ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਬਾਲ ਇਕਾਂਗੀ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਲੋਕ ਅਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਵਿਖੇ ਅਜ ਸੁਧਾ ਜੈਨ ‘ਸੁਦੀਪ’ ਦੀ ਬਾਲ ਇਕਾਂਗੀ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਹੋਈ। ਸਮਾਗਮ ਦੀ ਪ੍ਰਧਾਨਗੀ ਡਾ. ਵੀਰਪਾਲ ਕੌਰ (ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਵੱਲੋਂ ਕੀਤੀ ਗਈ। ਜੰਗ ਬਹਾਦਰ ਗੋਇਲ (ਸੇਵਾਮੁਕਤ ਆਈਏਐੱਸ ਤੇ ਪ੍ਰਸਿੱਧ ਲੇਖਕ) ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਸ਼ਿਰਕਤ ਕਰਨ ਲਈ ਪਹੁੰਚੇ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ‘ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕਰਕੇ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਦਾ ਆਗਾਜ਼ ਕੀਤਾ ਗਿਆ।
ਸਾਹਿਤ ਕਲਾ ਸੱਭਿਆਚਾਰ ਮੰਚ ਮੋਹਾਲੀ ਦੇ ਪ੍ਰਧਾਨ ਸ਼੍ਰੀ ਬਾਬੂ ਰਾਮ ਦੀਵਾਨਾ ਵੱਲੋਂ ਸੁਧਾ ਜੈਨ ‘ਸੁਦੀਪ‘ ਦੀ ਬਾਲ ਇਕਾਂਗੀ ‘ਭਾਰਤ ਦੇ ਰਾਸ਼ਟਰੀ ਪ੍ਰਤੀਕ‘ ਬਾਰੇ ਸੰਖੇਪ ਜਾਣ-ਪਛਾਣ ਕਰਾਈ ਗਈ। ਸ਼੍ਰੋਮਣੀ ਬਾਲ ਸਾਹਿਤਕਾਰ ਸ਼੍ਰੀ ਮਨਮੋਹਨ ਸਿੰਘ ਦਾਊਂ ਵੱਲੋਂ ਹੱਥਲੀ ਬਾਲ ਇਕਾਂਗੀ ਸਬੰਧੀ ਖੋਜ ਭਰਪੂਰ ਪਰਚਾ ਪੜ੍ਹਦੇ ਹੋਏ ਸਮੁੱਚੇ ਰਾਸ਼ਟਰੀ ਪ੍ਰਤੀਕਾਂ ਦੀ ਇੱਕੋ ਪੁਸਤਕ ਵਿੱਚ ਇਕੱਤਰਤਾ ਸਦਕਾ ਇਸ ਨੂੰ ਇੱਕ ਇਤਿਹਾਸਕ ਦਸਤਾਵੇਜ਼ ਦਾ ਲਕਬ ਦਿੱਤਾ ਗਿਆ। ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਰਮਾ ਰਤਨ ਵੱਲੋਂ ਪੁਸਤਕ ਬਾਰੇ ਬੋਲਦਿਆਂ ਕਿਹਾ ਗਿਆ ਕਿ ਬਾਲ ਸਾਹਿਤ ਦੇ ਖੇਤਰ ਵਿੱਚ ‘ਭਾਰਤ ਦੇ ਰਾਸ਼ਟਰੀ ਪ੍ਰਤੀਕ‘ ਬਾਲਕਾਂ ਦੇ ਸਮਾਨਾਂਤਰ ਬਾਲਗਾਂ ਲਈ ਵੀ ਲਾਹੇਵੰਦ ਹੈ। ਸ਼੍ਰੋਮਣੀ ਬਾਲ ਸਾਹਿਤਕਾਰ ਕਰਨਲ ਜਸਬੀਰ ਸਿੰਘ ਭੁੱਲਰ ਨੇ ਇਸ ਬਾਲ ਇਕਾਂਗੀ ਬਾਰੇ ਆਪਣੇ ਵਿਚਾਰ ਰੱਖਦਿਆਂ ਪੰਜਾਬੀ ਬਾਲ ਸਾਹਿਤ ਲਈ ਇਸ ਨੂੰ ਇੱਕ ਸ਼ੁਭ ਸੰਕੇਤ ਆਖਿਆ। ਬਲਕਾਰ ਸਿੰਘ ਸਿੱਧੂ (ਸਾਬਕਾ ਸਹਾ. ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਨੇ ਕਿਹਾ ਕਿ ਇਹ ਪੁਸਤਕ ਨਿਸ਼ਚਿਤ ਹੀ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਲੇਖਿਕਾ ਸੁਧਾ ਜੈਨ ‘ਸੁਦੀਪ‘ ਨੇ ਬੱਚਿਆਂ ਪ੍ਰਤੀ ਪਿਆਰ ਨੂੰ ਇਸ ਪੁਸਤਕ ਲਈ ਪ੍ਰੇਰਨਾਸ੍ਰੋਤ ਦੱਸਿਆ।
