nabaz-e-punjab.com

ਅਧਿਆਪਕ ਦਿਵਸ ’ਤੇ ਅਧਿਆਪਕ ਵਿਰੋਧੀ ਫ਼ੈਸਲਿਆਂ ਦੀ ਪੰਡ ਫੂਕਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ਸਮੂਹ ਅਧਿਆਪਕ ਵਰਗ ਵੱਲੋਂ ਸਕੂਲ ਪੱਧਰ ’ਤੇ ਕਾਲੇ ਬਿੱਲੇ ਲਗਾ ਕੇ ਅਧਿਆਪਕ ਵਿਰੋਧੀ ਫ਼ੈਸਲਿਆਂ ਦੀ ਪੰਡ ਫੂਕਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਹੋਈ ਵਰਚੂਅਲ ਮੀਟਿੰਗ ਵਿੱਚ ਲਿਆ ਗਿਆ।
ਜਥੇਬੰਦੀ ਦੇ ਜਨਰਲ ਸਕੱਤਰ ਅਤੇ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਸੁਰਿੰਦਰ ਕੰਬੋਜ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਿਰੋਧੀ ਪੱਤਰਾਂ ਸਬੰਧੀ ਪੂਰਾ ਏਜੰਡਾ ਰੱਖਿਆ। ਜਿਸ ਵਿੱਚ ਸਮੂਹ ਸਟੇਟ ਕਮੇਟੀ ਮੈਂਬਰਾਂ ਨੇ ਪੂਰਾ ਸਮਰਥਨ ਕਰਦੇ ਹੋਏ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਅਧਿਆਪਕ ਦਿਵਸ ਮੌਕੇ ਕਾਲੇ ਬਿੱਲੇ ਲਗਾ ਕੇ ਫੂਕਣ ਦਾ ਜਥੇਬੰਦੀ ਨੇ ਪੂਰਾ ਸਮਰਥਨ ਕੀਤਾ ਅਤੇ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਇਸ ਵਿਰੋਧ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਨੁੱਕੜ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ ਲਾਮਬੰਦ ਕਰਨ ’ਤੇ ਜ਼ੋਰ ਦਿੱਤਾ।
ਆਗੂਆਂ ਨੇ ਇੱਕ ਪਾਸੇ ਸਰਕਾਰ ਮੁਲਾਜ਼ਮਾਂ ਤੋਂ 200 ਰੁਪਏ ਵਿਕਾਸ ਟੈਕਸ ਕੱਟ ਰਹੀ ਹੈ, ਉੱਥੇ ਪੇਂਡੂ ਭੱਤੇ ਸਮੇਤ ਬਹੁਤ ਸਾਰੇ ਭੱਤੇ ਬੰਦ ਕਰ ਦਿੱਤੇ ਹਨ। ਅਧਿਆਪਕਾਂ ਦੀ ਤਰੱਕੀ ਦਾ ਚੈਨਲ ਵੀ ਬੰਦ ਪਿਆ ਹੈ। ਅਗਲੀ ਤਰੱਕੀਆਂ ਲਈ ਟੈੱਸਟ ਰੱਖ ਦਿੱਤੇ ਹਨ। ਇਹੀ ਨਹੀਂ ਪਿਛਲੇ ਬਕਾਏ ਅਤੇ ਡੀਏ ਵੀ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਮੌਜੂਦਾ ਸੈਸ਼ਨ ਵਿੱਚ ਬੱਚਿਆਂ ਲਈ ਪੂਰੀਆਂ ਕਿਤਾਬਾਂ ਅਜੇ ਤੱਕ ਨਹੀਂ ਭੇਜੀਆਂ ਗਈਆਂ। ਸਕੂਲਾਂ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਦੇ ਕੰਮ ਦੀ ਥਾਂ ਨਿੱਤ ਨਵੇਂ ਡਾਕ ਪੱਤਰਾਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ। ਜ਼ਿਆਦਾਤਰ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ’ਤੇ ਲਾਇਆ ਹੋਇਆ ਹੈ। ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਵੋਟਾਂ ਵਿੱਚ ਡਿਊਟੀ ਲਗਾਈ ਜਾਂਦੀ ਹੈ। ਘਰ-ਘਰ ਅਧਾਰ ਕਾਰਡ ਨਾਲ ਵੋਟ ਕਾਰਡਾਂ ਨੂੰ ਲਿੰਕ ਕਰਨ ਦਾ ਕੰਮ ਵੀ ਅਧਿਆਪਕਾਂ ਤੋਂ ਲਿਆ ਜਾ ਰਿਹਾ ਹੈ।
ਜੀਟੀਯੂ ਆਗੂਆਂ ਨੇ ਕਿਹਾ ਕਿ ਸਰਕਾਰ ਜਿੱਥੇ ਮੁਲਾਜ਼ਮਾਂ ਦੀ ਡੀਏ ਤੇ ਬਕਾਇਆ ਦੱਬੀ ਬੈਠੀ ਹੈ, ਉੱਥੇ ਜ਼ਬਾਨੀ ਹੁਕਮਾਂ ਨਾਲ ਗਰੁੱਪ ਏ,ਬੀ,ਸੀ ਮੁਲਾਜ਼ਮਾਂ ਦੀ ਤਨਖ਼ਾਹਾਂ ਵੀ ਰੋਕ ਦਿੱਤੀਆਂ ਗਈਆਂ ਹਨ। ਜਦੋਂਕਿ ਅੱਗੇ ਤਿੰਨ ਚਾਰ ਸਤੰਬਰ ਨੂੰ ਸਨਿੱਚਰਵਾਰ ਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਤਨਖ਼ਾਹਾਂ ਦੇਣ ਵਿੱਚ ਹੋਰ ਦੇਰ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ ਮੁਲਾਜ਼ਮ ਵਰਗ ਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਮੌਕੇ ਬਿਕਰਮਜੀਤ ਸਿੰਘ ਸ਼ਾਹ ਅੰਮ੍ਰਿਤਸਰ, ਕੰਵਲਜੀਤ ਸੰਗੋਵਾਲ ਜਲੰਧਰ, ਜਤਿੰਦਰ ਸਿੰਘ ਸੋਨੀ ਹੁਸ਼ਿਆਰਪੁਰ, ਗੁਰਜੀਤ ਸਿੰਘ ਮੁਹਾਲੀ, ਐਨਡੀ ਤਿਵਾੜੀ, ਪ੍ਰਗਟ ਸਿੰਘ ਜੰਬਰ ਸ੍ਰੀ ਮੁਕਤਸਰ ਸਾਹਿਬ, ਸੁੱਚਾ ਸਿੰਘ ਚਾਹਲ ਰੂਪਨਗਰ, ਸੋਮ ਸਿੰਘ ਗੁਰਦਾਸਪੁਰ, ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ ਲੁਧਿਆਣਾ, ਲਾਲ ਚੰਦ ਨਵਾਂ ਸ਼ਹਿਰ, ਜਗਤਾਰ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ, ਜਰਨੈਲ ਸਿੰਘ ਜੰਡਾਲੀ, ਰਘਬੀਰ ਸਿੰਘ ਪਟਿਆਲਾ, ਜੰਗ ਬਹਾਦਰ ਸਿੰਘ ਫਰੀਦਕੋਟ ਵੱਲੋਂ ਅਧਿਆਪਕ ਦਿਵਸ ਮੌਕੇ ਸਕੂਲ ਪੱਧਰ ’ਤੇ ਕਾਲਾ ਦਿਨ ਮਨਾਉਣ ਲਈ ਸਮੂਹ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਅਤੇ ਬੱਚਿਆਂ ਦੀ ਸਿੱਖਿਆ ਬਚਾਉਣ ਲਈ ਡੱਟ ਕੇ ਪਹਿਰਾ ਦੇਣ ਦਾ ਹੋਕਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…