ਡੀਸੀ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਅਗਾਊਂ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਆਜ਼ਾਦੀ ਸਮਾਰੋਹ ਦੀਆਂ ਅਗਾਊਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ, ਸਮਾਰੋਹ ਦੀਆਂ ਤਿਆਰੀਆਂ ਸਬੰਧੀ ਗਠਿਤ ਵੱਖ-ਵੱਖ ਕਮੇਟੀਆਂ ਦੇ ਕਨਵੀਨਰਾਂ ਨਾਲ ਮੀਟਿੰਗ ਕੀਤੀ।
ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦੀ ਦਿਵਸ ਸਮਾਰੋਹ 15 ਅਗਸਤ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਦਿਨ ਮਨਾਉਣ ਦਾ ਮੰਤਵ ਜਿੱਥੇ ਆਜ਼ਾਦੀ ਦੇ ਜਸ਼ਨਾਂ ਨੂੰ ਤਾਜ਼ਾ ਕਰਨਾ ਹੈ, ਉੱਥੇ ਹੀ ਆਜ਼ਾਦੀ ਸੰਗਰਾਮ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਅਤੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੇ ਸੰਕਲਪ ਨੂੰ ਦੁਹਰਾਉਣਾ ਹੈ।
ਡੀਸੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਸਮਾਰੋਹ ਵਿੱਚ ਬੀਐੱਸਐੱਫ਼, ਪੰਜਾਬ ਪੁਲੀਸ ਅਤੇ ਐੱਨਸੀਸੀ ਕੈਡਿਟਸ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪੀਟੀ ਸ਼ੋਅ ਤੇ ਦੇਸ਼ ਭਗਤੀ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਏਡੀਸੀ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸਡੀਐਮ ਸ੍ਰੀਮਤੀ ਸਰਬਜੀਤ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸੇ ਤਰ੍ਹਾਂ ਸਬ-ਡਵੀਜ਼ਨਾਂ ਵਿੱਚ ਵੀ ਆਜ਼ਾਦੀ ਦਿਵਸ ਮਨਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੌਕੇ ’ਤੇ ਸੁਤੰਤਰਤਾ ਸੰਗਰਾਮੀਆਂ, ਖੇਡਾਂ, ਸਿੱਖਿਆ ਤੇ ਹੋਰ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਤੋਂ ਇਲਾਵਾ ਮਿਹਨਤ, ਲਗਨ ਨਾਲ ਤੇ ਉੱਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਆਜ਼ਾਦੀ ਸਮਾਰੋਹ ਵਿੱਚ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਟਰੈਫ਼ਿਕ ਰੂਟ, ਮੋਬਾਈਲ ਪੁਲਿਸ ਪਾਰਟੀਆਂ ਬਣਾਈਆਂ ਜਾਣ ਅਤੇ ਪਾਰਕਿੰਗ ਲਈ ਪਹਿਲਾਂ ਹੀ ਥਾਵਾਂ ਨਿਸ਼ਚਿਤ ਕੀਤੀਆਂ ਜਾਣ ਤਾਂ ਜੋ ਟਰੈਫ਼ਿਕ ਦੀ ਸਮੱਸਿਆ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…