ਭਾਜਪਾ ਯੁਵਾ ਮੋਰਚਾ ਨੇ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ’ਤੇ ਚੁੱਕੇ ਸਵਾਲ

ਗਊਸ਼ਾਲਾ ਦੀ ਮਾੜੀ ਹਾਲਤ ਬਾਰੇ ਭਾਜਪਾ ਯੁਵਾ ਮੋਰਚਾ ਨੇ ‘ਆਪ’ ਵਿਧਾਇਕ ਨੂੰ ਦਿੱਤੀ ਸ਼ਿਕਾਇਤ

ਵਿਧਾਇਕ ਦੇ ਕਹਿਣ ’ਤੇ ਸ਼ਿਕਾਇਤ ਕਰਤਾਵਾਂ ਨਾਲ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਨਗਰ ਨਿਗਮ ਦੀ ਟੀਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਭਾਰਤੀ ਜਨਤਾ ਪਾਰਟੀ (ਭਾਜਪਾ) ਯੁਵਾ ਮੋਰਚਾ ਨੇ ਇੱਥੋਂ ਦੇ ਸਨਅਤੀ ਏਰੀਆ ਫੇਜ਼-1 ਸਥਿਤ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਭਾਜਪਾ ਯੁਵਾ ਮੋਰਚਾ ਮੁਹਾਲੀ ਦੇ ਮੀਤ ਪ੍ਰਧਾਨ ਆਸ਼ਮਨ ਅਰੋੜਾ ਅਤੇ ਅਕਸ਼ੈ ਅਰੋੜਾ ਵਾਸੀ ਫੇਜ਼-2 ਨੇ ਕਿਹਾ ਕਿ ਸਰਕਾਰੀ ਗਊਸ਼ਾਲਾ ਦੀ ਹਾਲਤ ਕਾਫ਼ੀ ਮਾੜੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਨੂੰ ਸਮੇਂ ਸਿਰ ਕੋਈ ਵੀ ਫੰਡ, ਗਰਾਂਟਾਂ ਅਤੇ ਲੰਪੀ ਸਕਿਨ ਰੋਗ ਦੀ ਵੈਕਸੀਨ (ਗੋਟ ਪੋਕਸ ਵੈਕਸੀਨ) ਮੁਹੱਈਆ ਨਹੀਂ ਕਰਵਾਈ ਗਈ।
ਵਿਧਾਇਕ ਕੁਲਵੰਤ ਸਿੰਘ ਨੇ ਨੌਜਵਾਨਾਂ ਅਤੇ ਗਊ ਭਗਤਾ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਲਈ ਸੱਦਿਆ ਗਿਆ। ਵਿਧਾਇਕ ਦੇ ਹੁਕਮਾਂ ’ਤੇ ਮੁਹਾਲੀ ਨਗਰ ਨਿਗਮ ਦੇ ਐਸਈ ਨਰੇਸ਼ ਬੱਤਾ, ਐਕਸੀਅਨ ਕਮਲਦੀਪ ਸਿੰਘ ਤੇ ਸੁਨੀਲ ਸ਼ਰਮਾ ਅਤੇ ਸਕੱਤਰ ਰੰਜੀਵ ਕੁਮਾਰ ਨੇ ਸ਼ਿਕਾਇਤ ਕਰਤਾਵਾਂ ਨੂੰ ਨਾਲ ਲੈ ਕੇ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਰਿਪੋਰਟ ਕੀਤੀ।
ਨੌਜਵਾਨਾਂ ਨੇ ਦੱਸਿਆ ਕਿ ਗਊਸ਼ਾਲਾ ਤੱਕ ਵਧੀਆਂ ਸੜਕਾਂ, ਪਾਣੀ ਦੇ ਟਿਊਬਵੈੱਲ ਦੀ ਸਖ਼ਤ ਲੋੜ ਹੈ, ਪ੍ਰੰਤੂ ਗਊਸ਼ਾਲਾ ਨੂੰ ਜਾਣ ਵਾਲੀ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਗਊਸ਼ਾਲਾ ਵਿੱਚ ਪੱਖੇ ਖ਼ਰਾਬ ਹਨ ਅਤੇ ਅੰਦਰ ਦੀ ਸਾਂਭ-ਸੰਭਾਲ, ਹਰੇਕ ਪਸ਼ੂ ਟੈਗ ਨੰਬਰ ਲਗਾਉਣ, ਸਫ਼ਾਈ ਵਿਵਸਥਾ ਵੀ ਬਹੁਤੀ ਚੰਗੀ ਨਹੀਂ ਹੈ। ਹਾਲਾਂਕਿ ਗਊਸ਼ਾਲਾ ਨੂੰ ਪ੍ਰਤੀ ਗਊ ਪ੍ਰਤੀ ਦਿਨ 50 ਰੁਪਏ ਦਿੱਤੇ ਜਾਣੇ ਸਨ ਪ੍ਰੰਤੂ ਮੌਜੂਦਾ ਸਮੇਂ ਵਿੱਚ ਸਿਰਫ਼ 13 ਰੁਪਏ ਪ੍ਰਤੀ ਦਿਨ ਪ੍ਰਤੀ ਪਸ਼ੂ ਮਿਲ ਰਹੇ ਹਨ। ਅਧਿਕਾਰੀਆਂ ਅਤੇ ਗਊਸ਼ਾਲਾ ਸਟਾਫ਼ ਨਾਲ ਲੰਮੀ ਵਿਚਾਰ-ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਲਦੀ ਹੀ ਗਊਸ਼ਾਲਾ ਨੂੰ ਪ੍ਰਤੀ ਪਸ਼ੂ 50 ਰੁਪਏ ਮੁਹੱਈਆ ਕਰਵਾਏ ਜਾਣਗੇ। ਭਾਜਪਾ ਯੁਵਾ ਮੋਰਚਾ ਦੇ ਆਗੂਆਂ ਨੇ ਇਸ ਸਮੱਸਿਆ ਸਬੰਧੀ ਮੁੱਖ ਮੰਤਰੀ, ਮੁੱਖ ਸਕੱਤਰ, ਡੀਸੀ ਮੁਹਾਲੀ, ਸੰਸਦ ਮੈਂਬਰ, ਪਸ਼ੂ ਪਾਲਣ ਵਿਭਾਗ, ਗਊ ਕਮਿਸ਼ਨ ਦੇ ਚੇਅਰਮੈਨ ਨੂੰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ।

ਨੌਜਵਾਨਾਂ ਨੇ ਕਿਹਾ ਕਿ ਗਊਆ ਦੀ ਦੇਖਭਾਲ ਲਈ ਸਾਲ 2016 ਤੋਂ ਨਵੀਂ ਕਾਰ, ਦੋ ਪਹੀਆ ਵਾਹਨ, ਤੇਲ ਟੈਂਕਰ, ਬਿਜਲੀ, ਏਸੀ ਅਤੇ ਨਾਨ-ਏਸੀ ਮੈਰਿਜ ਪੈਲੇਸ ਹਾਲ ਦੀ ਬੁਕਿੰਗ, ਸੀਮਿੰਟ, ਸ਼ਰਾਬ ਦੀ ਬੋਤਲ ਅਤੇ ਹੋਰ ਬਹੁਤ ਚੀਜ਼ਾਂ ਖਰੀਦਣ ਸਮੇਂ ਗਊ ਸੈੱਸ ਵਸੂਲਿਆਂ ਜਾਂਦਾ ਹੈ ਪਰ ਇਹ ਪੈਸਾ ਪਤਾ ਨਹੀਂ ਕਿੱਥੇ ਖ਼ਰਚ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…