ਸਮਾਗਮ ਦੇ ਮੁੱਖ ਮਹਿਮਾਨ ਜੰਗ ਬਹਾਦਰ ਗੋਇਲ ਨੇ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਪੁਸਤਕ ਨੂੰ ਬਾਲਾਂ ਨੂੰ ਸਾਹਿਤ ਦੀ ਚੇਟਕ ਲਾਉਣ ਲਈ ਮਦਦਗਾਰ ਮੰਨਦਿਆਂ ਖੁਸ਼ਾਮਦੀਦ ਕਿਹਾ। ਡਾ. ਵੀਰਪਾਲ ਕੌਰ (ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਵੱਲੋਂ ਇਸ ਬਾਲ ਇਕਾਂਗੀ ਨਾਲ ਸਬੰਧਤ ਸਮੁੱਚੀ ਵਿਚਾਰ ਚਰਚਾ ਉਪਰੰਤ ਟਿੱਪਣੀ ਕਰਦਿਆਂ ਜਿੱਥੇ ਇਸ ਪੁਸਤਕ ‘ਨੂੰ ਜੀ ਆਇਆਂ ਨੂੰ’ ਆਖਿਆ ਗਿਆ ਉੱਥੇ ਵਿਦਵਾਨਾਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਮੱਦੇਨਜ਼ਰ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸੁਝਾਵਾਂ ਤਹਿਤ ਭਵਿੱਖ ਵਿੱਚ ਲੇਖਿਕਾ ਤੋਂ ਹੋਰ ਚੰਗੀਆਂ ਕਿਤਾਬਾਂ ਦੀ ਉਮੀਦ ਜਤਾਈ ਗਈ।
ਇਨ੍ਹਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਮੌਜੂਦ ਸਰਦਾਰਾ ਸਿੰਘ ਚੀਮਾ, ਭਗਤ ਰਾਮ ਰੰਗਾੜਾ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਵੀ ਯੋਗਦਾਨ ਪਾਇਆ। ਇਸ ਮੌਕੇ ਸ੍ਰੀਮਤੀ ਕੰਚਨ ਸ਼ਰਮਾ ਡਿਪਟੀ ਡੀਈਓ (ਸੈਕੰਡਰੀ), ਡਾ. ਨੀਲਮ ਗੋਇਲ, ਜਸਪਾਲ ਸਿੰਘ ਦੇਸੂਵੀ, ਊਦੈ ਜੈਨ, ਗੁੰਜਨ ਜੈਨ, ਜਸਵੀਰ ਸਿੰਘ ਗੋਸਲ, ਗੁਰਚਰਨ ਸਿੰਘ, ਮਨਜੀਤਪਾਲ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਸ੍ਰੀਮਤੀ ਅਮਰਇੰਦਰ ਕੌਰ, ਸੁਰਜੀਤ ਬੈਂਸ, ਅਮਰਜੀਤ ਕੌਰ, ਸ਼ਿਆਮ ਕਲਾ, ਹਰਿੰਦਰ ਸਿੰਘ, ਹਰਨੇਕ ਸਿੰਘ, ਗੁਰਬਚਨ ਸਿੰਘ, ਸ਼੍ਰੀਮਤੀ ਵਿਮਲਾ ਗੁਗਲਾਨੀ, ਡਾ. ਪ੍ਰਗਿਆ ਸ਼ਾਰਦਾ, ਸੰਜੀਵ ਭੂਸ਼ਣ, ਸੰਜੀਵਨ ਸਿੰਘ, ਪ੍ਰਭਜੋਤ ਕੌਰ, ਸ੍ਰੀਮਤੀ ਸ਼ੁਸ਼ਮਾ ਜੈਨ, ਦੀਪਕ ਜੈਨ, ਘਣਸ਼ਾਮ ਜੈਨ ਨੇ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅਖੀਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮੁੱਖ ਮਹਿਮਾਨਾਂ ਅਤੇ ਸਮੂਹ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…