ਸਮਰਪਾਲ ਸਿੰਘ ਦੀ ਨਿਗਰਾਨੀ ਹੇਠ ਦੋ ਇੰਸਪੈਕਟਰਾਂ ਅਤੇ ਹੋਰਨਾਂ ਪੁਲੀਸ ਕਰਮੀਆਂ ਨੇ ਅੰਜਾਮ ਦਿੱਤਾ ਹੈ। ਇਨ੍ਹਾਂ ਪੁਲੀਸ ਟੀਮਾਂ ਨੇ ਦਿੱਲੀ ਪੁਲੀਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਮੁਲਜ਼ਮ ਅਨੀਓਕ ਉਰਫ਼ ਪੋਕਾ ਨੂੰ ਉਸ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਜਦੋਂ ਉਹ ਨਵੀਂ ਦਿੱਲੀ ਦੇ ਵਿਕਾਸ ਪੁਰੀ ਨੇੜੇ ਸਥਿਤ ਇੱਕ ਏਟੀਐਮ ਤੋਂ ਪੈਸੇ ਕਢਵਾ ਰਿਹਾ ਸੀ।
ਪੁੱਛਗਿੱਛ ਦੌਰਾਨ ਅਨੀਓਕੇ ਨੇ ਪੁਲੀਸ ਨੂੰ ਦੱਸਿਆ ਕਿ ਵਟਸਐਪ ਖਾਤੇ ਨਾਇਜੀਰੀਆ ਤੋਂ ਹੈਕ ਕੀਤੇ ਗਏ ਸਨ ਅਤੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਖੋਲ੍ਹੇ ਗਏ ਬੈਂਕ ਖਾਤਿਆਂ ਦੇ ਏਟੀਐਮ ਕਾਰਡਾਂ ਤੋਂ ਪੈਸੇ ਕਢਵਾਉਂਦਾ ਸੀ। ਉਪਰੰਤ ਉਹ ਪੈਸੇ ਆਪਣੇ ਸਰਗਨਾ ਫਰੈਂਕਲਿਨ ਉਰਫ਼ ਵਿਲੀਅਮ ਨੂੰ ਸੌਂਪਦਾ ਸੀ, ਜੋ ਅੱਗੇ ਨਾਇਜੀਰੀਆ ਨੂੰ ਇਲੈਕਟ੍ਰਾਨਿਕ ਢੰਗ ਨਾਲ ਪੈਸੇ ਟਰਾਂਸਫ਼ਰ ਕਰਦਾ ਸੀ। ਲੰਮੀ ਜੱਦੋ ਜਹਿਦ ਪਿੱਛੋਂ ਪੁਲੀਸ ਨੇ ਫਰੈਂਕਲਿਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਮੁਲਜ਼ਮ ਨਾਇਜੀਰੀਆ ਦੇ ਲਾਗੋਸ ਦੇ ਰਹਿਣ ਵਾਲੇ ਹਨ, ਜੋ ਇਸ ਸਮੇਂ ਦਿੱਲੀ ਵਿੱਚ ਰਹਿ ਰਹੇ ਹਨ। ਪੁਲੀਸ ਨੇ ਕੈਨਰਾ ਬੈਂਕ ਦਾ ਇੱਕ ਡੈਬਿਟ ਕਾਰਡ, ਵੱਖ-ਵੱਖ ਗੈਜਿਟ, ਮੋਬਾਈਲ ਫੋਨ, ਲੈਪਟਾਪ, ਕੀਮਤੀ ਘੜੀਆਂ ਅਤੇ ਪਾਸਪੋਰਟ ਵੀ ਬਰਾਮਦ ਕੀਤੇ ਹਨ।
ਆਈਜੀ ਆਰ.ਕੇ. ਜੈਸਵਾਲ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਸਬੰਧੀ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਨੇ ਦੇਸ਼ ਭਰ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਇਸ ਬਾਬਤ ਇੱਕ ਹੋਰ ਸਨਸਨੀਖ਼ੇਜ਼ ਪੱਖ ਇਹ ਹੈ ਕਿ ਇਸ ਚਿੱਟ ਕੱਪੜੀਆ ਅਪਰਾਧ ਵਿੱਚ ਨਾਇਜੀਰੀਅਨ ਲੋਕ ਵੀ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਅਸਾਮ, ਬਿਹਾਰ, ਐਮਪੀ, ਉੱਤਰਾਖੰਡ, ਯੂਪੀ, ਜੀਂਦ ਅਤੇ ਅਲਵਰ ਸਮੇਤ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਸੀ।
ਜਾਲਸਾਜ਼ੀ ਕਰਨ ਵਾਲੇ ਮੁਲਜ਼ਮ ਬੇਕਸੂਰ ਲੋਕਾਂ, ਜ਼ਿਆਦਾਤਰ ਸਰਕਾਰੀ ਅਫ਼ਸਰਾਂ ਨੂੰ ਨਿੱਜੀ ਸੰਦੇਸ਼ ਭੇਜ ਕੇ ਐਮਾਜਾਨ ਗਿਫ਼ਟ ਕਾਰਡ, ਪੇਟੀਐਮ, ਜਾਂ ਕਿਸੇ ਹੋਰ ਡਿਜੀਟਲ ਪਲੇਟਫਾਰਮ ਰਾਹੀਂ ਪੈਸੇ ਭੇਜਣ ਦੀ ਮੰਗ ਕਰਦੇ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਇਨ੍ਹਾਂ ਜਾਲਸਾਜ਼ਾਂ ਨੇ ਕੈਬਨਿਟ ਮੰਤਰੀਆਂ, ਡੀਜੀਪੀ, ਮੁੱਖ ਸਕੱਤਰ ਅਤੇ ਹੋਰ ਆਈਏਐਸ/ਆਈਪੀਐਸ ਅਫ਼ਸਰਾਂ ਦਾ ਨਾਮ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਠੱਗਿਆ ਹੈ।
