ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ‘ਸਾਵਣ ਕਵੀ ਦਰਬਾਰ’ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਅੱਜ ਦਫ਼ਤਰ ਜ਼ਿਲ੍ਹਾ ਭਾਸ਼ਾ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵਿਹੜੇ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਬਾਬੂ ਰਾਮ ਦੀਵਾਨਾ (ਸਾਬਕਾ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਨੇ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰੀਤ ਕੰਵਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਕਵੀ ਦਰਬਾਰ ਵਿੱਚ ਸ਼ਾਮਲ ਹੋਏ। ਇਸ ਸਾਵਣ ਕਵੀ ਦਰਬਾਰ ਵਿੱਚ ਮੁਹਾਲੀ ਜ਼ਿਲ੍ਹੇ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਨਾਮੀ ਕਵੀਆਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮੁੱਖ ਮਹਿਮਾਨ, ਮਹਿਮਾਨਾਂ, ਕਵੀਆਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਆਖਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਸਾਵਣ ਕਵੀ ਦਰਬਾਰ ਦੇ ਮਨੋਰਥ ਬਾਰੇ ਦੱਸਦਿਆਂ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ ਗਈ।
ਇਸ ਸਾਵਣ ਕਵੀ ਦਰਬਾਰ ਵਿੱਚ ਵੱਖ-ਵੱਖ ਕਵੀਆਂ ਵੱਲੋਂ ਸਾਉਣ ਮਹੀਨੇ ਨਾਲ ਸਬੰਧਿਤ ਰਚਨਾਵਾਂ ਪੇਸ਼ ਕਰਦਿਆਂ ਖੂਬਸੂਰਤ ਅਤੇ ਵਿਸਮਾਦੀ ਮਾਹੌਲ ਸਿਰਜਿਆ ਗਿਆ ਜਿਨ੍ਹਾਂ ਵਿੱਚ ਦਰਸ਼ਨ ਸਿੰਘ ਸਿੱਧੂ, ਬਲਦੇਵ ਸਿੰਘ ਬਿੰਦਰਾ, ਦੇਸ ਰਾਜ ਛਾਜਲੀ, ਮਨਜੀਤ ਕੌਰ ਮੋਹਾਲੀ, ਅਮਰਜੀਤ ਪਟਿਆਲਵੀ, ਸੁਰਜੀਤ ਕੌਰ ਬੈਂਸ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਨਿਆਮੀਆਂ, ਗੁਰਮਾਨ ਸੈਣੀ, ਦਵਿੰਦਰ ਕੌਰ ਢਿੱਲੋਂ, ਬਲਜੀਤ ਫਿੱਡਿਆਂਵਾਲਾ, ਇੰਜ. ਮਨਜੀਤ ਸਿੰਘ ਗਿੱਲ, ਸਤਵਿੰਦਰ ਸਿੰਘ ਧੜਾਕ, ਗੁਰਦਰਸ਼ਨ ਸਿੰਘ ਮਾਵੀ, ਪ੍ਰੋ. ਗੁਰਜੋਧ ਕੌਰ, ਆਰ.ਕੇ.ਭਗਤ, ਬਲਜਿੰਦਰ ਕੌਰ ਸ਼ੇਰਗਿੱਲ, ਭਗਤ ਰਾਮ ਰੰਗਾੜਾ, ਭੁਪਿੰਦਰ ਬੇਕਸ ਅਤੇ ਬਹਾਦਰ ਸਿੰਘ ਗੋਸਲ ਵੱਲੋਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਗਈ। ਇਨ੍ਹਾਂ ਕਵੀਆਂ ਵੱਲੋਂ ਸਾਉਣ ਮਹੀਨੇ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰਦੀ ਖੂਬਸੂਰਤ ਸ਼ਾਇਰੀ ਅਤੇ ਤਰਨੁੰਮ ਦੀ ਜੁਗਲਬੰਦੀ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਮੁੱਖ ਮਹਿਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰੀਤ ਕੰਵਲ ਸਿੰਘ ਜੀ ਵੱਲੋਂ ਅਜੋਕੇ ਤਕਨੀਕੀ ਯੁੱਗ ਵਿੱਚ ਭਾਸ਼ਾ ਵਿਭਾਗ ਦੇ ਸਾਵਣ ਕਵੀ ਦਰਬਾਰ ਵਰਗੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਬਾਬੂ ਰਾਮ ਦੀਵਾਨਾ ਜੀ ਨੇ ਸਾਉਣ ਮਹੀਨੇ ਦੀ ਸਾਂਸਕ੍ਰਿਤਕ ਮਹੱਤਤਾ ਬਾਰੇ ਦੱਸਦਿਆਂ ਕਵੀ ਦਰਬਾਰ ਪੇਸ਼ ਹੋਈਆਂ ਵੰਨ-ਸੁਵੰਨੀਆਂ ਕਾਵਿ-ਰਚਨਾਵਾਂ ਦੀ ਛਹਿਬਰ ਬਾਰੇ ਬੜੀ ਭਾਵਪੂਰਤ ਟਿੱਪਣੀ ਕੀਤੀ ਅਤੇ ਆਪਣੀ ਖੂਬਸੂਰਤ ਨਜ਼ਮ ਪੇਸ਼ ਕੀਤੀ।

ਇਨ੍ਹਾਂ ਤੋਂ ਇਲਾਵਾ ਸ਼ਾਇਰੀ ਦੀ ਇਸ ਕਿਣਮਿਣ ਵਿੱਚ ਅਨੇਕ ਨਾਮਵਰ ਸ਼ਖਸੀਅਤਾਂ ਜਿਵੇਂ ਸ੍ਰੀ ਮਲਕੀਤ ਸਿੰਘ ਮਾਨ (ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮੁਹਾਲੀ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਸੁਰਜੀਤ ਕੌਰ, ਨਿਸ਼ਾ ਗੁਪਤਾ, ਪ੍ਰਿੰਸੀਪਲ ਗੁਰਮੀਤ ਸਿੰਘ ਖਰੜ, ਜੋਗਿੰਦਰ ਸਿੰਘ ਜੱਗਾ ਨੇ ਵੀ ਸ਼ਿਰਕਤ ਕੀਤੀ। ਸਾਵਣ ਕਵੀ ਦਰਬਾਰ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮੁੱਖ ਮਹਿਮਾਨ ਅਤੇ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਕਵੀ ਦਰਬਾਰ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…