ਖੇਤੀਬਾੜੀ ਅਫ਼ਸਰਾਂ ਨੇ ਪੰਜਾਬ ਸਰਕਾਰ ਨੂੰ ਡਿਗਰੀਆਂ ਮੋੜ ਕੇ ਰੂਲਾਂ ਦੀਆਂ ਕਾਪੀਆਂ ਸਾੜੀਆਂ

ਵੇਰਕਾ ਮਿਲਕ ਪਲਾਂਟ ਤੋਂ ਖੇਤੀ ਬਾੜੀ ਡਾਇਰੈਕਟਰ ਦਫ਼ਤਰ ਤੱਕ ਸ਼ਾਂਤਮਈ ਪੈਦਲ ਰੋਸ ਮਾਰਚ ਕੀਤਾ, ਨਾਅਰੇਬਾਜ਼ੀ

ਖੇਤੀਬਾੜੀ ਤੇ ਬਾਗਬਾਨੀ ਅਫ਼ਸਰਾਂ ਵੱਲੋਂ ਖੇਤੀ ਭਵਨ ਦੇ ਬਾਹਰ ਲੜੀਵਾਰ ਧਰਨਾ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਪੰਜਾਬ ਐਗਰੀਕਲਚਰ (ਗਰੁੱਪ-ਏ) ਸਰਵਿਸਿਜ਼ ਰੂਲਜ਼ 2013 ਦੀ ਅਣਦੇਖੀ ਕਰਕੇ ਹੇਠਲੇ ਕਾਡਰ ਦੀਆਂ ਉੱਪਰਲੇ ਕਾਡਰ ਵਿੱਚ ਕੀਤੀਆਂ ਗਈਆਂ ਗ਼ੈਰ-ਨਿਯਮਤ ਬਦਲੀਆਂ ਕਾਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਸਖ਼ਤ ਪ੍ਰੀਖਿਆ ਪਾਸ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ’ਤੇ ਘੱਟ ਯੋਗਤਾ ਵਾਲੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਨੂੰ ਲਗਾਇਆ ਗਿਆ ਹੈ। ਜਿਸ ਕਾਰਨ ਪੰਜਾਬ ਦੇ ਸਮੂਹ ਖੇਤੀ ਟੈਕਨੋਕਰੇਟਸ (ਖੇਤੀਬਾੜੀ/ਬਾਗਬਾਨੀ ਵਿਕਾਸ ਅਫ਼ਸਰ, ਬਲਾਕ ਖੇਤੀਬਾੜੀ ਅਫ਼ਸਰ, ਡਿਪਟੀ ਡਾਇਰੈਕਟਰ, ਸੰਯੁਕਤ ਡਾਇਰੈਕਟਰ) ਨੇ ਸੋਮਵਾਰ ਨੂੰ ਸਮੂਹਿਕ ਛੁੱਟੀ ਲੈ ਕੇ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਮੁਹਾਲੀ ਸਥਿਤ ਖੇਤੀ ਭਵਨ ਦੇ ਬਾਹਰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੀ ਅਗਵਾਈ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਸੰਧੂ ਨੇ ਕੀਤੀ।
ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਖੇਤੀ ਅਫ਼ਸਰਾਂ ਨੇ ਵੇਰਕਾ ਮਿਲਕ ਪਲਾਂਟ ਤੋਂ ਮਨੁੱਖੀ ਚੇਨ ਬਣਾ ਕੇ ਡਾਇਰੈਕਟਰ ਦਫ਼ਤਰ ਤੱਕ ਸ਼ਾਂਤਮਈ ਪੈਦਲ ਮਾਰਚ ਕੀਤਾ ਅਤੇ ਸਰਕਾਰ ਨੂੰ ਆਪਣੀਆਂ ਡਿਗਰੀਆਂ ਮੋੜ ਕੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ਦੇ ਇਸ਼ਤਿਹਾਰ ਅਤੇ ਪੰਜਾਬ ਐਗਰੀਕਲਚਰ (ਗਰੁੱਪ-ਏ) ਸਰਵਿਸ ਰੂਲਜ਼ 2013 ਦੀਆਂ ਕਾਪੀਆਂ ਸਾੜੀਆਂ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ ਮਾਣੂਕੇ, ਊਧਮ ਸਿੰਘ ਧਰਮਕੋਟ, ਗੁਰਵਿੰਦਰ ਸਿੰਘ ਬਰਾੜ ਨੇ ਵੀ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਬੋਲਦਿਆਂ ਡਾ. ਸੁਖਬੀਰ ਸਿੰਘ ਸੰਧੂ, ਡਾ. ਗਗਨਦੀਪ ਕੌਰ, ਡਾ. ਮਨਦੀਪ ਸਿੰਘ, ਡਾ. ਗੁਰਲਵਲੀਨ ਸਿੰਘ, ਡਾ. ਜਸਵਿੰਦਰ ਸਿੰਘ ਬਰਾੜ, ਸਤਵਿੰਦਰ ਬੀਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਰਤਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੱਖਪਾਤੀ ਰਵੱਈਏ ਵਿਰੁੱਧ ਖੇਤੀਬਾੜੀ ਅਫ਼ਸਰਾਂ ਵਿੱਚ ਭਾਰੀ ਰੋਸ ਹੈ। ਜਿਸ ਕਾਰਨ ਉਨ੍ਹਾਂ ਨੂੰ ਖ਼ਰਾਬ ਮੌਸਮ ਦੇ ਬਾਵਜੂਦ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ।

