Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਜਲਦੀ ਹੀ ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ: ਜੌੜਾਮਾਜਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ: ਪੰਜਾਬ ਦੀ ਆਪ ਸਰਕਾਰ ਵੱਲੋਂ ਰਾਜ ਦੇ ਲੋਕਾਂ ਲਈ ਘਰਾਂ ਨੇੜੇ ਅਤਿ-ਆਧੁਨਿਕ ਸਿਹਤ ਸੇਵਾਵਾਂ ਅਤੇ ਸਹੂਲਤਾਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਮੁਤਾਬਕ ਛੇਤੀ ਹੀ ਪੰਜਾਬ ਵਿੱਚ ਲੋਕਾਂ ਲਈ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਹ ਪ੍ਰਗਟਾਵਾ ਮੁਹਾਲੀ ਏਅਰਪੋਰਟ ਚੌਂਕ ਨੇੜੇ ਕਿਸਾਨ ਵਿਕਾਸ ਭਵਨ ਵਿਖੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ ਡੈਂਟਲ ਕਾਲਜ ਦੇ ਮੈਡੀਕਲ ਅਫ਼ਸਰ (ਡੈਂਟਲ) ਲਈ ਸਾਲਾਨਾ ਰੀ-ਓਰੀਅਨਟੇਸ਼ਨ ਸਿਖਲਾਈ ਸੈਸ਼ਨ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਕਲੀਨਿਕਾਂ ਦੀ ਸ਼ੁਰੂਆਤ ਬਹੁਤ ਛੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੀਤੀ 15 ਅਗਸਤ ਨੂੰ ਸੂਬੇ ਅੰਦਰ ਖੋਲ੍ਹੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਲੋਕ ਬੇਹੱਦ ਖ਼ੁਸ਼ ਹਨ। ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਡਾਕਟਰਾਂ ਲਈ ਅਜਿਹੇ ਓਰੀਐਂਟੇਸ਼ਨ ਪ੍ਰੋਗਰਾਮ ਅਕਸਰ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਨਵੰਬਰ ਵਿੱਚ 34ਵਾਂ ਡੈਂਟਲ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਵਿੱਚ ਸਮੂਹ ਮੈਡੀਕਲ (ਡੈਂਟਲ) ਅਫ਼ਸਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬ ਅਤੇ ਬਾਹਰ ਆਏ ਪੰਜ ਬੁਲਾਰਿਆਂ ਨੇ ਡੈਂਟਿਸਟ੍ਰੀ ਦੇ ਵੱਖ-ਵੱਖ ਵਿਸ਼ਿਆਂ ’ਤੇ ਲੈਕਚਰ ਦਿੱਤੇ। ਇਸ ਦੌਰਾਨ ਡਾ. ਪੂਰਵਾ ਅਰੋੜਾ, ਡਾ. ਗੌਰਵ ਆਹੂਜਾ, ਡਾ. ਰਾਧਿਕਾ ਲੇਖੀ, ਡਾ. ਅੰਕੂਰ ਸ਼ਰਮਾ ਅਤੇ ਡਾ. ਪ੍ਰੀਤ ਸ਼ਰਮਾ ਨੇ ਡੈਂਟਲ ਖੇਤਰ ਦੀਆਂ ਨਵੀਂਆਂ ਤਕਨੀਕਾਂ ਅਤੇ ਖੋਜਾਂ ਬਾਰੇ ਚਾਨਣਾ ਪਾਇਆ। ਹੈਲਥ ਸਰਵਿਸਿਜ਼ ਪੰਜਾਬ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਪੰਜ ਜ਼ਿਲ੍ਹਿਆਂ ਵਿੱਚ ਡੈਂਟਲ ਇੰਪਲਾਟ ਸੈਂਟਰ ਛੇਤੀ ਖੋਲ੍ਹੇ ਜਾਣਗੇ, ਜਿੱਥੇ ਆਮ ਲੋਕਾਂ ਨੂੰ ਡੈਂਟਲ ਇੰਪਲਾਂਟ (ਦੰਦ ਲਗਾਉਣ) ਦੀ ਸਹੂਲਤ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਅਗਲੇ ਵਰ੍ਹੇ ਤੋਂ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸਰਜਰੀ ਕਰਨ ਵਾਲੇ ਮੈਡੀਕਲ (ਡੈਂਟਲ) ਅਫ਼ਸਰ ਨੂੰ ਸਾਲਾਨਾ ਰਿਉਰਿਐਟੇਸ਼ਨ ਟਰੇਨਿੰਗ ਸੈਸ਼ਨ ਦੌਰਾਨ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਪੀਐਚਐਸਸੀ ਦੇ ਐਮਡੀ ਸ੍ਰੀਮਤੀ ਨੀਲਿਮਾ ਸਿੰਘ, ਡਾਇਰੈਕਟਰ ਪਰਿਵਾਰ ਭਲਾਈ ਡਾ. ਰਵਿੰਦਰਪਾਲ ਕੌਰ, ਡਿਪਟੀ ਡਾਇਰੈਕਟਰ ਡੈਂਟਲ ਡਾ. ਸੁਰਿੰਦਰ ਮੱਲ ਅਤੇ ਡਿਪਟੀ ਡਾਇਰੈਕਟਰ ਡਾ. ਜਗਦੀਸ਼ ਸਿੰਘ ਸਮੇਤ ਸਮੂਹ ਜ਼ਿਲ੍ਹਿਆਂ ਦੇ ਮੈਡੀਕਲ ਅਫ਼ਸਰ ਡੈਟਲ ਅਤੇ ਜ਼ਿਲ੍ਹਾ ਡੈਂਟਲ ਅਫ਼ਸਰ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