ਆਈਜੀ ਆਰ.ਕੇ. ਜੈਸਵਾਲ ਨੇ ਕਿਹਾ ਕਿ ਇੱਕ ਵਿਆਪਕ ਹਾਈ-ਟੈਕ ਜਾਂਚ ਅਤੇ ਵਟਸਐਪ ਵੱਲੋਂ ਭਰੋਸੇਯੋਗ ਜਾਣਕਾਰੀ ਹਾਸਲ ਕਰਨ ਉਪਰੰਤ ਸਟੇਟ ਸਾਈਬਰ ਸੈੱਲ ਨੂੰ ਕੁਝ ਵੱਡੀਆਂ ਲੀਡਾਂ ਮਿਲੀਆਂ ਸਨ, ਜਿਸ ਤੋਂ ਬਾਅਦ ਡੀਐਸਪੀ (ਸਾਈਬਰ ਕਰਾਈਮ) ਸਮਰਪਾਲ ਸਿੰਘ ਦੀ ਨਿਗਰਾਨੀ ਹੇਠ ਤਿੰਨ ਵੱਖ-ਵੱਖ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ।
ਇਸ ਮਾਮਲੇ ਦੀ ਤਫ਼ਤੀਸ਼ ਬਾਰੇ ਹੋਰ ਖੁਲਾਸਾ ਕਰਦਿਆਂ ਡੀਆਈਜੀ (ਸਾਈਬਰ ਕਰਾਈਮ) ਨੀਲਾਂਬਰੀ ਜਗਦਲੇ ਨੇ ਕਿਹਾ ਕਿ ਲਗਪਗ 108 ਜੀਬੀ ਡਾਟਾ ਦੀ ਰਿਕਵਰੀ ਨਾਲ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨੇ ਰੋਜ਼ਾਨਾ ਲੱਖਾਂ ਰੁਪਏ ਦੇ ਵੱਡੇ ਵਿੱਤੀ ਲੈਣ-ਦੇਣ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਜਾਅਲੀ ਵਟਸਐਪ ਆਈਡੀ ਦੇ ਸਕਰੀਨਸ਼ਾਟ ਅਤੇ ਬਰਾਮਦ ਕੀਤੇ ਗਏ ਅਤੇ ਕਰੋੜਾਂ ਦੇ ਲੈਣ-ਦੇਣ ਦੇ ਸਕਰੀਨਸ਼ਾਟ ਸਬੰਧੀ ਜਾਣਕਾਰੀ ਨੂੰ ਡਰੱਗ ਲਿੰਕੇਜ, ਹਵਾਲਾ ਲੈਣ-ਦੇਣ ਅਤੇ ਹੋਰ ਜਾਂਚ ਲਈ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ।
ਡੀਆਈਜੀ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਜਾਂਚ ਦੌਰਾਨ ਪਹਿਲਾਂ ਦੋ ਬੈਂਕ ਖਾਤਿਆਂ ਦੀ ਸ਼ਨਾਖ਼ਤ ਕੀਤੀ ਗਈ। ਉਪਰੰਤ ਸ਼ੱਕੀ ਬੈਂਕ ਖਾਤਿਆਂ ਦੀ ਬੈਂਕ ਸਟੇਟਮੈਂਟ ਤੋਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਬੈਂਕ ਖਾਤਿਆਂ ਤੋਂ 4 ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਜਾ ਰਹੇ ਸਨ। ਇਸ ਮਗਰੋਂ 11 ਬੈਂਕ ਖਾਤਿਆਂ ਵਿੱਚ ਪੈਸੇ ਭੇਜ ਕੇ ਇਕ ਵਿਆਪਕ ਨੈਟਵਰਕ ਸਥਾਪਤ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਨੈਟਵਰਕ ਨੂੰ ਤੋੜਨ ਉਪਰੰਤ ਇਹ ਪਤਾ ਲੱਗਾ ਕਿ ਨਵੀਂ ਦਿੱਲੀ ਦੇ ਵਿਕਾਸ ਪੁਰੀ, ਗਣੇਸ਼ ਨਗਰ, ਤਿਲਕ ਨਗਰ ਅਤੇ ਨੰਗਲੋਈ ਦੇ ਕਈ ਏਟੀਐਮਾਂ ਤੋਂ ਪੈਸੇ ਕਢਵਾਏ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਸੈੱਲ ਵੱਲੋਂ ਹਾਲ ਹੀ ਵਿੱਚ ਵਾਪਰੀਆਂ ਅਜਿਹੀਆਂ ਧੋਖਾਧੜੀਆਂ ਲਈ ਪਹਿਲਾਂ ਹੀ ਚਾਰ ਕੇਸ ਦਰਜ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…