ਬੁਲਾਰਿਆਂ ਨੇ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਲਈ ਪੰਜਵੇਂ ਤਨਖ਼ਾਹ ਕਮਿਸ਼ਨ ਉਪਰੰਤ ਬਣੀ ਅਨਾਮਲੀ ਕਮੇਟੀ ਦੀਆਂ ਸਿਫ਼ਾਰਸ਼ਾਂ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਤਨਖ਼ਾਹ ਸਕੇਲ ਤੈਅ ਕਰਨ ਅਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਖੇਤੀਬਾੜੀ/ਬਾਗਬਾਨੀ ਵਿਕਾਸ ਅਫ਼ਸਰਾਂ ਦੀ ਮੁੱਢਲੀ ਤਨਖ਼ਾਹ ਵਧਾ ਕੇ ਵੈਟਰਨਰੀ ਅਫ਼ਸਰਾਂ ਦੇ ਬਰਾਬਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।

ਉਧਰ, ਇਸੇ ਦੌਰਾਨ ਖੇਤੀਬਾੜੀ ਅਫ਼ਸਰਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਸੰਯੁਕਤ ਡਾਇਰੈਕਟਰ ਨੇ ਉਪ ਸਕੱਤਰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪੰਜਾਬ ਐਗਰੀਕਲਚਰ (ਗਰੁੱਪ-ਏ) ਸਰਵਿਸ ਰੂਲਜ਼ 2013 ਵਿੱਚ ਵੱਖੋਵੱਖਰੇ ਕਾਰਡ ਹੋਣ ਦੇ ਬਾਵਜੂਦ ਖੇਤੀਬਾੜੀ ਵਿਕਾਸ ਅਫ਼ਸਰਾਂ ਲਈ ਨਿਰਧਾਰਿਤ ਪੋਸਟਿੰਗ ਸਟੇਸ਼ਨਾਂ ’ਤੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਦੀਆਂ ਕੀਤੀਆਂ ਬਦਲੀਆਂ ਦੇ ਹੁਕਮ ਵਾਪਸ ਲੈਣ ਦੀ ਸ਼ਿਫਾਰਸ਼ ਕੀਤੀ ਹੈ। ਲੇਕਿਨ ਇਸ ਦੇ ਬਾਵਜੂਦ ਖੇਤੀਬਾੜੀ ਅਫ਼ਸਰਾਂ ਦਾ ਧਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…