ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਪੰਜਾਬ ਦੇ 150 ਉੱਦਮੀ ਕਿਸਾਨਾਂ ਦਾ ਵਿਸ਼ੇਸ਼ ਸਨਮਾਨ

ਪੰਜਾਬ ਭਰ ਤੋਂ ਆਏ ਉੱਦਮੀ ਕਿਸਾਨਾਂ ਨੂੰ ‘ਆਪ’ ਸਰਕਾਰ ਨੇ ਸਨਮਾਨ ਪੱਤਰ ਦੇ ਕੇ ਕੀਤਾ ਸਨਮਾਨਿਤ

ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਅਧਾਰ ਬਣਾ ਕੇ ਖੇਤੀ ਕਰਨ ਦਾ ਹੋਕਾ

ਮੀਤ ਹੇਅਰ ਵੱਲੋਂ ਪਰਾਲੀ ਨਾ ਸਾੜਨ ਦਾ ਸੁਨੇਹਾ ਪਿੰਡ-ਪਿੰਡ, ਘਰ-ਘਰ ਪਹੁੰਚਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਦੀ ਆਪ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਸੂਬਾ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਿਸਾਨ ਵਿਕਾਸ ਚੈਂਬਰ ਮੁਹਾਲੀ ਵਿਖੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਦੀ ਰੱਖਿਆ ਕਰਨ ਵਾਲੇ ਕਰੀਬ 150 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕਿਸਾਨਾਂ ਨੇ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾਵਾਂ ਨੇ ਕਿਹਾ ਕਿ ਕਿਸਾਨਾਂ ਨੇ ਇਹ ਸਾਬਤ ਕਰਤਾ ਕਿ ਬਾਬੇ ਨਾਨਕ ਦੀ ਸਿੱਖਿਆ ’ਤੇ ਚਲ ਕੇ ਵੀ ਖੇਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਅਤੇ ਪ੍ਰਦੂਸ਼ਿਤ ਰਹਿਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਉੱਪਰਲੀ ਪਰਤ ਵਿੱਚ ਮੌਜੂਦ ਹੋਰ ਸੂਖਮ ਜੀਵਾਂ ਦੇ ਨਾਲ-ਨਾਲ ਜੈਵਿਕ ਗੁਣਵੱਤਾ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਨਤੀਜੇ ਵਜੋਂ ਫਸਲਾਂ ਨੂੰ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣਾ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਧੂੰਏਂ ਦਾ ਸਭ ਤੋਂ ਪਹਿਲਾਂ ਨੁਕਸਾਨ ਕਿਸਾਨ ਆਪਣੇ ਪਰਿਵਾਰਾਂ ਅਤੇ ਪਿੰਡਾਂ ਨੂੰ ਪਹੁੰਚਾਉਂਦਾ ਹੈ। ਪ੍ਰਦੂਸ਼ਣ ਕਾਰਨ ਸਿਰਫ਼ ਫੇਫੜਿਆਂ ਨੂੰ ਨੁਕਸਾਨ ਨਹੀਂ ਹੁੰਦਾ ਸਗੋਂ ਹੋਰ ਕਈ ਬਿਮਾਰੀਆਂ ਮਨੁੱਖ ਨੂੰ ਚਿੰਬੜ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦਾ ਰੁੱਖਾਂ ਦੀ ਸੰਭਾਲ ਲਈ ਅੱਗੇ ਆਉਣਾ ਚੰਗੀ ਸ਼ੁਰੂਆਤ ਹੈ ਅਤੇ ਸਰਕਾਰ ਦੀ ਪਹਿਲਕਦਮੀ ਸਦਕਾ ਪੰਜਾਬ ਵਿੱਚ ਥਾਂ-ਥਾਂ ਮਿੰਨੀ ਜੰਗਲ ਲਗਾਏ ਜਾ ਰਹੇ ਹਨ।
ਸਮਾਰੋਹ ਦੌਰਾਨ ਜਿੱਥੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ, ਇਸ ਦੀ ਰੋਕਥਾਮ ਅਤੇ ਸਰਕਾਰ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ, ਉੱਥੇ ਉੱਦਮੀ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਗੁਰਪ੍ਰੀਤ ਸਿੰਘ ਚੰਦਬਾਜਾ, ਸੁਰਜੀਤ ਸਿੰਘ ਸਾਧੂਗੜ੍ਹ, ਰਣਜੀਤ ਸਿੰਘ ਬੱਸੀ ਪਠਾਣਾਂ, ਕਾਬਲ ਸਿੰਘ ਚੁਗਾਵਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ।

ਇਸ ਮੌਕੇ ਸਕੱਤਰ ਰਾਹੁਲ ਤਿਵਾੜੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਅਦਰਸ਼ ਪਾਲ ਵਿਗ, ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਕਰਨੇਸ਼ ਗਰਗ, ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ, ਏਡੀਸੀ ਸ੍ਰੀਮਤੀ ਅਵਨੀਤ ਕੌਰ, ਲਵਨੀਤ ਦੂਬੇ, ਗੁਰਸ਼ਰਨ ਦਾਸ ਗਰਗ ਅਤੇ ਹੋਰ ਅਧਿਕਾਰੀ ਤੇ ਕਿਸਾਨ ਮੌਜੂਦ ਸਨ। ਸਮਾਗਮ ਮੌਕੇ ਪਰਾਲੀ ਦੀ ਅੱਗ ਤੋਂ ਹੋਣ ਵਾਲੇ ਨੁਕਸਾਨ ਬਾਰੇ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…