ਮੁਹਾਲੀ ਪੁਲੀਸ ਵੱਲੋਂ 54 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 1 ਮੋਟਰ ਸਾਈਕਲ ਤੇ ਤਿੰਨ ਮੋਬਾਈਲ ਫੋਨ ਵੀ ਕੀਤੇ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਮੁਹਾਲੀ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਦੋ ਵਿਅਕਤੀਆਂ ਨੂੰ 54 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਲਵਪ੍ਰੀਤ ਸਿੰਘ ਅਤੇ ਕ੍ਰਿਸ਼ਨ ਸਿੰਘ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਅਰੋੜਾ ਦੀ ਅਗਵਾਈ ਵਾਲੀ ਟੀਮ ਕੁੰਭੜਾ ਚੌਂਕ ਨੇੜੇ ਪੈਦਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਦੋ ਨੌਜਵਾਨ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਫੇਜ਼-9 ਦੀ ਤਰਫ਼ੋਂ ਆ ਰਹੇ ਸਨ, ਜਿਨ੍ਹਾਂ ਨੇ ਪੁਲੀਸ ਨੂੰ ਦੇਖ ਕੇ ਮੋਟਰ ਸਾਈਕਲ ਰੋਕ ਲਿਆ ਅਤੇ ਮੋਟਰ ਸਾਈਕਲ ਚਾਲਕ ਨੇ ਆਪਣੇ ਲੋਅਰ ਦੀ ਸੱਜੀ ਜੇਬ ’ਚੋਂ ਇਕ ਮੋਮੀ ਕਾਗਜ਼ ਦਾ ਲਿਫ਼ਾਫ਼ਾ ਕੱਢ ਕੇ ਸੜਕ ਦੇ ਖੱਬੇ ਪਾਸੇ ਸੁੱਟ ਦਿੱਤਾ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਸੱਜੀ ਜੇਬ ’ਚੋਂ ਇਕ ਲਿਫ਼ਾਫ਼ਾ ਕੱਢ ਕੇ ਖੱਬੇ ਪਾਸੇ ਝਾੜੀਆਂ ਵਿੱਚ ਸੁੱਟ ਦਿੱਤਾ ਅਤੇ ਉਨ੍ਹਾਂ ਦੋਵਾਂ ਨੇ ਮੌਕੇ ਤੋਂ ਭੱਜਣ ਦਾ ਯਤਨ ਵੀ ਕੀਤਾ ਪ੍ਰੰਤੂ ਪੁਲੀਸ ਨੇ ਫੂਰਤੀ ਦਿਖਾਉਂਦੇ ਹੋਏ ਮੌਕੇ ’ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਡੀਐਸਪੀ ਨੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਅਤੇ ਦੂਜੇ ਨੌਜਵਾਨ ਨੇ ਕ੍ਰਿਸ਼ਨ ਸਿੰਘ ਦੱਸਿਆ। ਤਲਾਸ਼ੀ ਲੈਣ ’ਤੇ ਲਵਪ੍ਰੀਤ ਸਿੰਘ ਕੋਲੋਂ 32 ਗਰਾਮ ਹੈਰੋਇਨ ਅਤੇ ਕ੍ਰਿਸ਼ਨ ਸਿੰਘ ਕੋਲੋਂ 22 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਂਚ ਦੌਰਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵਿਰੁੱਧ ਪਹਿਲਾਂ ਵੀ ਸੈਂਟਰਲ ਥਾਣਾ ਫੇਜ਼-8 ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇੰਜ ਹੀ ਲਵਪ੍ਰੀਤ ਸਿੰਘ ਵਿਰੁੱਧ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਨੌਜਵਾਨ ਅੰਬ ਸਾਹਿਬ ਕਲੋਨੀ ਜਗਤਪੁਰਾ ਵਿੱਚ ਰਹਿੰਦੇ ਰੰਗੀਲਾ ਅਤੇ ਕਾਲੀ ਨਾਮ ਦੇ ਵਿਅਕਤੀਆਂ ਤੋਂ ਨਸ਼ੀਲੇ ਪਦਾਰਥ ਖਰੀਦ ਕੇ ਪਿੰਡ ਕੁੰਭੜਾ, ਪਿੰਡ ਕੰਬਾਲਾ, ਪਿੰਡ ਸੋਹਾਣਾ ਅਤੇ ਖਰੜ ਸਮੇਤ ਆਸਪਾਸ ਕਲੋਨੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਸਪਲਾਈ ਕਰਦੇ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…