ਪੰਜਾਬ ਭਰ ਦੇ ਠੇਕੇਦਾਰਾਂ ਵੱਲੋਂ ‘ਆਪ’ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਤੋਂ ਰਹਿਮ ਦੀ ਅਪੀਲ

ਆਲ ਮੰਡੀ ਕੰਟਰੈਕਟਰਜ਼ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਮੰਡੀ ਬੋਰਡ ਦੇ ਬਾਹਰ ਗਰਜ਼ੇ ਠੇਕੇਦਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਆਲ ਮੰਡੀ ਕੰਟਰੈਕਟਰਜ਼ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਪੰਜਾਬ ਭਰ ਦੇ ਠੇਕੇਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੋਂ ਦੇ ਸੈਕਟਰ-65ਏ ਸਥਿਤ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਬਾਹਰ ਸੂਬਾ ਪੱਧਰੀ ਧਰਨਾ ਦਿੱਤਾ ਅਤੇ ਪੰਜਾਬ ਦੀ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਮੰਡੀ ਬੋਰਡ ਦੇ ਸਕੱਤਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਵਿੱਤੀ ਸਾਲ 2022-23 ਦੌਰਾਨ ਝਾੜ ਫੂਸ ਦੇ ਠੇਕੇ ਜਾਰੀ ਰੱਖੇ ਜਾਣ। ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਕੰਡਾ ਅਤੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ/ਮੰਡੀ ਬੋਰਡ ਵੱਲੋਂ ਈ-ਟੈਂਡਰਿੰਗ ਰਾਹੀਂ ਮੰਡੀਆਂ ਵਿੱਚ ਖੇਤੀਬਾੜੀ ਜਿਣਸਾਂ ਤੋਂ ਨਿਕਲੇ ਝਾੜ ਫੂਸ ਦੇ ਠੇਕੇ ਰਾਹੀਂ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ ਅਤੇ ਹਰ ਸਾਲ ਮੰਡੀ ਬੋਰਡ ਨੂੰ ਝਾੜ ਫੂਸ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਪੰਜਾਬ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ ਵਿੱਚ ਇਸ ਸਾਲ ਹਾੜੀ/ਸਾਉਣੀ ਸੀਜ਼ਨ ਸਮੇਂ ਜਿਣਸ ’ਚੋਂ ਨਿਕਲੇ ਝਾੜ ਫੂਸ ਨੂੰ ਚੁੱਕਣ ਲਈ ਲਗਪਗ 16 ਕਰੋੜ ਤੋਂ ਵੱਧ ਰਕਮ ਦਾ ਠੇਕਾ ਕਾਨੂੰਨੀ ਤੌਰ ’ਤੇ ਪ੍ਰੋਫਾਰਮਿਸ ਸਕਿਉਰਿਟੀ ਲੈਣ ਉਪਰੰਤ ਵਰਕ ਆਰਡਰ ਅਤੇ ਐਗਰੀਮੈਂਟ ਕਰਨ ਮਗਰੋਂ ਦਿੱਤਾ ਗਿਆ ਹੈ। ਐਗਰੀਮੈਂਟ ਅਨੁਸਾਰ ਇਸ ਠੇਕੇ 31 ਮਾਰਚ 2023 ਤੱਕ ਮਿਆਦ ਹੈ। ਠੇਕੇਦਾਰਾਂ ਨੇ ਕੁੱਲ ਰਾਸ਼ੀ ਦਾ 70 ਫੀਸਦੀ ਜਮ੍ਹਾ ਵੀ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਹੁਣ ਮੁੱਖ ਮੰਤਰੀ ਨੇ ਠੇਕਾ ਰੱਦ ਕਰ ਦਿੱਤਾ ਹੈ। ਜਿਸ ਕਾਰਨ ਠੇਕੇਦਾਰਾਂ ਦਾ 2 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਹੀ ਨਹੀਂ ਠੇਕੇਦਾਰਾਂ ਕੋਲ ਕੰਮ ਕਰਨ ਵਾਲੇ ਮਜ਼ਦੂਰ ਵੀ ਬੇਰੁਜ਼ਗਾਰ ਹੋ ਜਾਣਗੇ। ਠੇਕੇਦਾਰਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਵੋਟਾਂ ਦੀ ਰਾਜਨੀਤੀ ਦੇ ਚੱਲਦਿਆਂ ਸੰਗਰੂਰ ਦੇ ਬਾਜ਼ੀਗਰ ਬਨਜਾਰਾ ਸਮਾਜ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਠੇਕਾ ਬਹਾਲ ਨਾ ਕੀਤਾ ਤਾਂ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ।

ਇਸ ਮੌਕੇ ਠੇਕੇਦਾਰ ਗੁਰਵਿੰਦਰ ਸਿੰਘ, ਗੁਰਲਾਲ, ਪਰਮਜੀਤ ਸਿੰਘ, ਕ੍ਰਿਸ਼ਨ ਲਾਲ ਵਿੱਕੀ, ਨਿਰਮਲ ਦਾਸ, ਸੁਰਿੰਦਰ ਸਿੰਘ, ਚਮਨ ਲਾਲ, ਰਣਜੀਤ ਸਿੰਘ, ਸੁਮਿਤ ਕੁਮਾਰ, ਸਤਨਾਮ ਸਿੰਘ, ਹਰਭਜਨ ਸਿੰਘ, ਪ੍ਰਗਟ ਸਿੰਘ, ਰਾਜਵਿੰਦਰ ਕੁਮਾਰ, ਸੰਦੀਪ, ਕੇਵਲ ਕ੍ਰਿਸ਼ਨ, ਮਨਜਿੰਦਰ, ਪ੍ਰੇਮ ਕੁਮਾਰ ਅਤੇ ਹੋਰਨਾਂ ਠੇਕੇਦਾਰਾਂ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਦਾ ਢੌਂਗ ਕਰਨ ਵਾਲੀ ਸੂਬਾ ਸਰਕਾਰ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਠੇਕੇਦਾਰਾਂ ਨੇ ਭਗਵੰਤ ਮਾਨ ਤੋਂ ਰਹਿਮ ਦੀ ਅਪੀਲ ਕੀਤੀ ਅਤੇ ਨਾਲ ਹੀ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…